ਸਾਇੰਸ ਸਿਟੀ ਨੇ ਵਿਗਿਆਨਕ ਸਿੱਖਿਆ ਨੂੰ ਦਿੱਤਾ ਹੁਲਾਰਾ ਵਿਗਿਆਨਕ ਸਿੱਖਿਆ ਨੂੰ ਹੁਲਾਰਾ ਦੇਣ ਲਈ ਸਾਇੰਸ ਸਿਟੀ ਤੇ ਸਿੱਖਿਆ ਸੰਸਥਾਵਾਂ ਇੱਕ ਮੰਚ ’ਤੇ
Publish Date: Thu, 22 Oct 2026 06:45 PM (IST)
Updated Date: Thu, 22 Oct 2026 06:48 PM (IST)
ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਜ਼ਿਲ੍ਹਾ ਸਿੱਖਿਆ ਅਧਿਕਾਰੀਆਂ, ਸਿੱਖਿਆ ਸੰਸਥਾਵਾਂ ਦੇ ਡਾਇਰੈਕਟਰ ਤੇ ਸਕੂਲ ਮੁਖੀਆਂ ਦੀ ਮਿਲਣੀ ਦਾ ਆਯੋਜਨ ਵਿਗਿਆਨ ਦੀ ਪੜ੍ਹਾਈ ਨੂੰ ਵਧੇਰੇ ਦਿਲਚਸਪ, ਰੋਚਕ ਤੇ ਹਰੇਕ ਵਿਦਿਆਰਥੀ ਤੱਕ ਪਹੁੰਚਾਉਣ ਤੇ ਵਿਦਿਅਕ ਅਦਾਰਿਆਂ ਨਾਲ ਸਹਿਯੋਗ ਮਜ਼ਬੂਤ ਕਰਨ ਦੇ ਆਸ਼ੇ ਨਾਲ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ, ਸਿੱਖਿਆ ਸੰਸਥਾਵਾਂ ਦੇ ਡਾਇਰੈਕਟਰ ਤੇ ਸਕੂਲ ਮੁਖੀਆਂ ਦੀ ਇਕ ਮਿਲਣੀ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਆਏ ਹੋਏ ਸਿੱਖਿਆ ਮਹਿਰਾਂ ਨੂੰ ਵਿਗਿਆਨ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਹਿੱਤ ਇੱਥੇ ਬਣਾਈਆਂ ਗਈਆਂ ਪ੍ਰਦਰਸ਼ਨੀਆਂ ਤੇ ਗੈਲਰੀਆਂ ਦੀ ਵਿਜ਼ਿਟ ਕਰਵਾਈ ਗਈ। ਇਸ ਮੌਕੇ ਸਾਰੇ ਮਹਿਮਾਨਾਂ ਨੇ ਅਜਿਹੀਆਂ ਪ੍ਰਦਰਸ਼ਨੀਆਂ ਨੂੰ ਧਿਆਨ ਨਾਲ ਦੇਖਿਆ, ਜਿਨ੍ਹਾਂ ਨਾਲ ਵਿਗਿਆਨਕ ਸਿਧਾਂਤਾ ਨੂੰ ਵਿਵਹਾਰਕ ਤੇ ਪ੍ਰੈਕਟੀਕਲ ਰਾਹੀਂ ਅਸਾਨ ਢੰਗ ਨਾਲ ਸਮਝਾਇਆ ਗਿਆ। ਇਸ ਮੌਕੇ ਲਾਰਜ਼ ਫ਼ਾਰਮੈਟ ਫ਼ਿਲਮ “ਮਿਸ਼ਨ ਮੂਨ” ਦਾ ਸ਼ੋਅ ਵੀ ਦਿਖਾਇਆ ਗਿਆ , ਜਿਸ ਦੌਰਾਨ ਭਾਰਤ ਦੇ ਇਸ ਮਿਸ਼ਨ ਦੀ ਸਫ਼ਲਤਾ ਲਈ ਸਾਹਮਣੇ ਆਈਆਂ ਚੁਣੌਤੀਆਂ ਨੂੰ ਮਹਿਮਾਨਾਂ ਨੇ ਨੇੜਿਓ ਦੇਖਿਆ। ਇਸ ਦੌਰਾਨ ਸਾਰੇ ਮਹਿਰਾਂ ਨੂੰ ਸਾਇੰਸ ਸਿਟੀ ਵਿੱਖੇ ਕੁਝ ਦੇਰ ਪਹਿਲਾਂ ਲਗਾਏ ਗਏ ਨਵੇ ਕੈਪਸੂਲ ਸਿਮੂਲੇਟਰ ਦਾ ਹਮੇਸ਼ਾ ਯਾਦ ਰਹਿਣ ਵਾਲਾ ਤਜਰਬਾ ਵੀ ਦਿੱਤਾ ਗਿਆ। ਇਸ ਮੌਕੇ ਸਾਰੇ ਸਿੱਖਿਆ ਮਾਹਿਰਾਂ ਵੱਲੋਂ ਵਿਗਿਆਨ ਦੀ ਪੜ੍ਹਾਈ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੇ ਕੀਮਤੀ ਸੁਝਾਅ ਵੀ ਦਿੱਤੇ ਗਏ। ਸਾਰੇ ਮਹਿਮਾਨਾਂ ਵੱਲੋਂ ਵਿਗਿਆਨਕ ਸੋਚ ਪੈਦਾ ਕਰਨ ਲਈ ਸਾਇੰਸ ਸਿਟੀ ਵੱਲੋਂ ਮਨਾਏ ਜਾ ਰਹੇ ਮਹੱਤਵਪੂਰਨ ਸਮਾਜਿਕ ਤੇ ਵਿਗਿਆਨਕਾਂ ਦਿਵਸਾਂ ਸਮੇਤ ਕੀਤੇ ਜਾ ਰਹੇ ਦੂਸਰੇ ਪ੍ਰੋਗਰਾਮਾਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਸਾਇੰਸ ਸਿਟੀ ਦੇ ਡਇਰੈਕਟਰ ਡਾ.ਰਾਜੇਸ਼ ਗਰੋਵਰ ਨੇ ਮਿਆਰੀ ਸਿੱਖਿਆ ਲਈ ਸਿੱਖਿਆ ਸੰਸਥਾਵਾਂ ਤੇ ਸਾਇੰਸ ਸਿਟੀ ਵਿਚਾਲੇ ਸਹਿਯੋਗ ਦੀ ਮਹੱਹਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਸਿੱਖਿਆ ਮਾਹਿਰਾਂ ਨੂੰ ਅਪੀਲ ਅਜਿਹੇ ਖੇਤਰਾਂ ਤੇ ਵਿਸ਼ਿਆਂ ਦੀ ਪਛਾਣ ਕੀਤੀ ਜਾਵੇ, ਜਿਨ੍ਹਾਂ ਵਿੱਚ ਸਾਇੰਸ ਸਿਟੀ ਨੂੰ ਸਕੂਲੀ ਬੱਚਿਆਂ ਦੇ ਪਾਠਕ੍ਰਮ ਦਾ ਪ੍ਰਭਾਵਸ਼ਾਲੀ ਹਿੱਸਾ ਬਣਾਇਆ ਜਾ ਸਕੇ। ਇਸ ਨਾਲ ਜਿੱਥੇ ਸਿੱਖਿਆ ਦੇ ਨਤੀਜਿਆਂ ਵਿੱਚ ਸੁਧਾਰ ਹੋਵੇਗਾ, ਉੱਥੇ ਹੀ ਵਿਦਿਅਕ ਪਹੁੰਚ ਨੂੰ ਹੋਰ ਵਧਾਉਣ ਵਿੱਚ ਮਦਦ ਮਿਲੇਗੀ। ਡਾ. ਗਰੋਵਰ ਨੇ ਕਿਹਾ ਕਿ ਸਾਇੰਸ ਸਿਟੀ ਦੀਆਂ ਸਾਰੀਆਂ ਗੈਲਰੀਆਂ, ਪ੍ਰਦਰਸ਼ਨੀਆਂ ਤੇ ਸ਼ੋਅ ਵਿਗਿਆਨ ਦੇ ਗੁੰਝਲਦਾਰ ਸਿਧਾਂਤਾਂ ਨੂੰ ਅਸਾਨ ਢੰਗ ਨਾਲ ਬਿਆਨ ਕਰਦੇ ਹਨ, ਜਿਨ੍ਹਾਂ ਨਾਲ ਵਿਦਿਆਰਥੀਆਂ ਵਿੱਚ ਵਿਗਿਆਨ ਪ੍ਰਤੀ ਜਗਿਆਸਾ ਪੈਦਾ ਹੁੰਦੀ ਹੈ ਤੇ ਉਹ ਨਵੀਨਤਾ ਅਤੇ ਸਿਰਜਣਾਤਮਿਕਤਾ ਵੱਲ ਅਕਰਸ਼ਿਤ ਹੁੰਦੇ ਹਨ।