- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਨੂੰ ਲੈ ਕੇ ਸੰਤ ਸੀਚੇਵਾਲ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ

ਕੁਲਬੀਰ ਸਿੰਘ ਮਿੰਟੂ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਨੂੰ ਲੈ ਕੇ ਮੰਗਲਵਾਰ ਨੂੰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਅਤੇ ਐੱਸਡੀਐੱਮ ਸੁਲਤਾਨਪੁਰ ਲੋਧੀ ਜਸਜੀਤ ਸਿੰਘ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਕਰਵਾਏ ਜਾ ਰਹੇ ਕਿਸ਼ਤੀ ਮੁਕਾਬਲਿਆਂ, ਸ਼ਹਿਰ ਅਤੇ ਪਵਿੱਤਰ ਵੇਈਂ ਨਾਲ ਸਬੰਧਤ ਅਹਿਮ ਮੁੱਦਿਆਂ ’ਤੇ ਵਿਚਾਰ-ਚਰਚਾ ਕੀਤੀ ਗਈ ।
ਸੰਤ ਸੀਚੇਵਾਲ ਨੇ ਕਿਹਾ ਕਿ ਪ੍ਰਕਾਸ਼ ਪੁਰਬ ਮੌਕੇ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤ ਸੁਲਤਾਨਪੁਰ ਲੋਧੀ ਪਹੁੰਚਦੀ ਹੈ। ਇਸ ਲਈ ਸਫਾਈ, ਸੁਰੱਖਿਆ, ਆਵਾਜਾਈ, ਪੀਣ ਵਾਲੇ ਪਾਣੀ, ਰਿਹਾਇਸ਼ ਅਤੇ ਹੋਰ ਬੁਨਿਆਦੀ ਸਹੂਲਤਾਂ ਦੇ ਪੁਖਤਾ ਪ੍ਰਬੰਧ ਸਮੇਂ ਸਿਰ ਕੀਤੇ ਜਾਣ। ਉਨ੍ਹਾਂ ਸ਼ਹਿਰ ਦੀਆਂ ਮਾੜੀ ਹਾਲਤ ਵਾਲੀਆਂ ਸੜਕਾਂ, ਖਾਸ ਕਰ ਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੂੰ ਜਾਣ ਵਾਲੀ ਮੁੱਖ ਸੜਕ ਦੀ ਤੁਰੰਤ ਮੁਰੰਮਤ ਕਰਨ ਦੀ ਹਿਦਾਇਤ ਕੀਤੀ। ਸ਼ਹਿਰ ਵਿੱਚ 100 ਫੀਸਦੀ ਸਫਾਈ ਯਕੀਨੀ ਬਣਾਉਣ, ਬੰਦ ਪਏ ਜਨਤਕ ਪਖਾਨੇ ਚਾਲੂ ਕਰਨ, ਆਰਜ਼ੀ ਪਖਾਨੇ ਅਤੇ ਡਸਟਬਿਨ ਲਗਾਉਣ ਅਤੇ ਬੰਦ ਪਈਆਂ ਸਟਰੀਟ ਲਾਈਟਾਂ ਠੀਕ ਕਰਨ ਲਈ ਕਿਹਾ ਗਿਆ। ਸਮਾਰਟ ਸਿਟੀ ਤਹਿਤ ਲੰਬੇ ਸਮੇਂ ਤੋਂ ਲਟਕ ਰਹੇ ਸੀਸੀਟੀਵੀ ਕੈਮਰਿਆਂ ਦੇ ਕੰਮ ਨੂੰ ਤੁਰੰਤ ਮੁਕੰਮਲ ਕਰਨ ਅਤੇ ਸੰਵੇਦਨਸ਼ੀਲ ਥਾਵਾਂ ’ਤੇ ਪੁਲਿਸ ਚੌਕਸੀ ਵਧਾਉਣ ਦੀ ਮੰਗ ਕੀਤੀ ਗਈ। ਪਾਰਕਿੰਗ ਸਥਾਨਾਂ ਤੋਂ ਗੁਰਦੁਆਰਾ ਸਾਹਿਬ ਤੱਕ ਬਜ਼ੁਰਗਾਂ, ਬੱਚਿਆਂ ਅਤੇ ਦਿਵਿਆਂਗ ਸੰਗਤ ਲਈ ਮੁਫ਼ਤ ਈ-ਵਾਹਨ ਸੇਵਾ ਦਾ ਪ੍ਰਬੰਧ ਕਰਨ ਲਈ ਵੀ ਕਿਹਾ ਗਿਆ। ਪਵਿੱਤਰ ਵੇਈਂ ਦੀ ਪਵਿੱਤਰਤਾ ਅਤੇ ਸਫਾਈ ਨੂੰ ਲੈ ਕੇ ਸੰਤ ਸੀਚੇਵਾਲ ਨੇ ਵਿਸ਼ੇਸ਼ ਤੌਰ ’ਤੇ ਕਿਹਾ ਕਿ ਵੇਈਂ ਵਿੱਚ ਪੈ ਰਹੇ ਗੰਦੇ ਪਾਣੀ ਦੀ ਨਿਕਾਸੀ ਤੁਰੰਤ ਬੰਦ ਕੀਤੀ ਜਾਵੇ। ਦਾਣਾ ਮੰਡੀ ਕਾਰਨ ਵੇਈਂ ਕਿਨਾਰੇ ਫੈਲ ਰਹੀ ਗੰਦਗੀ ਨੂੰ ਰੋਕਿਆ ਜਾਵੇ। ਪ੍ਰਕਾਸ਼ ਪੁਰਬ ਦੌਰਾਨ ਟ੍ਰੈਫਿਕ ਦੇ ਸੁਚਾਰੂ ਪ੍ਰਬੰਧ ਲਈ ਪਵਿੱਤਰ ਵੇਈਂ ਦੇ ਚੜ੍ਹਦੇ ਅਤੇ ਲਹਿੰਦੇ ਪਾਸੇ ਬਣੇ ਪਲਟੂਨ ਪੁਲਾਂ ਦੀ ਮੁਰੰਮਤ ਕਰਵਾਉਣ ਦੀ ਹਿਦਾਇਤ ਕੀਤੀ। ਇਸੇ ਤਰ੍ਹਾਂ ਲੋਹੀਆਂ ਰੋਡ ਤੋਂ ਸ਼ਹਿਰ ਵਿੱਚ ਦਾਖ਼ਲ ਹੋਣ ਸਮੇਂ ਟੁੱਟੇ ਪਏ ਸਵਾਗਤੀ ਅਤੇ ਦਿਸ਼ਾ-ਸੂਚਕ ਬੋਰਡ ਨੂੰ ਵੀ ਤੁਰੰਤ ਨਵਾਂ ਲਗਾਉਣ ਲਈ ਕਿਹਾ ਗਿਆ।
ਐੱਸਡੀਐੱਮ ਜਸਜੀਤ ਸਿੰਘ ਨੇ ਮੀਟਿੰਗ ਦੌਰਾਨ ਸਾਰੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪ੍ਰਕਾਸ਼ ਪੁਰਬ ਨਾਲ ਸਬੰਧਤ ਸਾਰੇ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਤੁਰੰਤ ਸ਼ੁਰੂ ਕਰਕੇ ਨਿਰਧਾਰਤ ਸਮੇਂ ਅੰਦਰ ਮੁਕੰਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹਰੇਕ ਵਿਭਾਗ ਵੱਲੋਂ ਆਪਣੇ ਹਿੱਸੇ ਦੇ ਕੰਮ ਦੀ ਸਪੱਸ਼ਟ ਸਮਾਂ-ਸੀਮਾ ਤੈਅ ਕਰਕੇ ਉਸ ਅਨੁਸਾਰ ਕਾਰਵਾਈ ਯਕੀਨੀ ਬਣਾਈ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਅਤੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ । ਇਸ ਮੀਟਿੰਗ ਦੌਰਾਨ ਕਮਲਜੀਤ ਸਿੰਘ ਕਾਰਜ ਸਾਧਕ ਅਫਸਰ, ਬੀਡੀਪੀਓ ਗੁਰਮੀਤ ਸਿੰਘ, ਕੁਲਵਿੰਦਰ ਸਿੰਘ ਜ਼ਿਲ੍ਹਾ ਖੇਡ ਅਫਸਰ, ਵਿਵੇਕ ਵਿਸ਼ਿਸ਼ਟ ਉਪ ਮੰਡਲ ਇੰਜੀਨੀਅਰ, ਨਵਕੀਰਤ ਸਿੰਘ, ਪੰਜਾਬ ਰੋਡ ਟ੍ਰਾਂਸਪੋਰਟ ਤੋਂ ਬਲਬੀਰ ਸਿੰਘ, ਐੱਸਡੀਓ ਬਿਜਲੀ ਬੋਰਡ ਜਸਵਿੰਦਰ ਸਿੰਘ, ਸੈਨੇਟਰੀ ਇੰਸਪੈਕਟਰ ਘਨਸ਼ਾਮ, ਫੂਡ ਸਪਲਾਈ ਤੋਂ ਇੰਸਪੈਕਟਰ ਕਰਨੈਲ ਸਿੰਘ, ਜੇਈ ਜਤਿੰਦਰ ਪਾਲ ਸਿੰਘ, ਦੀਪਕ ਖੁਰਾਣਾ, ਵਣ ਵਿਭਾਗ ਤੋਂ ਮਨਜਿੰਦਰ ਸਿੰਘ, ਖੁਸ਼ਵਿੰਦਰ ਸਿੰਘ ਐਸਜੀਓ ਡਰੇਨਸ ਵਿਭਾਗ, ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਐਮਸੀ ਗੁਰਵਿੰਦਰ ਕੌਰ, ਸੰਤ ਸੁਖਜੀਤ ਸਿੰਘ, ਗੁਰਦੇਵ ਸਿੰਘ ਫੌਜੀ ਇਸ ਮੌਕੇ ਹਾਜ਼ਰ ਰਹੇ।