ਪੰਜਾਬ ਤੋਂ ਬਾਹਰਲੇ ਤਖਤਾਂ ਲਈ ਸਿੱਧੀਆਂ ਹਵਾਈ ਉਡਾਣਾਂ ਚਲਾਈਆਂ ਜਾਣ : ਸੰਤ ਸੀਚੇਵਾਲ
ਸੰਤ ਸੀਚੇਵਾਲ ਵਲੋ ਪੰਜਾਬ ਤੋਂ ਬਾਹਰਲੇ ਤਖਤ ਸਹਿਬਾਨਾਂ ਲਈ ਸਿੱਧੀਆਂ ਹਵਾਈ ਉਡਾਨਾਂ ਦੀ ਮੰਗ
Publish Date: Tue, 17 Feb 2026 08:35 PM (IST)
Updated Date: Tue, 17 Feb 2026 08:39 PM (IST)

ਰੇਲਵੇ ਕਨੈਕਟਿਵਿਟੀ ਵਧਾਉਣ, ਏਅਰਲਾਈਨਾਂ ਦੀਆਂ ਮਨਮਾਨੀਆਂ ਰੋਕਣ ਤੇ ਸੰਗਤਾਂ ਲਈ ਰੇਲਵੇ ਦੀਆਂ ਹੋਰ ਸਹੂਲਤਾਂ ਦੀਆਂ ਮੰਗਾਂ ਉਠਾਈਆਂ ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬਜਟ ਸ਼ੈਸ਼ਨ ਦੇ ਪਹਿਲੇ ਹਿੱਸੇ ਵਿਚ ਆਪਣੀ ਕਾਰਗੁਜ਼ਾਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਪੰਜਾਬ, ਖਾੜੀ ਦੇਸ਼ਾਂ ਵਿਚ ਭਾਰਤੀ ਔਰਤਾਂ ਦੀ ਖੱਜਲ-ਖੁਆਰੀ ਰੋਕਣ, ਕੈਂਸਰ, ਨੈਸ਼ਨਲ ਹਾਈਵੇਅ ਦੇ ਪੰਜਾਬ ਵਿਚ ਰੁਕੇ ਹੋਏ ਪ੍ਰੋਜੈਕਟਾਂ ਤੇ ਵਾਤਾਵਰਣ ਸਮੇਤ ਲੋਕ ਭਲਾਈ ਦੇ ਮੁੱਦਿਆਂ ਨੂੰ ਛੂਹਣ ਦੇ ਯਤਨ ਕੀਤੇ ਹਨ। ਸੰਤ ਸੀਚੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਰਾਜ ਸਭਾ ਵਿਚ ਪੰਜਾਬ ਤੋਂ ਬਾਹਰ ਦੋਵੇਂ ਤਖਤਾਂ ਨੂੰ ਸਿੱਧਾ ਹਵਾਈ ਸੇਵਾਵਾਂ ਨਾਲ ਜੋੜਨ ਤੇ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਇਤਿਹਾਸਕ ਤੇ ਧਾਰਮਿਕ ਤੌਰ ’ਤੇ ਜੁੜੇ ਸੁਲਤਾਨਪੁਰ ਲੋਧੀ ਨੂੰ ਰੇਲਵੇ ਮਾਰਗ ਰਾਹੀ ਪੰਜਾਂ ਤਖਤਾਂ ਨਾਲ ਜੋੜਨ ਦਾ ਮੁੱਦਾ ਰੱਖਿਆ ਸੀ। ਸੰਤ ਸੀਚੇਵਾਲ ਨੇ ਮੰਗ ਕੀਤੀ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ, ਆਦਮਪੁਰ ਤੇ ਮੋਹਾਲੀ ਦੇ ਹਵਾਈ ਅੱਡਿਆਂ ਤੋਂ ਤਖ਼ਤ ਸ਼੍ਰੀ ਪਟਨਾ ਸਾਹਿਬ, ਤਖਤ ਸ਼੍ਰੀ ਹਜ਼ੂਰ ਸਾਹਿਬ ਸਮੇਤ ਦੇਸ਼ ਵਿਚ ਸਿੱਖਾਂ ਦੇ ਧਾਰਮਿਕ ਤੇ ਇਤਿਹਾਸਕ ਅਸਥਾਨਾਂ ਨੂੰ ਸਿੱਧੀ ਹਵਾਈ ਸੇਵਾ ਨਾਲ ਜੋੜਿਆ ਜਾਵੇ। ਸੰਤ ਸੀਚੇਵਾਲ ਨੇ ਦੱਸਿਆ ਕਿ ਵਿਦੇਸ਼ਾਂ ਵਿਚ ਪੰਜਾਬੀ ਭਾਈਚਾਰਾ ਵੱਡੀ ਪੱਧਰ ’ਤੇ ਪਰਵਾਸ ਕਰ ਚੁੱਕਾ ਹੈ। ਉਹ ਸਾਰਾ ਸਾਲ ਤਖਤਾਂ ਸਾਹਿਬਾਨਾਂ ਦੀਆਂ ਯਾਤਰਾਵਾਂ ਕਰਦੇ ਹਨ। ਪੰਜਾਬ ਵਿਚਲੇ ਹਵਾਈ ਅੱਡਿਆਂ ਤੋਂ ਜੇ ਸਿੱਧੀ ਉਡਾਣਾਂ ਸ਼ੁਰੂ ਹੁੰਦੀਆਂ ਹਨ ਤਾਂ ਇਸ ਨਾਲ ਰੋਜ਼ਗਾਰ ਦੇ ਮੌਕੇ ਵੱਡੀ ਪੱਧਰ ’ਤੇ ਮਿਲਣਗੇ। ਪਿਛਲੇ ਸਾਲ ਇੰਡੀਗੋ ਹਵਾਈ ਜਹਾਜਾਂ ਵਿਚ ਸਫ਼ਰ ਕਰਨ ਵਾਲਿਆਂ ਨੂੰ ਹੋਈ ਭਾਰੀ ਖੱਜਲ-ਖੁਆਰੀ ਦੇ ਮੁੱਦਿਆਂ ਬਾਰੇ ਵੀ ਕੇਂਦਰ ਸਰਕਾਰ ਨੂੰ ਉਨ੍ਹਾਂ ਘੇਰਿਆ ਸੀ। ਸੰਤ ਸੀਚੇਵਾਲ ਨੇ ਇੰਡੀਗੋ ਦੀਆਂ ਬਹੁਤ ਸਾਰੀਆਂ ਉਡਾਣਾਂ ਰੱਦ ਹੋਣ ਜਾਂ ਦੇਰੀ ਕਾਰਨ ਫਸੇ ਯਾਤਰੀਆਂ ਨੂੰ ਮਿਲਣ ਵਾਲੇ ਮੁਆਵਜ਼ੇ ਤੇ ਸੰਕਟ ਸਮੇਂ ਏਅਰਲਾਈਨਾਂ ਵਲੋਂ ਵਧਾਏ ਜਾਂਦੇ ਕਿਰਾਏ ’ਤੇ ਵੀ ਸਰਕਾਰ ਦਾ ਕੋਈ ਕੰਟਰੋਲ ਨਾ ਹੋਣ ਕਾਰਨ ਕੇਂਦਰ ਦੀ ਤਿੱਖੀ ਨੁਕਤਾਚੀਨੀ ਕੀਤੀ ਸੀ। ਉਨ੍ਹਾਂ ਕਿਹਾ ਕਿ ਏਅਰਲਾਈਨਾਂ ਵੱਲੋਂ ਇਸ ਤਰ੍ਹਾਂ ਲੋਕਾਂ ਨਾਲ ਸੋਸ਼ਣ ਕਰਨਾ ਮੰਦਭਾਗਾ ਹੈ। ਦੇਸ਼ ਦੇ ਰੇਲ ਮੰਤਰਾਲਾ ਨਾਲ ਸਬੰਧਤ ਸਵਾਲਾਂ ਦੌਰਾਨ ਸੰਤ ਬਲਬੀਰ ਸਿੰਘ ਨੇ ਸੁਲਤਾਨਪੁਰ ਲੋਧੀ ਦੀ ਰੇਲ ਕਨੈਕਟਿਵਿਟੀ ਨੂੰ ਵਧਾਉਣ ਤੇ ਅੰਡਰਬ੍ਰਿਜਾਂ ‘ਤੇ ਸ਼ੈੱਡ ਲਾਜ਼ਮੀ ਕਰਨ ਦੀ ਮੰਗ ਰੱਖੀ। ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਨੂੰ ਪਹਿਲਾਂ ਹੀ 22 ਟ੍ਰੇਨਾਂ ਰਾਹੀਂ ਕਈ ਵੱਡੇ ਸ਼ਹਿਰਾਂ ਨਾਲ ਜੋੜਿਆ ਹੋਇਆ ਹੈ ਤੇ ਨਵੇਂ ਪ੍ਰੋਜੈਕਟ ਸਾਈਟ ਦੀ ਲੋੜ ਤੇ ਸੰਭਾਵਨਾਂ ਤਲਾਸ਼ੀਆਂ ਜਾਣਗੀਆਂ। ਗੱਲਬਾਤ ਦੌਰਾਨ ਸੰਤ ਸੀਚੇਵਾਲ ਨੇ ਕਿਹਾ ਕਿ ਧਾਰਮਿਕ ਯਾਤਰੀਆਂ, ਆਮ ਲੋਕਾਂ ਤੇ ਪੰਜਾਬ ਦੇ ਬੁਨਿਆਦੀ ਢਾਂਚੇ ਨਾਲ ਜੁੜੇ ਮੁੱਦੇ ਉਨ੍ਹਾਂ ਦੀ ਪਹਿਲ ਰਹੀ ਹੈ। ਉਹ ਆਉਣ ਵਾਲੇ ਸਮੇਂ ਵਿਚ ਵੀ ਸਰਕਾਰ ‘ਤੇ ਦਬਾਅ ਬਣਾਉਂਦੇ ਰਹਿਣਗੇ, ਤਾਂ ਜੋ ਪੰਜਾਬ ਨੂੰ ਉਸਦਾ ਹੱਕ ਮਿਲ ਸਕੇ।