ਸਰਬ ਨੌਜਵਾਨ ਸਭਾ ਨੇ ਬਜ਼ੁਰਗ ਦੀਆਂ ਅੱਖਾਂ ਨੂੰ ਦਿੱਤੀ ਨਵੀਂ ਰੌਸ਼ਨੀ
ਸਰਬ ਨੌਜਵਾਨ ਸਭਾ ਦੇ ‘ਆਓ ਪੁੰਨ ਕਮਾਈਏ’ ਪ੍ਰੋਜੈਕਟ ਨੇ ਬਜੁਰਗ ਮਾਤਾ ਦੀਆਂ ਅੱਖਾਂ ਨੂੰ ਦਿੱਤੀ ਨਵੀਂ ਰੌਸ਼ਨੀ
Publish Date: Sat, 21 Feb 2026 07:00 PM (IST)
Updated Date: Sat, 21 Feb 2026 07:03 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਤੇ ਸਰਬ ਨੌਜਵਾਨ ਵੈੱਲਫੇਅਰ ਸੁਸਾਇਟੀ ਵੱਲੋਂ ਮਨੁੱਖਤਾ ਦੀ ਇਕ ਹੋਰ ਮਿਸਾਲ ਪੇਸ਼ ਕਰਦਿਆਂ ‘ਆਓ ਪੁੰਨ ਕਮਾਈਏ’ ਲੜੀ ਤਹਿਤ ਇਕ ਲੋੜਵੰਦ ਬਜ਼ੁਰਗ ਮਾਤਾ ਦੀ ਅੱਖ ਦਾ ਮੁਫ਼ਤ ਆਪ੍ਰੇਸ਼ਨ ਕਰਵਾਇਆ ਗਿਆ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਤੇ ਪ੍ਰਸਿੱਧ ਉਦਯੋਗਪਤੀ ਜਤਿੰਦਰ ਸਿੰਘ ਕੁੰਦੀ ਵੱਲੋਂ ਪ੍ਰਦਾਨ ਕੀਤੇ ਆਰਥਿਕ ਸਹਿਯੋਗ ਨਾਲ ਅੱਖਾਂ ਦੇ ਮਾਹਿਰ ਡਾ. ਤੁਸ਼ਾਰ ਅਗਰਵਾਲ ਨੇ ਚਿੱਟੇ ਮੋਤੀਏ ਨਾਲ ਪੀੜਤ ਬਜ਼ੁਰਗ ਮਾਤਾ ਵਿਦਿਆ ਦੇਵੀ ਦੀ ਅੱਖ ਦਾ ਸਫਲ ਆਪ੍ਰੇਸ਼ਨ ਕਰਕੇ ਫੋਲਡੇਬਲ ਲੈਂਜ਼ ਪਾਇਆ ਤੇ ਉਨ੍ਹਾਂ ਨੂੰ ਨਵੀਂ ਰੌਸ਼ਨੀ ਦਿੱਤੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਐੱਸਐੱਚਓ ਸਤਨਾਮਪੁਰਾ ਇੰਸਪੈਕਟਰ ਅਮਨਪ੍ਰੀਤ ਕੌਰ ਤੇ ਵਿਸ਼ੇਸ਼ ਮਹਿਮਾਨ ਵਜੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀ ਪ੍ਰਿੰਸੀਪਲ ਮੈਡਮ ਮੀਨੂ ਗੁਪਤਾ ਜਦਕਿ ਗੈਸਟ ਆਫ ਆਨਰ ਦੇ ਤੌਰ ’ਤੇ ਪੰਜਾਬੀ ਸੱਭਿਆਚਾਰ ਪ੍ਰਮੋਟਰ (ਯੂਐੱਸਏ) ਜੱਸੀ ਬੰਗਾ ਨੇ ਹਾਜ਼ਰੀ ਲਗਵਾਈ। ਇੰਸਪੈਕਟਰ ਅਮਨਪ੍ਰੀਤ ਕੌਰ ਨੇ ਨੇਤਰ ਰੋਗੀ ਨੂੰ ਦਵਾਈਆਂ ਭੇਟ ਕਰਦਿਆਂ ਕਿਹਾ ਕਿ ਸਰਬ ਨੌਜਵਾਨ ਸਭਾ ਵੱਲੋਂ ਲੋੜਵੰਦਾਂ ਦੀ ਸਹਾਇਤਾ ਲਈ ਕੀਤੇ ਜਾ ਰਹੇ ਉਪਰਾਲੇ ਮਨੁੱਖਤਾ ਦੀ ਮਿਸਾਲ ਹਨ। ਪ੍ਰਿੰਸੀਪਲ ਮੀਨੂ ਗੁਪਤਾ ਨੇ ਸਭਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖਿਆ ਦੇ ਨਾਲ-ਨਾਲ ਸਮਾਜਿਕ ਜ਼ਿੰਮੇਵਾਰੀ ਨਿਭਾਉਣਾ ਵੀ ਹਰ ਨਾਗਰਿਕ ਦਾ ਫਰਜ਼ ਹੈ ਤੇ ਲੋੜਵੰਦ ਮਰੀਜ਼ਾਂ ਦੀ ਸਿਹਤ ਸੰਭਾਲ ਲਈ ਅੱਗੇ ਆਉਣਾ ਵੱਡੀ ਸੇਵਾ ਹੈ। ਇਸ ਮੌਕੇ ਜੱਸੀ ਬੰਗਾ ਨੇ ਕਿਹਾ ਕਿ ਵਿਦੇਸ਼ਾਂ ਵਿਚ ਵੱਸਦੇ ਲੋਕਾਂ ਦੇ ਦਿਲਾਂ ’ਚ ਪੰਜਾਬ ਵੱਸਦਾ ਹੈ। ਹਰੇਕ ਪ੍ਰਵਾਸੀ ਪੰਜਾਬੀ ਨੂੰ ਆਪਣੇ ਵਤਨ ਨਾਲ ਜੁੜ ਕੇ ਸਮਾਜਿਕ ਸੇਵਾ ਦੇ ਕਾਰਜਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਡਾ. ਤੁਸ਼ਾਰ ਅਗਰਵਾਲ ਨੇ ਹਾਜ਼ਰੀਨ ਨੂੰ ਅੱਖਾਂ ਦੀ ਸੰਭਾਲ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਅੱਖਾਂ ਪਰਮਾਤਮਾ ਦੀ ਦਿੱਤੀ ਸਭ ਤੋਂ ਕੀਮਤੀ ਨੇਮਤ ਹਨ। ਜਦੋਂ ਕੋਈ ਵਿਅਕਤੀ ਦੁਬਾਰਾ ਰੌਸ਼ਨੀ ਵੇਖਦਾ ਹੈ ਤਾਂ ਉਹ ਸਿਰਫ਼ ਅੱਖ ਨਹੀਂ ਖੋਲ੍ਹਦਾ, ਸਗੋਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਦਾ ਹੈ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਸਮੂਹ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਭਰੋਸਾ ਦਿੱਤਾ ਕਿ ਭਵਿੱਖ ਵਿਚ ਵੀ ਸਿਹਤ ਸਹਾਇਤਾ ਕੈਂਪ ਤੇ ਸਮਾਜ ਭਲਾਈ ਦੇ ਪ੍ਰੋਗਰਾਮ ਜਾਰੀ ਰਹਿਣਗੇ। ਮਾਤਾ ਵਿਦਿਆ ਦੇਵੀ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਸਰਬ ਨੌਜਵਾਨ ਸਭਾ ਤੇ ਡਾ. ਤੁਸ਼ਾਰ ਅਗਰਵਾਲ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਡਾ. ਵਿਜੇ ਕੁਮਾਰ, ਪ੍ਰਿਤਪਾਲ ਕੌਰ ਤੁਲੀ (ਕੌਂਸਲਰ), ਉਪ ਪ੍ਰਧਾਨ ਰਵਿੰਦਰ ਸਿੰਘ ਰਾਏ, ਲੈਕਚਰਾਰ ਹਰਜਿੰਦਰ ਗੋਗਨਾ, ਸਮਾਜ ਸੇਵਕ ਮਦਨ ਲਾਲ ਕੋਰੋਟਾਨੀਆ, ਆਰਪੀ ਸ਼ਰਮਾ, ਜਗਜੀਤ ਸੇਠ ਮੈਨੇਜਰ, ਨਰਿੰਦਰ ਸਿੰਘ ਸੈਣੀ, ਗੁਰਦੀਪ ਸਿੰਘ ਤੁਲੀ ਸੀਨੀਅਰ ਆਪ ਆਗੂ, ਵਿਨੋਦ ਭਾਸਕਰ ਆਪ ਆਗੂ, ਗੁਲਸ਼ਨ ਕਪੂਰ, ਰਣਜੀਤ ਸਿੰਘ ਬੇਦੀ, ਅਨੂਪ ਦੁੱਗਲ, ਸੁਦਾ ਬੇਦੀ, ਗੁਰਜੀਤ ਕੌਰ, ਸੁਖਪ੍ਰੀਤ ਕੌਰ ਆਦਿ ਹਾਜ਼ਰ ਸਨ।