ਸੰਤ ਸੀਚੇਵਾਲ ਨੇ ਲਾਇਆ ਬੂਟਿਆਂ ਦਾ ਲੰਗਰ ਡੱਲਾ ਸਾਹਿਬ ਦੀ ਮੱਸਿਆ ‘ਤੇ ਜੋੜ ਮੇਲੇ ਦੌਰਾਨ ਸੰਤ ਸੀਚੇਵਾਲ ਨੇ ਲਾਇਆ ਬੂਟਿਆਂ ਦਾ ਲੰਗਰ
Publish Date: Sat, 10 Oct 2026 10:42 PM (IST)
Updated Date: Sat, 10 Oct 2026 10:44 PM (IST)
-ਡੱਲਾ ਸਾਹਿਬ ਦੀ ਮੱਸਿਆ ‘ਤੇ ਜੋੜ ਮੇਲੇ ਦੌਰਾਨ ਲਾਇਆ ਲੰਗਰ -ਸੰਤ ਅਵਤਾਰ ਸਿੰਘ ਯਾਦਗਾਰੀ ਨਰਸਰੀ ’ਚੋਂ ਲਿਆਂਦੇ 3100 ਬੂਟੇ ਕੁਲਬੀਰ ਸਿੰਘ ਮਿੰਟੂ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਤਿਹਾਸਕ ਨਗਰੀ ਡੱਲਾ ਸਾਹਿਬ ਵਿੱਚ ਮੱਸਿਆ ਦੇ ਸਲਾਨਾ ਜੋੜ ਮੇਲੇ ‘ਤੇ ਬੂਟਿਆਂ ਦਾ ਲੰਗਰ ਲਾਇਆ। ਇਸ ਦੌਰਾਨ ਉਨ੍ਹਾਂ ਨੇ ਆਪਣੇ ਹੱਥੀ 3100 ਬੂਟੇ ਸੰਗਤਾਂ ਨੂੰ ਦਿੱਤੇ ਤੇ ਉਨ੍ਹਾਂ ਕੋਲੋ ਪ੍ਰਣ ਲਿਆ ਗਿਆ ਕਿ ਉਹ ਬਦਲ ਰਹੇ ਮੌਸਮ ਦੇ ਮਿਜ਼ਾਜ਼ ਨੂੰ ਸਮਝਦੇ ਹੋਏ ਵੱਡੀ ਪੱਧਰ ‘ਤੇ ਬੂਟੇ ਲਗਾਉਣ ਨੂੰ ਪਹਿਲ ਦੇਣਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੇ ਅਧੀਨ ਚੱਲ ਰਹੇ ਗੁਰਦੁਆਰਾ ਪ੍ਰਕਾਸ਼ ਅਸਥਾਨ ਭਾਈ ਲਾਲੂ ਜੀ ਤੇ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਅੱਸੂ ਮਹੀਨੇ ਦੀ ਮਸਿਆ ‘ਤੇ ਸਲਾਨਾ ਜੋੜ ਮੇਲਾ ਭਰਦਾ ਹੈ। ਇਸ ਮੌਕੇ ਸੰਗਤਾਂ ਨੂੰ ਮੁਖਾਤਿਬ ਹੁੰਦਿਆ ਕਿਹਾ ਕਿ ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ, ਇਸ ‘ਤੇ ਜਲਵਾਯੂ ਦੀ ਤਬਦੀਲੀ ਦਾ ਵੱਡੇ ਪੱਧਰ ‘ਤੇ ਅਸਰ ਪੈ ਰਿਹਾ ਹੈ। ਅਲਨੀਨੋ ਦਾ ਅਸਰ ਵੀ ਦੇਖਣ ਨੂੰ ਮਿਲਿਆ ਹੈ ਤੇ ਸਲਾਨਾ ਪੈਣ ਵਾਲੇ ਮੀਹਾਂ ਵਿੱਚ ਕਮੀ ਦਰਜ ਕੀਤੀ ਗਈ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਮੀਂਹ ਘੱਟ ਪੈਣ ਨਾਲ ਖੇਤੀਬਾੜੀ ਸੈਕਟਰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ। ਜਲਵਾਯੂ ਤਬਦੀਲੀ ਦੇ ਅਸਰ ਨੂੰ ਘੱਟ ਕਰਨ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਲੋੜ ਹੈ, ਧਰਤੀ ਹੇਠਲੇ ਪਾਣੀ ਨੂੰ ਬਚਾਉਣ, ਦਰਿਆ ਦੇ ਪਾਣੀਆਂ ਨੂੰ ਸੰਭਾਲਣ ਤੇ ਪਿੰਡਾਂ ਤੇ ਸ਼ਹਿਰਾਂ ਦੇ ਗੰਦੇ ਪਾਣੀਆਂ ਨੂੰ ਸੋਧ ਕੇ ਖੇਤੀ ਨੂੰ ਵਰਤਣ ਲਈ ਪਹਿਲ ਦਿੱਤੀ ਜਾਵੇ। ਸੰਤ ਸੀਚੇਵਾਲ ਨੇ ਡੱਲ ਸਾਹਿਬ ਦੀ ਧਾਰਮਿਕ ਤੇ ਇਤਿਹਾਸਕ ਮਹੱਤਤਾ ਦੱਸਦਿਆ ਕਿਹਾ ਕਿ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਡੱਲਾ ਸਾਹਿਬ ਦੀ ਧਰਤੀ ਨੂੰ 72 ਬ੍ਰਹਮ ਗਿਆਨੀਆਂ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ। ਇਸੇ ਇਤਿਹਾਸਕ ਨਗਰ ਵਿੱਚ ਪੰਜਵੇਂ ਪਾਤਿਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਆਪਣੇ ਸਪੁੱਤਰ ਸ੍ਰੀ ਹਰਿਗੋਬਿੰਦ ਸਾਹਿਬ ਜੀ ਨੂੰ ਵਿਆਹ ਆਏ ਸਨ। ਸੰਤ ਸੀਚੇਵਾਲ ਨੇ ਗੋਦ ਲਏ ਡੱਲਾ ਸਾਹਿਬ ‘ਤੇ ਖਰਚੇ 86 ਲੱਖ ਤੋਂ ਵੱਧ : ਮੈਂਬਰ ਰਾਜ ਸਭਾ ਬਣਨ ‘ਤੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਜਿਹੜੇ ਦੋ ਪਿੰਡ ਗੋਦ ਲਏ ਸਨ, ਉਨ੍ਹਾਂ ਵਿੱਚੋਂ ਇੱਕ ਪਿੰਡ ਡੱਲਾ ਸਾਹਿਬ ਵੀ ਹੈ। ਸੰਤ ਸੀਚੇਵਾਲ ਨੇ ਆਪਣੇ ਅਖਤਿਆਰੀ ਫੰਡ ਵਿੱਚੋਂ ਹੁਣ ਤੱਕ 86 ਲੱਖ ਤੋਂ ਵੱਧ ਦੀ ਗਰਾਂਟ ਡੱਲਾ ਪਿੰਡ ਨੂੰ ਦੇ ਚੁੱਕੇ ਹਨ। ਉਗਰੂਪੁਰ ਪਿੰਡ ਵਿੱਚ ਸੀਵਰੇਜ ਪਾਇਆ ਗਿਆ ਹੈ। ਸੀਚੇਵਾਲ ਮਾਡਲ-3 ਦੀ ਉਸਾਰੀ ਕਰਵਾਈ ਜਾ ਚੁੱਕੀ ਹੈ। ਇੱਕ ਖੂਬਸੂਰਤ ਪਾਰਕ ਦਾ ਕੰਮ ਵੀ ਨਿਰਮਾਣ ਅਧੀਨ ਹੈ। ਸਾਢੇ ਪੰਜ ਲੱਖ ਦੀ ਗਰਾਂਟ ਨਾਲ ਓਪਨ ਜਿਮ ਬਣਾਇਆ ਜਾਣਾ ਹੈ।