- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧੁੱਸੀ ਬੰਨ੍ਹ ‘ਤੇ ਪੱਕੀ ਸੜਕ ਬਣਾਉਣ ਲਈ ਸੰਤ ਸੀਚੇਵਾਲ ਨੇ ਮੁੱਖ ਮੰਤਰੀ ਪੰਜਾਬ ਨਾਲ ਕੀਤੀ ਚਰਚਾ

--ਧੁੱਸੀ ਬੰਨ੍ਹ ਦੇ 2200 ਫੁੱਟ ਸੰਵੇਦਨਸ਼ੀਲ ਹਿੱਸੇ ‘ਤੇ ਲੱਗ ਰਿਹਾ ਪੱਥਰ
ਧੁੱਸੀ ਬੰਨ੍ਹ ‘ਤੇ ਪੱਕੀ ਸੜਕ ਬਣਾਉਣ ਲਈ ਸੰਤ ਸੀਚੇਵਾਲ ਨੇ ਮੁੱਖ ਮੰਤਰੀ ਨਾਲ ਕੀਤੀ ਚਰਚਾ
ਕੁਲਬੀਰ ਸਿੰਘ ਮਿੰਟੂ/ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਨੂੰ ਮਜ਼ਬੂਤ ਬਣਾਈ ਰੱਖਣ ਲਈ ਗਿੱਦੜਪਿੰਡੀ ਤੋਂ ਫਿਲੌਰ ਤੱਕ ਪੱਕੀ ਸੜਕ ਬਣਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ। ਮੁੱਖ ਮੰਤਰੀ ਪੰਜਾਬ ਦੀ ਸਰਕਾਰੀ ਰਿਹਾਇਸ਼ ‘ਤੇ ਮੁਲਾਕਾਤ ਕਰਨ ਉਪਰੰਤ ਸੰਤ ਸੀਚੇਵਾਲ ਨੇ ਦੱਸਿਆ ਕਿ ਗਿੱਦੜਪਿੰਡੀ ਤੋਂ ਫਿਲੌਰ ਤੱਕ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ‘ਤੇ 89 ਕਿਲੋਮੀਟਰ ਲੰਮੀ ਤੇ 18 ਫੁੱਟ ਚੌੜੀ ਪੱਕੀ ਸੜਕ ਬਣਾਈ ਜਾਣੀ ਹੈ। ਯਾਦ ਰਹੇ ਕਿ ਇਹ ਸੜਕ ਬਣਾਉਣ ਬਾਰੇ ਪਹਿਲੀ ਮੀਟਿੰਗ 12 ਜੂਨ 2023 ਨੂੰ ਚੰਡੀਗੜ੍ਹ ਦੇ ਪੰਜਾਬ ਭਵਨ ਵਿਚ ਹੋਈ ਸੀ, ਜਿਸ ਬਾਰੇ ਸੰਤ ਸੀਚੇਵਾਲ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖਿਆ ਗਿਆ ਸੀ। ਇਹ ਮੀਟਿੰਗ ਉਸ ਵੇਲੇ ਦੇ ਕੈਬਨਿਟ ਮੰਤਰੀ ਮੀਤ ਹੇਅਰ ਦੀ ਅਗਵਾਈ ਵਿਚ ਹੋਈ ਸੀ। ਪੰਜਾਬ ਰਾਜ ਮੰਡੀ ਬੋਰਡ ਨੇ ਵੀ ਆਪਣੀ ਰਿਪੋਰਟ ਵਿਚ ਕਿਹਾ ਸੀ ਕਿ ਧੁੱਸੀ ਬੰਨ੍ਹ ‘ਤੇ ਸੜਕ ਬਣਨ ਨਾਲ ਬੰਨ੍ਹ ਨੂੰ ਮਜ਼ਬੂਤੀ ਮਿਲੇਗੀ। ਮੰਡੀ ਬੋਰਡ ਨੇ ਇਸ ਸੜਕ ‘ਤੇ 117 ਕਰੋੜ ਦੇ ਕਰੀਬ ਦੀ ਲਾਗਤ ਆਉਣ ਦਾ ਅਨੁਮਾਨ ਲਗਾਇਆ ਸੀ। ਅੱਜ ਹੋਈ ਮੁਲਾਕਾਤ ਦੌਰਾਨ ਸੰਤ ਸੀਚੇਵਾਲ ਨੇ ਦੱਸਿਆ ਕਿ ਇਹ ਸੜਕ ਨਬਾਰਡ ਏਜੰਸੀ ਦੀ ਮਦਦ ਨਾਲ ਬਣਾਈ ਜਾਣੀ ਸੀ। ਉਨ੍ਹਾਂ ਮੁੱਖ ਮੰਤਰੀ ਕੋਲੋਂ ਮੰਗ ਕੀਤੀ ਕਿ ਬਰਸਾਤਾਂ ਤੋਂ ਪਹਿਲਾਂ ਪਹਿਲਾਂ ਇਸ ਸੜਕ ਨੂੰ ਬਣਾਉਣ ਦੀ ਸ਼ੁਰੂਆਤ ਕਰ ਦਿੱਤੀ ਜਾਵੇ ਤਾਂ ਇਸ ਨਾਲ ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਨੂੰ ਸੁਖ ਦਾ ਸਾਹ ਆਵੇਗਾ। ਉਨ੍ਹਾਂ ਦੱਸਿਆ ਕਿ ਮੰਡਾਲਾ ਛੰਨਾ ਜਿਥੇ ਚਾਰ ਘਰ ਸਤਲੁਜ ਦਰਿਆ ਵਿਚ ਰੁੜ੍ਹ ਗਏ ਸਨ। ਧੁੱਸੀ ਬੰਨ੍ਹ ਦੇ ਇਸ 2,200 ਫੁੱਟ ਲੰਮੇ ਸੰਵੇਦਨਸ਼ੀਲ ਹਿੱਸੇ ਵਿਚ ਪੱਥਰ ਲਾ ਕੇ ਇਸ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸ ਹਿੱਸੇ ਵਿਚ 13 ਸਟੱਡ ਤੇ ਦੋ ਸਪਰ ਬਣਾਏ ਜਾ ਰਹੇ ਹਨ। ਪੱਥਰ ਲਗਾਉਣ ਦੇ ਇਸ ਕੰਮ ਨੂੰ ਬਰਸਾਤਾਂ ਤੋਂ ਪਹਿਲਾਂ ਮੁਕੰਮਲ ਕਰਨ ਦਾ ਟੀਚਾ ਮਿਥਿਆ ਗਿਆ ਹੈ।
--ਬਾਕਸ : ਮੁੱਖ ਮੰਤਰੀ ਬੁੱਢਾ ਦਰਿਆ ‘ਤੇ ਆਉਣਗੇ
ਸੰਤ ਸੀਚੇਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਬੁੱਢੇ ਦਰਿਆ ਦੇ ਪ੍ਰਦੂਸ਼ਣ ਨੂੰ ਖਤਮ ਕਰਨ ਲਈ ਬਹੁਤ ਸੰਜ਼ੀਦਾ ਹਨ। ਉਨ੍ਹਾਂ ਮੁਲਾਕਾਤ ਉਪਰੰਤ ਭਰੋਸਾ ਦਿੱਤਾ ਕਿ ਉਹ ਅਪ੍ਰੈਲ ਦੇ ਆਖਿਰ ਵਿਚ ਬੁੱਢੇ ਦਰਿਆ ਦੀ ਸਫ਼ਾਈ ਦੇ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲੈਣ ਲਈ ਆਉਣਗੇ। ਇਸ ਮੁਲਾਕਾਤ ਦੌਰਾਨ ਸੰਤ ਸੀਚੇਵਾਲ ਵੱਲੋਂ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਦੀ ਤਜ਼ਵੀਜ਼ ਵੀ ਸਾਂਝੀ ਕੀਤੀ ਤੇ ਇਸ ਤਜ਼ਵੀਜ਼ ਦਾ ਪ੍ਰਸਤਾਵਿਤ ਨਕਸ਼ਾ ਵੀ ਦਿਖਾਇਆ ਗਿਆ।