ਅਲਾਇੰਸ ਕਲੱਬ ਫਗਵਾੜਾ ਰਾਇਲ ਨੇ ਬੂਟੇ ਲਗਾਏ ਸਥਾਨਕ ਕਾਲਜ ਵਿਖੇ ਅਲਾਇੰਸ ਕਲੱਬ ਫਗਵਾੜਾ ਰਾਇਲ ਵੱਲੋਂ ਬੂਟੇ ਲਗਾਏ
Publish Date: Mon, 31 Aug 2026 07:08 PM (IST)
Updated Date: Mon, 31 Aug 2026 07:10 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਵਾਤਾਵਰਣ ਦੀ ਸੰਭਾਲ ਤੇ ਹਰਿਆਵਲ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਅਲਾਇੰਸ ਕਲੱਬ ਫਗਵਾੜਾ ਰਾਇਲ ਵੱਲੋਂ ਗੁਰੂ ਨਾਨਕ ਕਾਲਜ, ਫਗਵਾੜਾ ਵਿਖੇ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ। ਇਸ ਮੌਕੇ ਕਾਲਜ ਦੇ ਗਰਾਊਂਡ ਵਿੱਚ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਗਏ। ਇਸ ਬੂਟੇ ਲਗਾਉਣ ਦੇ ਪ੍ਰਾਜੈਕਟ ਨੂੰ ਕਾਲਜ ਸਟਾਫ਼ ਦੇ ਸਹਿਯੋਗ ਨਾਲ ਨੇਪਰੇ ਚਾੜ੍ਹਿਆ ਗਿਆ। ਇਸ ਮੌਕੇ ਅਲਾਇੰਸ ਕਲੱਬ ਫਗਵਾੜਾ ਰਾਇਲ ਦੇ ਮੈਂਬਰ ਐਲੀ ਡਾ. ਜੇਐੱਸ ਕੁੰਦੀ, ਐਲੀ ਪਦਮ ਲਾਲ ਜੀਵੀਡੀਜੀ-1, ਪ੍ਰਧਾਨ ਐਲੀ ਕਰਨ ਸੋਂਧੀ ਤੇ ਐਲੀ ਪੰਕਜ ਠਾਕੁਰ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਮੌਕੇ ਐਡਵੋਕੇਟ ਐਲੀ ਵਰੁਣ ਕੁਮਾਰ ਵਧਾਵਨ ਨੇ ਕਿਹਾ ਕਿ ਬੂਟੇ ਲਗਾਉਣਾ ਸਿਰਫ਼ ਇੱਕ ਸਮਾਜਿਕ ਕਾਰਜ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰੇ ਤੇ ਸਿਹਤਮੰਦ ਵਾਤਾਵਰਣ ਦੀ ਨੀਂਹ ਰੱਖਣ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਅੱਜ ਲਗਾਇਆ ਗਿਆ ਹਰ ਇੱਕ ਬੂਟਾ ਭਵਿੱਖ ਵਿੱਚ ਛਾਂ, ਆਕਸੀਜਨ ਤੇ ਹਰਿਆਵਲ ਦਾ ਸਰੋਤ ਬਣੇਗਾ। ਇਸ ਲਈ ਹਰੇਕ ਵਿਅਕਤੀ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸੰਭਾਲ ਦੀ ਜ਼ਿੰਮੇਵਾਰੀ ਵੀ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਲਈ ਸਮਾਜਿਕ ਸੰਸਥਾਵਾਂ, ਵਿੱਦਿਅਕ ਅਦਾਰਿਆਂ ਤੇ ਆਮ ਲੋਕਾਂ ਨੂੰ ਮਿਲ ਕੇ ਅਜਿਹੀਆਂ ਮੁਹਿੰਮਾਂ ਨੂੰ ਲਗਾਤਾਰ ਅੱਗੇ ਵਧਾਉਣਾ ਚਾਹੀਦਾ ਹੈ। ਅੰਤ ਵਿੱਚ ਕਲੱਬ ਮੈਂਬਰਾਂ ਵੱਲੋਂ ਇਸ ਪ੍ਰਾਜੈਕਟ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਵਾਲੇ ਸਮੂਹ ਕਾਲਜ ਸਟਾਫ਼ ਤੇ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।