ਸਕੂਲੀ ਬੱਚਿਆਂ ਨੂੰ ਮੂੰਹ ਦੇ ਕੈਂਸਰ ਬਾਰੇ ਕੀਤਾ ਜਾਗਰੂਕ ਸਰਕਾਰੀ ਸਕੂਲ ਬੇਗੋਵਾਲ ਵਿੱਖੇ ਸਕੂਲੀ ਬੱਚਿਆਂ ਨੂੰ ਮੂੰਹ ਦੇ ਕੈਂਸਰ ਬਾਰੇ ਕੀਤਾ ਜਾਗਰੂਕ
Publish Date: Tue, 29 Sep 2026 08:39 PM (IST)
Updated Date: Tue, 29 Sep 2026 08:42 PM (IST)
ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ ਬੇਗੋਵਾਲ : ਸਿਵਲ ਸਰਜਨ ਕਪੂਰਥਲਾ ਡਾ. ਰਾਜੀਵ ਪਰਾਸ਼ਰ ਦੇ ਦਿਸ਼ਾ-ਨਿਰਦੇਸ਼ਾਂ ਤੇ ਸੀਨੀਅਰ ਮੈਡੀਕਲ ਅਫਸਰ ਬੇਗੋਵਾਲ ਡਾ. ਗੁਰਪਾਲ ਸਿੰਘ ਦੀ ਰਹਿਨੁਮਈ ਹੇਠ ਸੀਐੱਚਸੀ ਬੇਗੋਵਾਲ ਅਧੀਨ ਆਉਂਦੇ ਸਰਕਾਰੀ ਸਕੂਲ ਬੇਗੋਵਾਲ ਵਿਖੇ ਸਕੂਲੀ ਬੱਚਿਆਂ ਨੂੰ ਮੂਹ ਦੇ ਕੈਂਸਰ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਡਾ. ਗੁਰਪਾਲ ਸਿੰਘ ਨੇ ਬੱਚਿਆਂ ਨੂੰ ਕਿਹਾ ਕਿ ਜੇਕਰ ਤੁਹਾਡੀ ਮੁਸਕਰਾਹਟ ਚੰਗੀ ਹੈ ਤਾਂ ਇਹ ਕਿਸੇ ਦਾ ਦਿਨ ਬਣਾ ਸਕਦੀ ਹੈ। ਇਕ ਚੰਗੀ ਮੁਸਕਰਾਹਟ ਚ ਚਮਕਦਾਰ ਦੰਦ ਚਾਰ ਚੰਨ ਲਗਾਉਣ ਦਾ ਕੰਮ ਕਰਦੇ ਹਨ। ਜੇਕਰ ਤੁਹਾਡੇ ਦੰਦ ਪੀਲੇ ਜਾਂ ਗੰਦੇ ਦਿਖਾਈ ਦਿੰਦੇ ਹਨ, ਤਾਂ ਉਹ ਤੁਹਾਡੇ ਸਾਹਮਣੇ ਵਾਲੇ ਵਿਅਕਤੀ ਨੂੰ ਤੁਹਾਡੇ ਬਾਰੇ ਗਲਤ ਪ੍ਰਭਾਵ ਦਿੰਦੇ ਹਨ। ਇਜ ਮੌਕੇ ਦੰਦਾਂ ਦੇ ਮਾਹਰ ਡਾ. ਪਵਨਪ੍ਰੀਤ ਕੌਰ ਨੇ ਦੱਸਿਆ ਕਿ ਖਰਾਬ ਦੰਦ ਨਾ ਸਿਰਫ ਤੁਹਾਡੀ ਸ਼ਖਸੀਅਤ ਨੂੰ ਖਰਾਬ ਕਰਦੇ ਹਨ ਸਗੋਂ ਕਈ ਬੀਮਾਰੀਆਂ ਦਾ ਕਾਰਨ ਵੀ ਬਣਦੇ ਹਨ। ਜੇਕਰ ਤੁਸੀਂ ਆਪਣੇ ਮੂੰਹ ਦੀ ਸਿਹਤ ਪ੍ਰਤੀ ਲਾਪਰਵਾਹੀ ਰੱਖਦੇ ਹੋ, ਤਾਂ ਇਹ ਨਾ ਸਿਰਫ਼ ਤੁਹਾਡੇ ਦੰਦਾਂ ਨੂੰ ਖਰਾਬ ਕਰੇਗਾ, ਸਗੋਂ ਸਾਹ ਦੀ ਬਦਬੂ, ਕਮਜ਼ੋਰ ਮਸੂੜਿਆਂ ਤੇ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਬਣਦਾ ਹੈ। ਉਨ੍ਹਾਂ ਦੱਸਿਆ ਕਿ ਕਿਸ਼ੋਰ ਅਵਸਥਾ ਵਿਚ ਕਈ ਬੱਚੇ ਤੰਬਾਕੂ ਦਾ ਸੇਵਨ ਕਰਨ ਲੱਗ ਜਾਂਦੇ ਹਨ, ਤੰਬਾਕੂ ਦੀ ਵਰਤੋਂ ਨਾਲ ਮੂੰਹ ਦੀਆਂ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ, ਤੰਬਾਕੂ ਨਾ ਸਿਰਫ਼ ਇਸ ਦਾ ਸੇਵਨ ਕਰਨ ਵਾਲੇ ਲੋਕਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ, ਬਲਕਿ ਇਸ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਤੰਦਰੁਸਤ ਦੰਦਾਂ ਲਈ ਸਾਨੂੰ ਆਪਣੇ ਆਹਾਰ ਵਿੱਚ ਤਾਜ਼ੇ ਫਲ ਸਬਜ਼ੀਆਂ, ਦੁੱਧ ਆਦਿ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਮੌਕੇ ਨੀਤੂ ਸਰੋਆ ਬੀਈਈ, ਸੁਰਿੰਦਰ ਸਿੰਘ, ਤਰਸੇਮ ਸਿੰਘ, ਅਵਤਾਰ ਸਿੰਘ, ਸਤਵਿੰਦਰ ਸਿੰਘ, ਪਵਨ ਕੁਮਾਰ ਆਦਿ ਹਾਜ਼ਰ ਸਨ।