12 ਨੂੰ ਅੰਮ੍ਰਿਤਸਰ ’ਚ ਮਨਾਇਆ ਜਾਵੇਗਾ ਸਾਰਾਗੜ੍ਹੀ ਦਿਵਸ ਸਾਰਾਗੜ੍ਹੀ ਫਾਊਂਡੇਸ਼ਨ ਵੱਲੋਂ 12 ਸਤੰਬਰ ਨੂੰ ਅੰਮ੍ਰਿਤਸਰ ਵਿਖੇ ਮਨਾਇਆ ਜਾਵੇਗਾ ਸਾਰਾਗੜ੍ਹੀ ਦਿਵਸ
Publish Date: Thu, 10 Sep 2026 06:53 PM (IST)
Updated Date: Thu, 10 Sep 2026 06:55 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਸਾਰਾਗੜ੍ਹੀ ਫਾਊਂਡੇਸ਼ਨ ਵੱਲੋਂ 12 ਸਤੰਬਰ ਨੂੰ ਅੰਮ੍ਰਿਤਸਰ ਵਿਖੇ ਸਾਰਾਗੜ੍ਹੀ ਦੇ ਅਮਰ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਯਾਦਗਾਰੀ ਦਿਹਾੜੇ ਦੀ ਸ਼ੁਰੂਆਤ ਸਵੇਰੇ 6:30 ਵਜੇ ਸਾਰਾਗੜ੍ਹੀ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਨਾਲ ਹੋਵੇਗੀ, ਜਿਸ ਤੋਂ ਬਾਅਦ ਗੁਰਬਾਣੀ ਕਥਾ-ਕੀਰਤਨ ਹੋਵੇਗਾ ਤੇ ਸ਼ਹੀਦ ਪਰਿਵਾਰਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਜਾਵੇਗਾ। ਇਸ ਤੋਂ ਬਾਅਦ ਮੁੱਖ ਸਮਾਗਮ ਅੰਮ੍ਰਿਤਸਰ ਦੇ ਗੋਲਡਨ ਗੇਟ ਵਿਖੇ ਸਵੇਰੇ 10:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਆਯੋਜਿਤ ਹੋਵੇਗਾ। ਗੋਲਡਨ ਗੇਟ ਵਿਖੇ ਅਸਲ ਜੰਗ-ਏ-ਮੈਦਾਨ ਦੀ ਰੈਪਲਿਕਾ, 21 ਸਿੱਖ ਯੋਧਿਆਂ ਤੇ 22ਵੇਂ ਖੁਦਾਦਾਦ ਦੇ ਬੁੱਤ, ਸਮਾਨਾ ਰੇਂਜ ’ਤੇ ਹੋਏ ਅੰਤਿਮ ਸੰਸਕਾਰ ਦੀ ਰੈਪਲਿਕਾ ਤੇ ਅਫ਼ਗਾਨਿਸਤਾਨ-ਪਾਕਿਸਤਾਨ ਸਰਹੱਦ ਦੀ ਮੀਨਾਰ ਸਮੇਤ ਸਾਰਾਗੜ੍ਹੀ ਪਾਰਕ ਤਿਆਰ ਕੀਤਾ ਗਿਆ ਹੈ, ਜਿੱਥੇ ਇਹ ਸ਼ਰਧਾਂਜਲੀ ਸਮਾਗਮ ਹੋਵੇਗਾ। ਇਸ ਸਮਾਗਮ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਗੁਰੂ ਦੀਆਂ ਬੱਚੀਆਂ ਦਾ ਸਕੂਲ ਬੈਂਡ ਤੇ ਦੋ ਹੋਰ ਸਕੂਲਾਂ ਦੇ ਐੱਨਸੀਸੀ ਕੈਡੇਟ ਵਿਸ਼ੇਸ਼ ਤੌਰ ’ਤੇ ਭਾਗ ਲੈਣਗੇ। ਸਮਾਗਮ ਵਿੱਚ ਅੰਮ੍ਰਿਤਸਰ ਦੇ ਮੇਅਰ ਮੋਤੀ ਭਾਟੀਆ, ਪੁਲਿਸ ਕਮਿਸ਼ਨਰ ਤੇ ਹੋਰ ਮੁੱਖ ਸ਼ਖ਼ਸੀਅਤਾਂ ਹਾਜ਼ਰੀ ਭਰਨਗੀਆਂ। ਇਸ ਤੋਂ ਇਲਾਵਾ 36 ਸਿੱਖ ਰੈਜੀਮੈਂਟ (ਮੌਜੂਦਾ 4 ਸਿੱਖ ਰੈਜੀਮੈਂਟ) ਦੇ ਕੈਪਟਨ ਤੇ ਮੇਜਰ ਰੈਂਕ ਦੇ ਅਧਿਕਾਰੀ ਵੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ। ਸਾਰਾਗੜ੍ਹੀ ਫਾਊਂਡੇਸ਼ਨ ਦੇ ਮੁੱਖੀ ਗੁਰਿੰਦਰਪਾਲ ਜੋਸਨ ਯੂਐੱਸਏ ਨੇ ਸਮੂਹ ਸੰਗਤਾਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।