ਸੰਤ ਸੀਚੇਵਾਲ ਵੱਲੋਂ ‘ਆਪਣਾ ਪਿੰਡ ਸੰਭਾਲੋ’ ਮੁਹਿੰਮ ਦਾ ਆਗਾਜ਼ ਸੰਤ ਸੀਚੇਵਾਲ ਵੱਲੋਂ ‘ਆਪਣਾ ਪਿੰਡ ਸੰਭਾਲੋ’ ਮੁਹਿੰਮ ਦਾ ਆਗਾਜ਼
Publish Date: Wed, 29 Jul 2026 08:50 PM (IST)
Updated Date: Wed, 29 Jul 2026 08:52 PM (IST)
ਪਿੰਡਾਂ ’ਚ ਲੱਗਣਗੇ ਠੀਕਰੀ ਪਹਿਰੇ ਚੌਰਾਹਿਆਂ ’ਤੇ ਲੱਗਣਗੇ ਸੀਸੀਟੀਵੀ ਕੈਮਰੇ ਕੁਲਬੀਰ ਸਿੰਘ ਮਿੰਟੂ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ‘ਆਪਣਾ ਪਿੰਡ ਸੰਭਾਲੋ’ ਮੁਹਿੰਮ ਦਾ ਆਗਾਜ਼ ਕਰਦਿਆਂ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਆਪਣੇ ਪਿੰਡਾਂ ਦੀ ਸੁਰੱਖਿਆ ਲਈ ਖੁਦ ਅੱਗੇ ਆਉਣ। ਆਪਣੀ ਸੁਰੱਖਿਆ ਵਾਪਸ ਕਰਨ ਲਈ ਪੰਜਾਬ ਦੇ ਡੀਜੀਪੀ ਨੂੰ ਪੱਤਰ ਲਿਖਣ ਤੋਂ ਇੱਕ ਦਿਨ ਬਾਅਦ ਹੀ ਉਨ੍ਹਾਂ ਨੇ ਪਿੰਡ ਸੀਚੇਵਾਲ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਸੁਰੱਖਿਆ ਵਿੱਚ ਤਾਇਨਾਤ ਛੇ ਪੁਲਿਸ ਮੁਲਾਜ਼ਮਾਂ ਨੂੰ ਵਾਪਸ ਥਾਣਿਆਂ ਵਿੱਚ ਭੇਜਣ ਦੀ ਬੇਨਤੀ ਇਸ ਲਈ ਕੀਤੀ ਹੈ ਕਿਉਂਕਿ ਥਾਣਿਆਂ ਵਿੱਚ ਲੁੜੀਂਦੀ ਨਫ਼ਰੀ ਦੀ ਘਾਟ ਕਾਰਨ ਪੁਲਿਸ ਨੂੰ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ‘ਆਪਣਾ ਪਿੰਡ ਸੰਭਾਲੋ, ਆਪਣੇ ਬੱਚੇ ਆਪ ਸੰਭਾਲੋ’ ਦਾ ਨਾਅਰਾ ਦਿੰਦਿਆਂ ਕਿਹਾ ਕਿ ਪਿੰਡਾਂ ਵਿੱਚ ਲੋਕ ਵਾਰੀ-ਵਾਰੀ ਠੀਕਰੀ ਪਹਿਰਾ ਦੇਣਗੇ ਅਤੇ ਸੰਵੇਦਨਸ਼ੀਲ ਥਾਵਾਂ ’ਤੇ ਸੀਸੀਟੀਵੀ ਕੈਮਰੇ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪਿੰਡ ਸੀਚੇਵਾਲ ਤੋਂ ਸ਼ੁਰੂ ਕੀਤੀ ਗਈ ਇਹ ਮੁਹਿੰਮ ਜਲਦੀ ਹੀ ਇਲਾਕੇ ਦੇ ਹੋਰ ਪਿੰਡਾਂ ਤੱਕ ਵੀ ਪਹੁੰਚਾਈ ਜਾਵੇਗੀ। ਸੰਤ ਸੀਚੇਵਾਲ ਨੇ ਕਿਹਾ ਕਿ 8 ਅਪ੍ਰੈਲ 2026 ਨੂੰ ਤਲਵੰਡੀ ਮਾਧੋ ਦੇ ਵਸਨੀਕਾਂ ਨੇ ਇੱਕ ਦਿਨ ਨਾਕਾਬੰਦੀ ਕਰ ਕੇ ਕਰੀਬ 75 ਨਸ਼ਾ ਕਰਨ ਵਾਲੇ ਵਿਅਕਤੀਆਂ ਨੂੰ ਕਾਬੂ ਕਰ ਕੇ ਪੁਲਿਸ ਹਵਾਲੇ ਕੀਤਾ ਸੀ। ਉਨ੍ਹਾਂ ਕਿਹਾ ਕਿ ਜੇਕਰ ਹਰ ਪਿੰਡ ਆਪਣੇ ਪੱਧਰ ’ਤੇ ਇਸ ਤਰ੍ਹਾਂ ਨਾਕੇ ਲਗਾ ਕੇ ਨਸ਼ੇੜੀਆਂ ਦੇ ਦਾਖਲੇ ਨੂੰ ਰੋਕੇ ਤਾਂ ਪਿੰਡਾਂ ਵਿੱਚ ਨਸ਼ਿਆਂ ’ਤੇ ਕਾਫ਼ੀ ਹੱਦ ਤੱਕ ਕਾਬੂ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਲੋਹੀਆਂ ਖਾਸ ਅਤੇ ਸੁਲਤਾਨਪੁਰ ਲੋਧੀ ਖੇਤਰ ਵਿੱਚ ਵਾਪਰ ਰਹੀਆਂ ਲੁੱਟ-ਖੋਹ ਦੀਆਂ ਘਟਨਾਵਾਂ ਤੋਂ ਇਹ ਸਪੱਸ਼ਟ ਹੋਇਆ ਹੈ ਕਿ ਥਾਣਿਆਂ ਵਿੱਚ ਲੁੜੀਂਦੀ ਨਫ਼ਰੀ ਨਾ ਹੋਣ ਕਾਰਨ ਇਨ੍ਹਾਂ ਖੇਤਰਾਂ ਵਿੱਚ ਅਪਰਾਧਕ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਦੁਪਹਿਰ ਬਾਅਦ ਜਲੰਧਰ ਦੇ ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਅਤੇ ਕਪੂਰਥਲਾ ਦੇ ਐੱਸਐੱਸਪੀ ਨਿਰਮਲ ਕੁਟੀਆ ਸੀਚੇਵਾਲ ਵਿਖੇ ਉਨ੍ਹਾਂ ਨਾਲ ਮਿਲਣ ਲਈ ਆਏ। ਦੋਵਾਂ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਥਾਣਾ ਲੋਹੀਆਂ ਅਤੇ ਸੁਲਤਾਨਪੁਰ ਲੋਧੀ ਦੇ ਖੇਤਰਾਂ ਵਿੱਚ ਵਾਪਰੀਆਂ ਵਾਰਦਾਤਾਂ ਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਪਵਿੱਤਰ ਕਾਲੀ ਵੇਈਂ, ਜਿਸ ਦੇ ਇੱਕ ਪਾਸੇ ਐੱਸਡੀਐੱਮ ਦਾ ਦਫ਼ਤਰ ਅਤੇ ਦੂਜੇ ਪਾਸੇ ਨਿਰਮਲ ਕੁਟੀਆ ਸਥਿਤ ਹੈ, ਉਨ੍ਹਾਂ ਦੇ ਜੀਵਨ ਨਾਲ ਡੂੰਘਾ ਨਾਤਾ ਰੱਖਦੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਜੀਵਨ ਦੇ 25 ਸਾਲ ਬਾਬੇ ਨਾਨਕ ਦੀ ਵੇਈਂ ਦੀ ਸੇਵਾ ਲਈ ਸਮਰਪਿਤ ਕਰ ਚੁੱਕੇ ਹਨ। ਅਜਿਹੇ ਪਵਿੱਤਰ ਅਤੇ ਸੁਰੱਖਿਅਤ ਮੰਨੇ ਜਾਂਦੇ ਸਥਾਨ ’ਤੇ ਲੁੱਟ-ਖੋਹ ਦੀ ਘਟਨਾ ਨੇ ਉਨ੍ਹਾਂ ਨੂੰ ਡੂੰਘਾ ਦੁੱਖ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਵੇਈਂ ’ਤੇ ਸੈਰ ਕਰਨ ਵਾਲੀਆਂ ਔਰਤਾਂ ਹੀ ਸੁਰੱਖਿਅਤ ਨਹੀਂ ਹਨ ਤਾਂ ਇਹ ਬਹੁਤ ਚਿੰਤਾ ਵਾਲੀ ਗੱਲ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਵੀ ਲੁੱਟ-ਖੋਹ ਦੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਹਨ ਅਤੇ ਉਸ ਵੇਲੇ ਉਹ ਇਨ੍ਹਾਂ ਘਟਨਾਵਾਂ ਦੇ ਵਿਰੋਧ ਵਿੱਚ ਕੈਂਡਲ ਮਾਰਚ ਕਰਦੇ ਰਹੇ ਸਨ। ਉਨ੍ਹਾਂ ਕਿਹਾ ਕਿ ਹੁਣ ਉਹ ਅਜਿਹੀਆਂ ਘਟਨਾਵਾਂ ’ਤੇ ਚੁੱਪ ਨਹੀਂ ਰਹਿ ਸਕਦੇ। ਉਨ੍ਹਾਂ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਇਹ ਮਹਿਸੂਸ ਕਰ ਰਹੇ ਸਨ ਕਿ ਉਨ੍ਹਾਂ ਦੀ ਸੁਰੱਖਿਆ ਲਈ ਤਾਇਨਾਤ ਛੇ ਪੁਲਿਸ ਮੁਲਾਜ਼ਮ ਥਾਣਿਆਂ ਵਿੱਚ ਡਿਊਟੀ ਨਿਭਾਉਣ ਤਾਂ ਜੋ ਉਹ ਆਮ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਵਿੱਚ ਵੱਧ ਯੋਗਦਾਨ ਪਾ ਸਕਣ। ਸੰਤ ਸੀਚੇਵਾਲ ਨੇ ਕਿਹਾ ਕਿ ਮਈ 2022 ਵਿੱਚ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੀਚੇਵਾਲ ਆਏ ਸਨ, ਉਸ ਸਮੇਂ ਉਹ ਰਾਜ ਸਭਾ ਮੈਂਬਰ ਵੀ ਨਹੀਂ ਸਨ। ਉਨ੍ਹਾਂ ਦੱਸਿਆ ਕਿ ਬੰਦ ਕਮਰੇ ਵਿੱਚ ਹੋਈ ਮੁਲਾਕਾਤ ਦੌਰਾਨ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਕਿਹਾ ਸੀ ਕਿ ਨਸ਼ਾ ਛੁਡਾਊ ਕੇਂਦਰਾਂ ਵਿੱਚ ਵੀ ਕਈ ਵਾਰ ਨਸ਼ੇ ਦੀਆਂ ਗੋਲੀਆਂ ਦੇ ਕੇ ਮਰੀਜ਼ਾਂ ਨੂੰ ਉਨ੍ਹਾਂ ਦੀ ਆਦਤ ਪਾ ਦਿੱਤੀ ਜਾਂਦੀ ਹੈ। ਉਨ੍ਹਾਂ ਸੁਝਾਅ ਦਿੱਤਾ ਸੀ ਕਿ ਜਿਵੇਂ ਸਰਕਾਰ ਆਪਣੀ ਨਿਗਰਾਨੀ ਹੇਠ ਸ਼ਰਾਬ ਦੀ ਵਿਕਰੀ ਨੂੰ ਕੰਟਰੋਲ ਕਰਦੀ ਹੈ, ਉਸੇ ਤਰ੍ਹਾਂ ਜੇਕਰ ਸਿੰਥੈਟਿਕ ਨਸ਼ਿਆਂ ਲਈ ਵੀ ਨਿਯੰਤਰਿਤ ਪ੍ਰਬੰਧ ਕੀਤਾ ਜਾਵੇ ਤਾਂ ਲੋਕਾਂ ਨੂੰ ਇਨ੍ਹਾਂ ਨਸ਼ਿਆਂ ਤੋਂ ਛੁਟਕਾਰਾ ਦਿਵਾਉਣ ਵਿੱਚ ਮਦਦ ਮਿਲ ਸਕਦੀ ਹੈ।