ਦੁਖੀ ਪਰਿਵਾਰਾਂ ਨੇ ਸੰਤ ਸੀਚੇਵਾਲ ਨੂੰ ਸੁਣਾਏ ਦੁਖੜੇ
ਰੂਸ-ਯੂਕਰੇਨ ਜੰਗ ਵਿੱਚ ਫਸੇ ਨੌਜਵਾਨਾਂ ਦੇ ਪਰਿਵਾਰਾਂ ਦੇ ਸੰਤ ਸੀਚੇਵਾਲ ਨੇ ਦੁੱਖ ਸੁਣੇ
Publish Date: Sun, 07 Jun 2026 08:09 PM (IST)
Updated Date: Sun, 07 Jun 2026 08:11 PM (IST)

ਰੂਸ-ਯੂਕਰੇਨ ਜੰਗ ’ਚ ਫਸੇ ਨੌਜਵਾਨਾਂ ਦੇ ਪਰਿਵਾਰ ਸੰਤ ਸੀਚੇਵਾਲ ਨੂੰ ਮਿਲੇ ਵਿਦੇਸ਼ ਮੰਤਰਾਲੇ ਕੋਲ ਮਾਮਲੇ ਨੂੰ ਗੰਭੀਰਤਾ ਨਾਲ ਚੁੱਕਣ ਦਾ ਦਿੱਤਾ ਭਰੋਸਾ ਕੁਲਬੀਰ ਸਿੰਘ ਮਿੰਟੂ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਰੂਸ-ਯੂਕਰੇਨ ਜੰਗ ਦੌਰਾਨ ਰੂਸੀ ਫੌਜ ਵਿਚ ਫਸੇ ਭਾਰਤੀ ਨੌਜਵਾਨਾਂ ਦੇ ਛੇ ਪਰਿਵਾਰਾਂ ਨੇ ਅੱਜ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਚ ਮੁਲਾਕਾਤ ਕਰਕੇ ਆਪਣੇ ਦੁਖੜੇ ਦੱਸੇ। ਸੰਤ ਸੀਚੇਵਾਲ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਉਂਦਿਆ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸ ਨੂੰ ਵਿਦੇਸ਼ ਮੰਤਰੀ ਕੋਲ ਉਠਾਉਣਗੇ। ਪਰਿਵਾਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਆਪਣੇ ਬੱਚਿਆਂ ਨਾਲ ਗੱਲਬਾਤ ਹੋਈ ਨੂੰ ਅੱਠ-ਨੌਂ ਮਹੀਨੇ ਹੋ ਗਏ ਹਨ। ਉਨ੍ਹਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਉਨ੍ਹਾਂ ਦੇ ਬੱਚੇ ਕਿਹੜੇ ਹਲਾਤਾਂ ਵਿਚ ਹਨ ਤੇ ਕਿਥੇ ਫਰੰਟ ਤੇ ਲੜਾਈ ਲੜ ਰਹੇ ਹਨ। ਟ੍ਰੈਵਲ ਏਜੰਟਾਂ ਨੇ ਉਨ੍ਹਾਂ ਦੇ ਬੱਚਿਆਂ ਨੂੰ ਤਰ੍ਹਾਂ-ਤਰ੍ਹਾਂ ਦੇ ਲਾਲਚ ਦੇ ਕੇ ਰਸ਼ੀਅਨ ਫੌਜ ਵਿਚ ਭਰਤੀ ਹੋਣ ਲਈ ਮਜਬੂਰ ਕੀਤਾ ਸੀ। ਪੀੜਤ ਪਰਿਵਾਰਾਂ ਨੇ ਦੱਸਿਆ ਕਿ ਉਥੇ ਬੱਚਿਆਂ ਨੇ ਆਖਰੀ ਵਾਰ ਜਿਹੜੀਆਂ ਗੱਲਾਂ ਕੀਤੀਆਂ ਸਨ ਉਹ ਫ਼ੌਜੀ ਟ੍ਰੇਨਿੰਗ ਬਾਰੇ ਸੀ। ਬੱਚਿਆਂ ਦੇ ਖਾਤਿਆਂ ਵਿਚ 15-15 ਲੱਖ ਰਕਮ ਪਾਉਣ ਤੇ 2 ਲੱਖ 10 ਹਜ਼ਾਰ ਪ੍ਰਤੀ ਮਹੀਨੇ ਤਨਖਾਹ ਦੇਣ ਵਰਗੇ ਲਾਲਚ ਦਿੱਤੇ ਗਏ ਸਨ। ਕਈ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਤਾਂ ਆਪਣੇ ਬੱਚਿਆਂ ਨੂੰ ਪੜ੍ਹਨ ਵਾਸਤੇ ਭੇਜਿਆ ਸੀ। ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਉਥੇ ਉਨ੍ਹਾਂ ਨੂੰ ਫਰੰਟ ਤੇ ਭੇਜ ਦਿੱਤਾ ਜਾਵੇਗਾ। ਪਰਿਵਾਰਾਂ ਅਨੁਸਾਰ ਜਲੰਧਰ ਦੇ ਗੁਰਸੇਵਕ ਸਿੰਘ, ਲੁਧਿਆਣਾ ਦੇ ਸਮਰਜੀਤ ਸਿੰਘ ਤੇ ਅੰਮ੍ਰਿਤਸਰ ਦੇ ਹੀਰਾ ਸਿੰਘ ਦੀ ਜੰਗ ਦੌਰਾਨ ਮੌਤ ਹੋ ਚੁੱਕੀ ਹੈ। ਸਮਰਜੀਤ ਸਿੰਘ ਤੇ ਗੁਰਸੇਵਕ ਸਿੰਘ ਦੀਆਂ ਮ੍ਰਿਤਕ ਦੇਹਾਂ ਭਾਰਤ ਪਹੁੰਚ ਚੁੱਕੀਆਂ ਹਨ ਪਰ ਪੀੜਤ ਪਰਿਵਾਰਾਂ ਨੇ ਸੰਤ ਸੀਚੇਵਾਲ ਨੂੰ ਦੱਸਿਆ ਕਿ ਉਨ੍ਹਾਂ ਨੂੰ ਅਜੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਮੁਆਵਜ਼ਾ ਨਹੀਂ ਮਿਲਿਆ ਹੈ ਤੇ ਨਾ ਹੀ ਉਹ ਹੋਰ ਸਹੂਲਤਾਂ, ਜੋ ਰੂਸੀ ਫੌਜ ਆਪਣੇ ਸੈਨਿਕਾਂ ਜਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਦਿੰਦੀ ਹੈ। ਪੀੜਤ ਪਰਿਵਾਰਾਂ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰਾਂ ਦੀ ਮੌਤ ਹੋ ਜਾਣ ਤੋਂ ਬਾਅਦ ਉਹ ਆਰਥਿਕ ਤੌਰ ਤੇ ਬੁਰੀ ਤਰ੍ਹਾਂ ਨਾਲ ਟੁੱਟ ਚੁੱਕੇ ਹਨ। ਪੀੜਤ ਪਰਿਵਾਰਾਂ ਨੇ ਦੱਸਿਆ ਕਿ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਦੇ ਵੀ ਕਈ ਨੌਜਵਾਨ ਰੂਸੀ ਫੌਜ ਵਿਚ ਫਸੇ ਹੋਏ ਹਨ, ਜਿਨ੍ਹਾਂ ਦੇ ਪਰਿਵਾਰ ਚਿੰਤਾ ਅਤੇ ਅਣਿਸ਼ਚਿਤਤਾ ਵਿਚ ਜੀਵਨ ਬਤੀਤ ਕਰ ਰਹੇ ਹਨ। ਤਰਨ ਤਾਰਨ ਦੇ ਹਰਵਿੰਦਰ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਉਹ 2024 ਵਿੱਚ ਸਟੱਡੀ ਵੀਜ਼ਾ ਤੇ ਰੂਸ ਗਿਆ ਸੀ, ਪਰ ਏਜੰਟਾਂ ਨੇ ਉਸ ਨੂੰ ਲਾਲਚ ਦੇ ਕੇ ਅਗਸਤ 2025 ਵਿਚ ਫੌਜ ਵਿਚ ਭਰਤੀ ਕਰਵਾ ਦਿੱਤਾ। ਪਰਿਵਾਰ ਦਾ ਕਹਿਣਾ ਹੈ ਕਿ 17 ਸਤੰਬਰ ਤੋਂ ਬਾਅਦ ਉਸ ਨਾਲ ਕੋਈ ਸੰਪਰਕ ਨਹੀਂ ਹੋਇਆ। ਇਸੇ ਤਰ੍ਹਾਂ ਤਰਨ ਤਾਰਨ ਦੇ ਹੀ ਜਰਨੈਲ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਸ ਦਾ ਪਤੀ ਦਸੰਬਰ 2024 ਵਿਚ ਸਟੱਡੀ ਵੀਜ਼ਾ ਤੇ ਰੂਸ ਗਿਆ ਸੀ। ਉੱਥੇ ਉਸ ਨੂੰ ਤਿੰਨ ਲੱਖ ਰੁਪਏ ਮਹੀਨਾਵਾਰ ਤਨਖ਼ਾਹ ਤੇ ਪੱਕੇ ਕਾਗਜ਼ਾਂ ਦਾ ਲਾਲਚ ਦੇ ਕੇ ਫੌਜ ਵਿਚ ਭਰਤੀ ਕਰਵਾ ਦਿੱਤਾ ਗਿਆ। 28 ਅਗਸਤ ਤੋਂ ਬਾਅਦ ਜਰਨੈਲ ਸਿੰਘ ਨਾਲ ਵੀ ਕੋਈ ਸੰਪਰਕ ਨਹੀਂ ਹੋ ਸਕਿਆ। ਪਰਿਵਾਰ ਵਿਚ ਉਸ ਦੀ ਤਿੰਨ ਸਾਲ ਦੀ ਬੇਟੀ ਹੈ ਤੇ ਸਾਰਾ ਪਰਿਵਾਰ ਉਸ ਦੀ ਕਮਾਈ ਤੇ ਨਿਰਭਰ ਸੀ। ਆਰਥਿਕ ਹਾਲਾਤ ਬਹੁਤ ਮੰਦੇ ਹੋ ਚੁੱਕੇ ਹਨ ਤੇ ਛੋਟੀ ਬੱਚੀ ਰੋਜ਼ ਆਪਣੇ ਪਿਤਾ ਬਾਰੇ ਪੁੱਛਦੀ ਹੈ। ਅੰਮ੍ਰਿਤਸਰ ਦੇ ਸਾਹਿਲ ਸੇਖੜੀ ਦੀ ਮਾਤਾ ਨੇ ਸੰਤ ਸੀਚੇਵਾਲ ਨੂੰ ਦੱਸਿਆ ਕਿ ਉਸ ਦਾ ਪੁੱਤਰ 2025 ਵਿਚ ਮਾਸਕੋ ਗਿਆ ਸੀ। ਏਜੰਟਾਂ ਨੇ ਉਸ ਨੂੰ ਵਰਕ ਵੀਜ਼ਾ, ਸ਼ੈੱਫ਼ ਦੀ ਨੌਕਰੀ ਤੇ ਡੇਢ ਲੱਖ ਰੁਪਏ ਮਹੀਨਾਵਾਰ ਤਨਖ਼ਾਹ ਦਾ ਭਰੋਸਾ ਦਿੱਤਾ ਸੀ, ਪਰ ਉਸ ਨੂੰ ਵੀ ਫ਼ੌਜ ਵਿਚ ਭਰਤੀ ਕਰਕੇ ਸਿਰਫ਼ 15 ਦਿਨਾਂ ਦੀ ਟ੍ਰੇਨਿੰਗ ਤੋਂ ਬਾਅਦ ਰੂਸ-ਯੂਕਰੇਨ ਜੰਗ ਦੇ ਮੋਰਚੇ ਤੇ ਭੇਜ ਦਿੱਤਾ ਗਿਆ। ਪਿਛਲੇ ਨੌਂ ਮਹੀਨਿਆਂ ਤੋਂ ਸਾਹਿਲ ਬਾਰੇ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਮਿਲੀ। ਪਰਿਵਾਰ ਵਿਚ ਉਸ ਦੀ ਵਿਧਵਾ ਮਾਂ ਤੇ ਇਕ ਭੈਣ ਹੈ, ਜਿਨ੍ਹਾਂ ਦਾ ਗੁਜ਼ਾਰਾ ਉਸ ਤੇ ਹੀ ਨਿਰਭਰ ਸੀ। ਆਰਥਿਕ ਤੰਗੀ ਕਾਰਨ ਪਰਿਵਾਰ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਆਰਥਿਕ ਮਜ਼ਬੂਰੀਆਂ ਅਤੇ ਬੇਰੁਜ਼ਗਾਰੀ ਦਾ ਫਾਇਦਾ ਚੁੱਕ ਕੇ ਏਜੰਟਾਂ ਵੱਲੋਂ ਨੌਜਵਾਨਾਂ ਨੂੰ ਵਿਦੇਸ਼ਾਂ ਵਿਚ ਗੁੰਮਰਾਹ ਕਰਨਾ ਬਹੁਤ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਮਾਮਲੇ ਵਿਚ ਗੰਭੀਰਤਾ ਨਾਲ ਦਖ਼ਲ ਦੇਣਾ ਚਾਹੀਦਾ ਹੈ ਤਾਂ ਜੋ ਫਸੇ ਹੋਏ ਨੌਜਵਾਨਾਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਜਾ ਸਕੇ ਤੇ ਪ੍ਰਭਾਵਿਤ ਪਰਿਵਾਰਾਂ ਨੂੰ ਇਨਸਾਫ਼ ਮਿਲ ਸਕੇ।