ਰਾਜ ਸਭਾ ’ਚ ਸੰਤ ਸੀਚੇਵਾਲ ਨੇ ਗੁਣਵੱਤਾ ਭਰੀ ਸਿੱਖਿਆ ਦਾ ਚੁੱਕਿਆ ਮੁੱਦਾ ਰਾਜ ਸਭਾ ਵਿੱਚ ਸੰਤ ਸੀਚੇਵਾਲ ਨੇ ਗੁਣਵੱਤਾ ਭਰੀ ਸਿੱਖਿਆ ਦਾ ਉਠਾਇਆ ਮੁੱਦਾ
Publish Date: Wed, 29 Jul 2026 08:45 PM (IST)
Updated Date: Wed, 29 Jul 2026 08:46 PM (IST)
ਪੇਪਰ ਲੀਕ ’ਤੇ ਸਖ਼ਤ ਕਾਨੂੰਨ ਦਾ ਕੀਤਾ ਸਵਾਗਤ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਦੇਸ਼ ਦੇ ਪੇਂਡੂ, ਪੱਛੜੇ ਤੇ ਵਾਂਝੇ ਵਰਗਾਂ ਦੇ ਬੱਚਿਆਂ ਨੂੰ ਗੁਣਵੱਤਾ ਭਰੀ ਸਿੱਖਿਆ ਮੁਹੱਈਆ ਕਰਵਾਉਣ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕੇਂਦਰ ਸਰਕਾਰ ਨੇ ਦੱਸਿਆ ਕਿ ਸਮਗਰ ਸਿੱਖਿਆ, ਪੀਐੱਮ-ਸ਼੍ਰੀ ਸਕੂਲ ਯੋਜਨਾ, ਪੀਐੱਮ ਈ-ਵਿੱਦਿਆ ਅਤੇ ਹੋਰ ਕਈ ਸਕੀਮਾਂ ਰਾਹੀਂ ਸਿੱਖਿਆ ਦੇ ਪੱਧਰ ਨੂੰ ਮਜ਼ਬੂਤ ਕਰਨ ਲਈ ਵਿਆਪਕ ਉਪਰਾਲੇ ਕੀਤੇ ਜਾ ਰਹੇ ਹਨ। ਪੰਜਾਬ ਲਈ ਸਾਲ 2026-27 ਦੌਰਾਨ ਸਮਗਰ ਸਿੱਖਿਆ ਤਹਿਤ 722.93 ਕਰੋੜ ਅਤੇ ਪੀਐੱਮ-ਸ਼੍ਰੀ ਯੋਜਨਾ ਤਹਿਤ 356 ਸਕੂਲਾਂ ਲਈ ₹140.10 ਕਰੋੜ ਦੀ ਕੇਂਦਰੀ ਸਹਾਇਤਾ ਮਨਜ਼ੂਰ ਕੀਤੀ ਗਈ ਹੈ। ਸਰਕਾਰ ਨੇ ਆਪਣੇ ਜਵਾਬ ਵਿੱਚ ਇਹ ਵੀ ਦੱਸਿਆ ਕਿ ਦਿਵਿਆਂਗ ਬੱਚਿਆਂ ਲਈ ਸਹਾਇਕ ਉਪਕਰਨ, ਆਵਾਜਾਈ ਸਹੂਲਤ, ਬ੍ਰੇਲ ਕਿਤਾਬਾਂ, ਵਿਸ਼ੇਸ਼ ਸਿੱਖਿਆ ਅਤੇ ਸਕੂਲਾਂ ਵਿੱਚ ਰੈਂਪ ਤੇ ਹੋਰ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਸਿੱਖਿਆ ਸਭ ਲਈ ਪਹੁੰਚਯੋਗ ਬਣੇ। ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸਰਕਾਰ ਵੱਲੋਂ ਸਿੱਖਿਆ ਖੇਤਰ ਵਿੱਚ ਕੀਤੇ ਜਾ ਰਹੇ ਯਤਨ ਸਵਾਗਤਯੋਗ ਹਨ, ਪਰ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਇਨ੍ਹਾਂ ਯੋਜਨਾਵਾਂ ਦਾ ਲਾਭ ਆਖ਼ਰੀ ਕਤਾਰ ਵਿੱਚ ਖੜ੍ਹੇ ਬੱਚੇ ਤੱਕ ਵੀ ਪੂਰੀ ਇਮਾਨਦਾਰੀ ਨਾਲ ਪਹੁੰਚੇ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ, ਸਰਹੱਦੀ ਇਲਾਕਿਆਂ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਨੂੰ ਗੁਣਵੱਤਾ ਭਰੀ ਸਿੱਖਿਆ, ਡਿਜੀਟਲ ਸਹੂਲਤਾਂ ਅਤੇ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਅੱਜ ਸੰਸਦ ਵੱਲੋਂ ਪੇਪਰ ਲੀਕ ਵਰਗੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਪਾਸ ਕੀਤੇ ਗਏ ਬਿੱਲ ਦਾ ਵੀ ਪੂਰਾ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ ਪੇਪਰ ਲੀਕ ਕਾਰਨ ਲੱਖਾਂ ਨੌਜਵਾਨਾਂ ਦੀ ਸਾਲਾਂ ਦੀ ਮਿਹਨਤ ਅਤੇ ਭਵਿੱਖ ਨਾਲ ਖਿਲਵਾੜ ਹੁੰਦਾ ਹੈ। ਅਜਿਹੇ ਅਪਰਾਧਾਂ ਵਿਰੁੱਧ ਸਖ਼ਤ ਕਾਨੂੰਨ ਬਣਨਾ ਨੌਜਵਾਨਾਂ ਦੇ ਹਿੱਤ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਪ੍ਰੀਖਿਆ ਪ੍ਰਣਾਲੀ ਦੀ ਪਵਿੱਤਰਤਾ ਤੇ ਪਾਰਦਰਸ਼ਤਾ ਨੂੰ ਹਰ ਹਾਲਤ ਵਿੱਚ ਬਰਕਰਾਰ ਰੱਖਣਾ ਲਾਜ਼ਮੀ ਹੈ ਤਾਂ ਜੋ ਮਿਹਨਤੀ ਵਿਦਿਆਰਥੀਆਂ ਦਾ ਭਰੋਸਾ ਬਣਿਆ ਰਹੇ ਅਤੇ ਯੋਗਤਾ ਦੇ ਆਧਾਰ ’ਤੇ ਹੀ ਨੌਜਵਾਨਾਂ ਨੂੰ ਮੌਕੇ ਮਿਲ ਸਕਣ।