ਸਤਨਾਮ ਮਾਣਕ ਦਾ ਨਵਾਂ ਕਾਵਿ-ਸੰਗ੍ਰਹਿ ‘ਅਹਿਸਾਸ’ ਲੋਕ-ਅਰਪਣ ਲਈ ਤਿਆਰ ਸਤਿਨਾਮ ਮਾਣਕ ਦਾ ਨਵਾਂ ਕਾਵਿ-ਸੰਗ੍ਰਹਿ ‘ਅਹਿਸਾਸ’ ਲੋਕ-ਅਰਪਣ ਲਈ ਤਿਆਰ
Publish Date: Sat, 31 Oct 2026 09:37 PM (IST)
Updated Date: Sat, 31 Oct 2026 09:40 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪੰਜਾਬੀ ਦੇ ਪ੍ਰਸਿੱਧ ਪੱਤਰਕਾਰ, ਸਮਰਪਿਤ ਲੇਖਕ ਤੇ ਕਵੀ ਸਤਨਾਮ ਮਾਣਕ ਦਾ ਨਵਾਂ ਕਵਿਤਾ ਸੰਗ੍ਰਹਿ ‘ਅਹਿਸਾਸ’ ਹੁਣੇ ਜਿਹੇ ਪ੍ਰਕਾਸ਼ਤ ਹੋ ਕੇ ਸਾਹਮਣੇ ਆਇਆ ਹੈ। ਇਹ ਪੁਸਤਕ ਮਾਣਕ ਜੀ ਦੇ ਜ਼ਿੰਦਗੀ ਦੇ ਡੂੰਘੇ ਤਜਰਬਿਆਂ ਤੇ ਸੰਵੇਦਨਸ਼ੀਲ ਅਹਿਸਾਸਾਂ ਦਾ ਅਜਿਹਾ ਪ੍ਰਗਟਾਵਾ ਹੈ, ਜੋ ਅੱਜ ਦੇ ਸਮੇਂ ਦੇ ਕੜਵੇ ਸੱਚ ਨੂੰ ਬੜੀ ਤੀਬਰਤਾ ਨਾਲ ਪੇਸ਼ ਕਰਦਾ ਹੈ। ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਪੱਤਰਕਾਰੀ ਖੇਤਰ ਦੀਆਂ ਰਚਨਾਵਾਂ ਵਕਤੀ ਹੁੰਦੀਆਂ ਹਨ ਤੇ ਲੇਖਕ ਬਹੁਤ ਥੋੜ੍ਹੇ ਸਮੇਂ ਲਈ ਚਰਚਾ ਵਿੱਚ ਰਹਿੰਦੇ ਹਨ, ਪਰ ਸਤਨਾਮ ਮਾਣਕ ਨੇ ਆਪਣੀ ਸੂਖਮ ਵਿਚਾਰਧਾਰਾ ਨਾਲ ਇਸ ਧਾਰਨਾ ਨੂੰ ਵੱਖਰਾ ਮੋੜ ਦਿੱਤਾ ਹੈ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਪ੍ਰਤੀ ਅੰਤਾਂ ਦਾ ਮੋਹ ਰੱਖਣ ਵਾਲੇ ਮਾਣਕ ਜੀ ਨੇ ਜ਼ਿੰਦਗੀ ਵੱਖ-ਵੱਖ ਪੱਖਾਂ ਨੂੰ ਕਵਿਤਾ ਰਾਹੀਂ ਬਹੁਤ ਹੀ ਖੂਬਸੂਰਤ ਢੰਗ ਨਾਲ ਲੋਕਾਂ ਦੇ ਸਾਹਮਣੇ ਲਿਆਂਦਾ ਹੈ। ਉਨ੍ਹਾਂ ਦੀਆਂ ਕਈ ਕਵਿਤਾਵਾਂ ਤੇ ਗਜ਼ਲਾਂ ਨੂੰ ਨਾਮਵਰ ਗਾਇਕਾਂ ਤੇ ਲੇਖਕਾਂ ਦੁਆਰਾ ਗਾਇਆ ਵੀ ਜਾ ਚੁੱਕਾ ਹੈ। ਪੰਜਾਬੀ ਵਿਰਸਾ ਟਰੱਸਟ ਦੇ ਮੁੱਖ ਪ੍ਰਬੰਧਕ ਤੇ ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਦੇ ਪ੍ਰਧਾਨ ਗੁਰਮੀਤ ਸਿੰਘ ਪਲਾਹੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਤਨਾਮ ਮਾਣਕ ਦੇ ਇਸ ਨਵੇਂ ਕਾਵਿ-ਸੰਗ੍ਰਹਿ ਅਹਿਸਾਸ ਦਾ ਸਾਹਿਤਕ ਜਗਤ ਵਿੱਚ ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਕੁੱਝ ਹੀ ਦਿਨਾਂ ਵਿੱਚ ਪੰਜਾਬੀ ਦੇ ਸਿਰਮੌਰ ਲੇਖਕਾਂ ਤੇ ਸਾਹਿਤਕਾਰਾਂ ਵੱਲੋਂ ਇੱਕ ਵਿਸ਼ੇਸ਼ ਸਮਾਗਮ ਦੌਰਾਨ ਇਸ ਪੁਸਤਕ ਨੂੰ ਬਕਾਇਦਾ ਤੌਰ ਤੇ ਲੋਕ-ਅਰਪਣ ਕੀਤਾ ਜਾਵੇਗਾ। ਇਹ ਪੁਸਤਕ ਚੇਤਨਾ ਪ੍ਰਕਾਸ਼ਨ ਨੇ ਛਾਪੀ ਹੈ।