ਸਰਬ ਨੌਜਵਾਨ ਸਭਾ ਨੇ ਤਿਆਰੀਆਂ ਦਾ ਲਿਆ ਜਾਇਜ਼ਾ ਸਰਬ ਨੌਜਵਾਨ ਸਭਾ ਨੇ ਮੀਟਿੰਗ ਦੌਰਾਨ 36ਵੇਂ ਸਮੂਹਿਕ ਵਿਆਹਾਂ ਸਮਾਗਮ ਦੀਆਂ ਤਿਆਰੀਆਂ ਦਾ ਲਿਆ ਜਾਇਜਾ
Publish Date: Tue, 22 Sep 2026 07:35 PM (IST)
Updated Date: Tue, 22 Sep 2026 07:36 PM (IST)
ਹਰੀਸ਼ ਭੰਡਾਰੀ ਪੰਜਾਬੀ ਜਾਗਰਣ ਫਗਵਾੜਾ : ਸਰਬ ਨੌਜਵਾਨ ਸਭਾ (ਰਜਿ.) ਤੇ ਸਰਬ ਨੌਜਵਾਨ ਵੈੱਲਫੇਅਰ ਸੁਸਾਇਟੀ (ਰਜਿ.) ਫਗਵਾੜਾ ਵੱਲੋਂ ਹਰ ਸਾਲ ਦੀ ਤਰ੍ਹਾਂ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਸਮੂਹਿਕ ਵਿਆਹ ਕਰਵਾਉਣ ਦੀ ਲੜੀ ਤਹਿਤ 11 ਅਕਤੂਬਰ, ਦਿਨ ਐਤਵਾਰ ਨੂੰ ਗੁਰੂ ਨਾਨਕ ਮਿਸ਼ਨ ਨੇਤਰਹੀਣ ਬਿਰਧ ਆਸ਼ਰਮ, ਸਪਰੋੜ ਵਿਖੇ ਕਰਵਾਏ ਜਾ ਰਹੇ 36ਵੇਂ ਸਮੂਹਿਕ ਵਿਆਹ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਇਸ ਸਬੰਧੀ ਮੀਟਿੰਗ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਮੈਂਬਰ ਪਾਰਲੀਮੈਂਟ ਤੇ ‘ਆਪ’ ਪਾਰਟੀ ਦੇ ਹਲਕਾ ਇੰਚਾਰਜ ਫਗਵਾੜਾ ਡਾ. ਰਾਜ ਕੁਮਾਰ ਚੱਬੇਵਾਲ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਉਨ੍ਹਾਂ ਨੇ ਸਮਾਗਮ ਦੀਆਂ ਤਿਆਰੀਆਂ ਸਬੰਧੀ ਪ੍ਰਬੰਧਕਾਂ ਨਾਲ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਦੌਰਾਨ ਮੇਅਰ ਫਗਵਾੜਾ ਰਾਮਪਾਲ ਉੱਪਲ ਤੇ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸੇ ਦੌਰਾਨ ਡਾ. ਰਾਜ ਕੁਮਾਰ ਚੱਬੇਵਾਲ ਦੇ ਜਨਮ ਦਿਨ ਦੀ ਖੁਸ਼ੀ ਵੀ ਸਾਂਝੀ ਕੀਤੀ ਗਈ। ਸਭਾ ਵਲੋਂ ਜਨਮ ਦਿਨ ਦਾ ਕੇਕ ਕੱਟ ਕੇ ਡਾ. ਚੱਬੇਵਾਲ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ ਗਈਆਂ। ਗਾਇਕ ਜਗਜੀਤ ਸਿੰਘ ਅਤੇ ਵੋਕੇਸ਼ਨਲ ਸੈਂਟਰ ਦੀਆਂ ਸਿੱਖਿਆਰਥਣਾਂ ਨੇ ਵੀ ਖੁਸ਼ੀ ਦੇ ਮਾਹੌਲ ਵਿੱਚ ਜਨਮਦਿਨ ਦੇ ਗੀਤ ਗਾ ਕੇ ਡਾ. ਚੱਬੇਵਾਲ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਡਾ. ਰਾਜ ਕੁਮਾਰ ਚੱਬੇਵਾਲ ਨੇ ਸਰਬ ਨੌਜਵਾਨ ਸਭਾ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਲੋੜਵੰਦ ਧੀਆਂ ਦੇ ਸਮੂਹਿਕ ਵਿਆਹ ਕਰਵਾਉਣ ਲਈ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਭਾ ਨੂੰ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਕਰਵਾਉਣਾ ਇੱਕ ਬਹੁਤ ਹੀ ਨੇਕ ਤੇ ਮਹੱਤਵਪੂਰਨ ਸਮਾਜਿਕ ਸੇਵਾ ਹੈ ਤੇ ਅਜਿਹੇ ਕਾਰਜਾਂ ਵਿੱਚ ਸਹਿਯੋਗ ਦੇਣਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਮੇਅਰ ਰਾਮਪਾਲ ਉੱਪਲ ਨੇ ਕਿਹਾ ਕਿ ਸਰਬ ਨੌਜਵਾਨ ਸਭਾ ਵੱਲੋਂ ਲੋੜਵੰਦ ਧੀਆਂ ਦੇ ਸਮੂਹਿਕ ਵਿਆਹ ਕਰਵਾਉਣ ਦੀ ਪਰੰਪਰਾ ਲੰਮੇ ਸਮੇਂ ਤੋਂ ਜਾਰੀ ਹੈ ਤੇ ਇਸ ਉਪਰਾਲੇ ਨਾਲ ਕਈ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੀ ਹੈ। ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਵੀ ਸਭਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਧੀਆਂ ਦੇ ਵਿਆਹ ਨੂੰ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਸਮਝ ਕੇ ਅੱਗੇ ਆਉਣਾ ਸਮੇਂ ਦੀ ਲੋੜ ਹੈ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਭਾ ਵੱਲੋਂ ਪਿਛਲੇ 35 ਸਾਲਾਂ ਤੋਂ ਲਗਾਤਾਰ ਲੋੜਵੰਦ ਧੀਆਂ ਦੇ ਸਮੂਹਿਕ ਵਿਆਹ ਕਰਵਾਏ ਜਾ ਰਹੇ ਹਨ। ਉਨ੍ਹਾਂ ਸਮਾਜ ਦੇ ਦਾਨੀ ਸੱਜਣਾਂ, ਐੱਨਆਰਆਈ ਭਰਾਵਾਂ, ਸਮਾਜ ਸੇਵੀਆਂ ਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮਹਾਨ ਕਾਰਜ ਵਿੱਚ ਆਪਣਾ ਯੋਗਦਾਨ ਪਾਉਣ। ਮੰਚ ਸੰਚਾਲਨ ਦੀ ਭੂਮਿਕਾ ਹਰਜਿੰਦਰ ਗੋਗਨਾ ਨੇ ਬਾਖੂਬੀ ਨਿਭਾਈ। ਇਸ ਮੌਕੇ ਸਵਰਨ ਸਿੰਘ ਸਵਰਨ ਸਵੀਟ, ਡਾ. ਵਿਜੇ ਕੁਮਾਰ ਜਨਰਲ ਸਕੱਤਰ, ਰਵਿੰਦਰ ਸਿੰਘ ਰਾਏ ਉਪ ਪ੍ਰਧਾਨ, ਰਾਜ ਸੰਧੂ ਕਵੀ, ਜਗਜੀਤ ਸੇਠ, ਰਣਜੀਤ ਸਿੰਘ ਬੇਦੀ, ਗੁਰਦੀਪ ਸਿੰਘ ਤੁਲੀ, ਪਰਮਜੀਤ ਰਾਏ, ਰਮਨ ਨੇਹਰਾ, ਅਨੂਪ ਦੁੱਗਲ, ਨੀਰਜ ਕੁਮਾਰ, ਬਖਸ਼ਿਸ਼ ਰਾਮ ਸੇਵਾਮੁਕਤ ਐੱਸਡੀਓ, ਆਸ਼ੂ ਬੱਗਾ, ਸੁੱਖਪ੍ਰੀਤ ਕੌਰ, ਗੁਰਜੀਤ ਕੌਰ, ਨਵਜੋਤ ਕੌਰ, ਜਸਪ੍ਰੀਤ ਕੌਰ ਸਮੇਤ ਬਲਜੀਤ, ਸੁਹਾਨੀ, ਮਨਪ੍ਰੀਤ ਕੌਰ, ਮਨੀਸ਼ਾ, ਮਾਨਸੀ, ਮਾਨਵੀ, ਹਰਲੀਨ, ਨਿਸ਼ਾ, ਖੁਸ਼ੀ, ਅੰਜਲੀ, ਕਿਰਨਦੀਪ, ਮਨਦੀਪ, ਟਵਿੰਕਲ, ਤਨੀਸ਼ਾ, ਨੇਹਾ, ਪੂਜਾ ਰਾਣੀ, ਮਨਿੰਦਰ, ਕੋਮਲ, ਸੰਜਨਾ ਤੇ ਪੂਜਾ ਕੁਮਾਰੀ ਆਦਿ ਵੱਡੀ ਗਿਣਤੀ ਵਿੱਚ ਸੈਂਟਰ ਦੀਆਂ ਸਿਖਿਆਰਥਣਾਂ ਤੇ ਸਭਾ ਨਾਲ ਜੁੜੇ ਮੈਂਬਰ ਹਾਜ਼ਰ ਸਨ।