ਸਰਕਾਰ ਦੀ ਵਿੱਤੀ ਬਦ-ਇੰਤਜ਼ਾਮੀ ਕਾਰਨ ਸਕੂਲਾਂ ਦੇ ਚੁੱਲ੍ਹੇ ਠੰਢੇ ਹੋਣ ਕੰਢੇ : ਡੀਟੀਐੱਫ ਪੰਜਾਬ ਸਰਕਾਰ ਦੀ ਵਿੱਤੀ ਬਦ-ਇੰਤਜ਼ਾਮੀ ਕਾਰਨ ਮਿਡ-ਡੇ-ਮੀਲ ਤਹਿਤ ਸਕੂਲਾਂ ਦੇ ਚੁੱਲ੍ਹੇ ਠੰਢੇ ਹੋਣ ਕਿਨਾਰੇ- ਡੀ.ਟੀ.ਐੱਫ.
Publish Date: Fri, 28 Aug 2026 08:27 PM (IST)
Updated Date: Fri, 28 Aug 2026 08:28 PM (IST)
---ਪਿਛਲੇ ਫੰਡ ਮਾਰਚ ਮਹੀਨੇ ਦੇ ਆਖਰੀ ਹਫਤੇ ਹੋਏ ਸਨ ਜਾਰੀ --ਫੰਡ ਜਾਰੀ ਕਰਨ ਚ ਲਾਪਰਵਾਹੀ ਨੇ ਅਧਿਆਪਕ ਕੀਤੇ ਕਰਜ਼ਦਾਰ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਸਰਕਾਰ ਵੱਲੋਂ ਸੱਤਾ ਸੰਭਾਲਣ ਤੋਂ ਪਹਿਲਾਂ ਵਧੀਆ ਵਿੱਤ ਪ੍ਰਬੰਧਨ ਦੇ ਕੀਤੇ ਵਾਅਦੇ ਖੋਖਲੇ ਸਾਬਤ ਹੋ ਰਹੇ ਹਨ ਜਦੋਂ ਸਕੂਲਾ ਵਿੱਚ ਮਿੱਡ-ਡੇ-ਮੀਲ ਸਕੀਮ ਅਧੀਨ ਸਕੂਲਾਂ ਨੂੰ ਜਾਰੀ ਹੋਣ ਵਾਲੀ ਕੁਕਿੰਗ ਰਾਸ਼ੀ ਪਿਛਲੇ ਚਾਰ ਮਹੀਨਿਆਂ ਤੋਂ ਜਾਰੀ ਨਹੀਂ ਕੀਤੀ ਗਈ ਹੈ। ਇਸ ਸਬੰਧੀ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਅੱਲੂਵਾਲ, ਜਨਰਲ ਸਕੱਤਰ ਤਜਿੰਦਰ ਸਿੰਘ ਤੇ ਸੀਨੀ. ਮੀਤ ਪ੍ਰਧਾਨ ਜੈਮਲ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕ ਮਿਡ-ਡੇ-ਮੀਲ ਤਿਆਰ ਕਰਨ ਲਈ ਲੋੜੀਂਦੇ ਰਾਸ਼ਨ ਲਈ ਪਿਛਲੇ ਚਾਰ ਮਹੀਨਿਆਂ ਤੋਂ ਵਧੇਰੇ ਸਮੇਂ ਤੋਂ ਆਪਣੇ ਪੱਧਰ ਤੇ ਪ੍ਰਬੰਧ ਕਰ ਰਹੇ ਹਨ। ਵਿਭਾਗ ਵੱਲੋਂ ਮਾਰਚ ਮਹੀਨੇ ਦੇ ਆਖਰੀ ਹਫਤੇ ਵਿੱਚ ਭੇਜੇ ਫੰਡਾਂ ਤੋਂ ਬਾਅਦ ਅਧਿਆਪਕਾਂ ਨੇ ਆਪਣੀਆਂ ਜੇਬਾਂ ਵਿੱਚ ਰਾਸ਼ੀ ਖਰਚ ਕਰਕੇ ਤੇ ਦੁਕਾਨਦਾਰਾਂ ਤੋਂ ਉਧਾਰ ਲੈ ਕੇ ਹੁਣ ਤੱਕ ਗੁਜ਼ਾਰਾ ਕੀਤਾ ਹੈ, ਪਰ ਹੁਣ ਅਧਿਆਪਕਾਂ ਤੇ ਦੁਕਾਨਦਾਰਾਂ ਦੋਹਾਂ ਦੇ ਹੱਥ ਖੜ੍ਹੇ ਹੋ ਗਏ ਹਨ। ਦੁਕਾਨਦਾਰਾਂ ਨੇ ਹੋਰ ਉਧਾਰ ਦੇਣ ਤੋਂ ਇਨਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਵੱਲੋਂ ਮੌਸਮੀ ਫਲ ਲਈ ਆਉਂਦੀ ਰਾਸ਼ੀ 5 ਰੁਪਏ ਵੀ ਨਾਕਾਫੀ ਹੈ, ਜਿਸਦਾ ਬੋਝ ਵੀ ਅਧਿਆਪਕਾਂ ਦੀਆ ਜੇਬਾਂ ਤੇ ਹੀ ਪੈਂਦਾ ਹੈ। ਆਗੂਆਂ ਕਿਹਾ ਕਿ ਸਰਕਾਰ ਦਾ ਵਿੱਤੀ ਪ੍ਰਬੰਧਾਂ ਦੀ ਬਦ-ਇੰਤਜ਼ਾਮੀ ਦਾ ਖਮਿਆਜ਼ਾ ਅਧਿਆਪਕਾਂ ਨੂੰ ਭੁਗਤਣਾ ਪੈ ਰਿਹਾ ਹੈ। ਪੰਜਾਬ ਸਰਕਾਰ ਦੀ ਆਰਥਿਕ ਮੰਦਹਾਲੀ ਹੁਣ ਸਿੱਖਿਆ ਪ੍ਰਣਾਲੀ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਵੱਲੋਂ ਸਕੂਲੀ ਸਿੱਖਿਆ ਵਰਗੀਆਂ ਬੁਨਿਆਦੀ ਸੇਵਾਵਾਂ ਲਈ ਵੀ ਸਮੇਂ ਸਿਰ ਫੰਡ ਮੁਹੱਈਆ ਨਾ ਕਰਵਾਏ ਜਾਣਾ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਪੰਜਾਬ ਸਰਕਾਰ ਦਾ ਵਿੱਤੀ ਪ੍ਰਬੰਧ ਪੂਰੀ ਤਰ੍ਹਾਂ ਲੜਖੜ੍ਹਾ ਗਿਆ ਹੈ। ਡੀਟੀਐੱਫ ਦੇ ਜ਼ਿਲ੍ਹਾ ਆਗੂਆਂ ਗੁਰਮੁੱਖ ਲੋਕਪ੍ਰੇਮੀ, ਪਵਨ ਕੁਮਾਰ, ਮਲਕੀਤ ਸਿੰਘ, ਗੌਰਵ ਗਿੱਲ, ਬਲਵਿੰਦਰ ਭੰਡਾਲ, ਬਲਵੀਰ ਸਿੰਘ, ਗੁਰਦੀਪ ਧੰਮ ਤੇ ਅਵਤਾਰ ਸਿੰਘ ਗਿੱਲ ਨੇ ਕਿਹਾ ਕਿ ਇਸ ਵਾਰ ਮਿਡ-ਡੇ-ਮੀਲ ਕੁੱਕ ਵਰਕਰਾਂ ਨੂੰ ਵੀ ਜੁਲਾਈ ਮਹੀਨੇ ਦਾ ਪੁਰਾ ਮਿਹਨਤਾਨਾ ਨਹੀਂ ਦਿੱਤਾ ਗਿਆ ਸਗੋਂ ਦੋ ਹਜ਼ਾਰ ਰੁਪਏ ਹੀ ਦਿੱਤੇ ਗਏ ਹਨ, ਜਿਸ ਕਾਰਣ ਉਨ੍ਹਾਂ ਕੁੱਕ ਵਰਕਰਾਂ ਦੇ ਘਰਾਂ ਦੇ ਚੁੱਲ੍ਹੇ ਵੀ ਠੰਢੇ ਹੋਣ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ। ਆਗੂਆਂ ਦੋਸ਼ ਲਾਇਆ ਕਿਹਾ ਕਿ ਸਰਕਾਰ ਕੋਲ ਇਸ਼ਤਿਹਾਰਬਾਜ਼ੀ ਕਰਨ, ਵੋਟ ਬੈਂਕ ਪੱਕਾ ਕਰਨ ਤੇ ਹੋਰ ਗੈਰ-ਜ਼ਰੂਰੀ ਕੰਮਾਂ ਲਈ ਪੈਸੇ ਦੀ ਕੋਈ ਕਮੀ ਨਹੀਂ ਹੈ, ਪਰ ਸਕੂਲਾਂ ਵਿੱਚ ਨਿਗੂਣੇ ਮਿਹਨਤਾਨੇ ਕੇਵਲ ਤਿੰਨ ਹਜ਼ਾਰ ਰੁਪਏ ਪ੍ਰਤੀ ਮਹੀਨਾ ’ਤੇ ਕੰਮ ਕਰ ਰਹੇ ਵਰਕਰਾਂ ਨੂੰ ਅਧੂਰਾ ਮਿਹਨਤਾਨਾ ਜਾਰੀ ਕਰਨਾ ਨਿਖੇਧੀਯੋਗ ਹੈ। ਆਗੂਆਂ ਮੰਗ ਕੀਤੀ ਕਿ ਮਿਡ-ਡੇ-ਮੀਲ ਤਹਿਤ ਪਿਛਲੇ ਚਾਰ ਮਹੀਨਿਆਂ ਦੀ ਬਕਾਇਆ ਰਾਸ਼ੀ ਤੇ ਕੁੱਕ ਵਰਕਰਾਂ ਦੇ ਰਹਿੰਦੇ ਮਾਣ-ਭੱਤੇ ਦੀ ਅਦਾਇਗੀ ਤੁਰੰਤ ਕੀਤੀ ਜਾਵੇ ਤਾਂ ਜੋ ਮਿਡ ਡੇ ਮੀਲ ਤਹਿਤ ਵਿਦਿਆਰਥੀਆਂ ਦੇ ਪੋਸ਼ਣ ਤੇ ਸਿੱਖਿਆ ਨਾਲ ਜੁੜੀ ਇਸ ਮਹੱਤਵਪੂਰਨ ਯੋਜਨਾ ਨੂੰ ਸਚਾਰੂ ਰੂਪ ਵਿੱਚ ਚਲਾਇਆ ਜਾ ਸਕੇ। ਆਗੂਆਂ ਚੇਤਾਵਨੀ ਦੇਂਦਿਆਂ ਕਿਹਾ ਕਿ ਜੇਕਰ ਕੁਕਿੰਗ ਕਾਸਟ ਜਾਰੀ ਨਾ ਕੀਤੀ ਗਈ ਤਾਂ ਜਥੇਬੰਦੀ ਸਕੂਲਾਂ ਅੰਦਰ ਮਿਡ-ਡੇ-ਮੀਲ ਤਹਿਤ ਖਾਣਾ ਬਣਾਉਣ ਤੋਂ ਹੱਥ ਖਿੱਚਣ ਲਈ ਮਜ਼ਬੂਰ ਹੋਵੇਗੀ ਤੇ ਸਰਕਾਰ ਖਿਲਾਫ ਸੰਘਰਸ਼ ਦਾ ਬਿਗੁਲ ਵਜਾ ਦੇਵੇਗੀ ਜਿਸ ਦੀ ਸਮੁੱਚੀ ਜ਼ਿੰਮੇਵਾਰੀ ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਜਸਵਿੰਦਰ ਸਿੰਘ, ਸੁਖਪਾਲ ਸਿੰਘ, ਜੀਵਨਜੋਤ ਸਿੰਘ ਮੱਲ੍ਹੀ, ਰੋਹਿਤ ਸ਼ਰਮਾ, ਨਰਿੰਦਰ ਭੰਡਾਰੀ, ਵੀਨੂੰ ਸੇਖੜੀ, ਅਮਨਪ੍ਰੀਤ ਕੌਰ, ਹਰਵਿੰਦਰ ਵਿਰਦੀ, ਸੁਰਿੰਦਰਪਾਲ ਸਿੰਘ, ਕਰਮਜੀਤ ਸਿੰਘ, ਪਰਮਜੀਤ ਸਿੰਘ, ਟੀਕਮ ਚੰਦ ਆਦਿ ਅਧਿਆਪਕ ਆਗੂ ਹਾਜ਼ਰ ਸਨ।