ਨੇਤਰਹੀਣ ਬਿਰਧ ਆਸ਼ਰਮ ’ਚ ਮਨਾਇਆ ਕੌਮੀ ਬਜ਼ੁਰਗ ਦਿਵਸ ਸਰਬ ਨੌਜਵਾਨ ਸਭਾ ਤੇ ਮਾਈ ਭਾਰਤ ਕਪੂਰਥਲਾ ਨੇ ਨੇਤਰਹੀਣ ਬਿਰਧ ਆਸ਼ਰਮ ਸਪਰੋੜ ਵਿਖੇ ਮਨਾਇਆ ਕੌਮੀ ਬਜ਼ੁਰਗ ਦਿਵਸ
Publish Date: Thu, 01 Oct 2026 07:33 PM (IST)
Updated Date: Thu, 01 Oct 2026 07:36 PM (IST)
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ ਫਗਵਾੜਾ : ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਤੇ ਮਾਈ ਭਾਰਤ ਕਪੂਰਥਲਾ ਵੱਲੋਂ ਕੌਮੀ ਬਜ਼ੁਰਗ ਦਿਵਸ ਮੌਕੇ ਗੁਰੂ ਨਾਨਕ ਮਿਸ਼ਨ ਨੇਤਰਹੀਣ ਬਿਰਧ ਆਸ਼ਰਮ, ਸਪਰੋੜ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਬਜ਼ੁਰਗਾਂ ਪ੍ਰਤੀ ਪਿਆਰ, ਸਤਿਕਾਰ ਤੇ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਦਾ ਸੁਨੇਹਾ ਦਿੱਤਾ ਗਿਆ। ਸਮਾਗਮ ਦੀ ਪ੍ਰਧਾਨਗੀ ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਕੀਤੀ, ਜਦਕਿ ਪ੍ਰੋਗਰਾਮ ਮਾਈ ਭਾਰਤ ਕਪੂਰਥਲਾ ਦੀ ਜ਼ਿਲ੍ਹਾ ਯੂਥ ਅਫਸਰ ਮੈਡਮ ਗਗਨਦੀਪ ਕੌਰ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਇਸ ਮੌਕੇ ਅਲਾਇੰਸ ਇੰਟਰਨੈਸ਼ਨਲ ਦੇ ਡਾਇਰੈਕਟਰ ਜਤਿੰਦਰ ਸਿੰਘ ਕੁੰਦੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਬਿਰਧ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨਾਲ ਸਮਾਂ ਬਿਤਾਇਆ। ਇਸ ਦੌਰਾਨ ਬਜ਼ੁਰਗਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਮੁੱਖ ਮਹਿਮਾਨ ਜਤਿੰਦਰ ਸਿੰਘ ਕੁੰਦੀ ਨੇ ਕਿਹਾ ਕਿ ਬਜ਼ੁਰਗ ਸਾਡੇ ਪਰਿਵਾਰਾਂ ਤੇ ਸਮਾਜ ਦੀ ਅਨਮੋਲ ਵਿਰਾਸਤ ਹਨ। ਉਨ੍ਹਾਂ ਦੀ ਜ਼ਿੰਦਗੀ ਦਾ ਤਜਰਬਾ ਨੌਜਵਾਨ ਪੀੜ੍ਹੀ ਲਈ ਵੱਡੀ ਪ੍ਰੇਰਣਾ ਹੈ। ਬਜ਼ੁਰਗਾਂ ਦੀ ਸੇਵਾ ਕਰਨਾ ਸਿਰਫ਼ ਸਮਾਜਿਕ ਜ਼ਿੰਮੇਵਾਰੀ ਹੀ ਨਹੀਂ, ਸਗੋਂ ਸਾਡੀ ਸੱਭਿਆਚਾਰਕ ਤੇ ਨੈਤਿਕ ਜ਼ਿੰਮੇਵਾਰੀ ਵੀ ਹੈ। ਅੱਜ ਲੋੜ ਹੈ ਕਿ ਨੌਜਵਾਨ ਪੀੜ੍ਹੀ ਆਪਣੇ ਬਜ਼ੁਰਗਾਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਏ ਤੇ ਉਨ੍ਹਾਂ ਦੀਆਂ ਲੋੜਾਂ ਨੂੰ ਸਮਝਦਿਆਂ ਉਨ੍ਹਾਂ ਦਾ ਸਹਾਰਾ ਬਣੇ। ਉਨ੍ਹਾਂ ਸਰਬ ਨੌਜਵਾਨ ਸਭਾ ਅਤੇ ਮਾਈ ਭਾਰਤ ਕਪੂਰਥਲਾ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਸਮਾਜ ਵਿੱਚ ਸੇਵਾ ਅਤੇ ਸਤਿਕਾਰ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ। ਜ਼ਿਲ੍ਹਾ ਯੂਥ ਅਫਸਰ ਕਪੂਰਥਲਾ ਗਗਨਦੀਪ ਕੌਰ ਨੇ ਕਿਹਾ ਕਿ ਮਾਈ ਭਾਰਤ ਵੱਲੋਂ ਨੌਜਵਾਨਾਂ ਨੂੰ ਸਮਾਜ ਸੇਵਾ ਨਾਲ ਜੋੜਨ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਬਜ਼ੁਰਗਾਂ ਦੀ ਸੇਵਾ ਤੇ ਸਨਮਾਨ ਵਰਗੇ ਉਪਰਾਲੇ ਨੌਜਵਾਨਾਂ ਵਿੱਚ ਸੰਵੇਦਨਸ਼ੀਲਤਾ, ਜ਼ਿੰਮੇਵਾਰੀ ਤੇ ਮਨੁੱਖਤਾ ਦੀ ਭਾਵਨਾ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਪ੍ਰਧਾਨ ਸੁਖਵਿੰਦਰ ਸਿੰਘ ਨੇ ਬਜੁਰਗਾਂ ਪ੍ਰਤੀ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਬਜ਼ੁਰਗਾਂ ਦਾ ਸਤਿਕਾਰ ਸਾਡੀ ਪੰਜਾਬੀ ਤੇ ਸਿੱਖ ਸੱਭਿਆਚਾਰਕ ਵਿਰਾਸਤ ਦਾ ਅਹਿਮ ਹਿੱਸਾ ਹੈ। ਸਮਾਗਮ ਦੇ ਅਖੀਰ ਵਿੱਚ ਸਰਬ ਨੌਜਵਾਨ ਸਭਾ ਤੇ ਮਾਈ ਭਾਰਤ ਕਪੂਰਥਲਾ ਵੱਲੋਂ ਬਜ਼ੁਰਗਾਂ ਦੀ ਸੇਵਾ ਤੇ ਸਨਮਾਨ ਲਈ ਅਜਿਹੇ ਉਪਰਾਲੇ ਭਵਿੱਖ ਵਿੱਚ ਵੀ ਜਾਰੀ ਰੱਖਣ ਦਾ ਸੰਕਲਪ ਪ੍ਰਗਟ ਕੀਤਾ ਗਿਆ। ਇਸ ਮੌਕੇ ਆਸ਼ਰਮ ਦੇ ਪ੍ਰਧਾਨ ਪਰਮਜੀਤ ਸਿੰਘ ਮਾਨ, ਜਨਰਲ ਸਕੱਤਰ ਡਾ. ਵਿਜੈ ਕੁਮਾਰ, ਉਪ ਪ੍ਰਧਾਨ ਰਵਿੰਦਰ ਸਿੰਘ ਰਾਏ, ਸੀਨੀਅਰ ਆਪ ਆਗੂ ਗੁਰਦੀਪ ਸਿੰਘ ਤੁਲੀ, ਰਣਜੀਤ ਸਿੰਘ ਬੇਦੀ, ਚਰਨਜੀਤ ਸ਼ੇਰਗਿੱਲ, ਪਰਮਜੀਤ ਰਾਏ, ਜਗਜੀਤ ਸੇਠ, ਬਾਬਾ ਮੁਖਤਿਆਰ ਸਿੰਘ, ਗਣੇਸ਼ ਸਿੰਘ, ਭਾਈ ਨਿਹਾਲ ਸਿੰਘ, ਭਾਈ ਅਮਰਜੀਤ ਸਿੰਘ, ਜਸਪਾਲ ਸਿੰਘ, ਸੁਖਦੇਵ ਸਿੰਘ ਬਾਹੀਆ, ਸਰਬਜੀਤ ਕੌਰ, ਤਰਸੇਮ ਸਿੰਘ ਆਦਿ ਹਾਜ਼ਰ ਸਨ।