ਲੋੜਵੰਦ ਧੀਆਂ ਦੇ ਅਨੰਦ ਕਾਰਜ ਕਰਵਾ ਕੇ ਸੰਤ ਬਾਬਾ ਸੁੱਖਾ ਸਿੰਘ ਨੇ ਦਿਖਾਈ ਮਨੁੱਖਤਾ ਦੀ ਮਿਸਾਲ
ਲੋੜਵੰਦ ਧੀਆਂ ਦੇ ਅਨੰਦ ਕਾਰਜ ਕਰਵਾ ਕੇ ਸੰਤ ਬਾਬਾ ਸੁੱਖਾ ਸਿੰਘ ਨੇ ਨਿਭਾਈ ਮਨੁੱਖਤਾ ਦੀ ਮਿਸਾਲ
Publish Date: Tue, 24 Feb 2026 09:39 PM (IST)
Updated Date: Tue, 24 Feb 2026 09:40 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਹੜ੍ਹਾਂ ਦੌਰਾਨ ਮਹਾਨ ਸੇਵਾਵਾਂ ਨਿਭਾਉਣ ਲਈ ਜਾਣੇ ਜਾਂਦੇ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਦੀ ਅਗਵਾਈ ਹੇਠ ਅੱਜ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਚ ਇਕ ਲੋੜਵੰਦ ਪਰਿਵਾਰ ਦੀ ਧੀ ਦੇ ਅਨੰਦ ਕਾਰਜ ਸਾਦਗੀ ਤੇ ਧਾਰਮਿਕ ਰੀਤਾਂ ਰਿਵਾਜਾਂ ਅਨੁਸਾਰ ਕਰਵਾਏ ਗਏ। ਇਸ ਮੌਕੇ ਸੰਪਰਦਾਇ ਕਾਰ ਸੇਵਾ ਨਾਲ ਜੁੜੇ ਸੇਵਾਦਾਰਾਂ ਵੱਲੋਂ ਵਿਆਹ ਦੀਆਂ ਸਾਰੀਆਂ ਤਿਆਰੀਆਂ ਆਪਣੀ ਜ਼ਿੰਮੇਵਾਰੀ ਸਮਝਦਿਆਂ ਕੀਤੀਆਂ ਗਈਆਂ। ਧੀ ਨੂੰ ਵਿਆਹ ਲਈ ਜ਼ਰੂਰੀ ਸਾਜ਼ੋ-ਸਾਮਾਨ ਸਮੇਤ ਹੋਰ ਲੋੜੀਂਦੀ ਵਸਤਾਂ ਭੇਟ ਕੀਤੀਆਂ ਗਈਆਂ। ਇਸ ਮੌਕੇ ਮਾਤਾ ਸੁਲੱਖਣੀ ਜੀ ਗੁਰਦੁਆਰਾ ਸਾਹਿਬ ਦੇ ਜਥੇਦਾਰ ਹੀਰਾ ਸਿੰਘ ਨੇ ਕਿਹਾ ਕਿ ਸਮਾਜ ਦੇ ਗਰੀਬ ਤੇ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਕਰਨਾ ਸਭ ਤੋਂ ਵੱਡੀ ਸੇਵਾ ਹੈ ਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਵੀ ਮਨੁੱਖਤਾ ਦੀ ਭਲਾਈ ਦਾ ਹੀ ਸੰਦੇਸ਼ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਕਾਰ ਸੇਵਾ ਸਰਹਾਲੀ ਸਾਹਿਬ ਸੰਪਰਦਾਇ ਅੱਗੇ ਵੀ ਇਸ ਤਰ੍ਹਾਂ ਦੇ ਸੇਵਾ ਕਾਰਜ ਜਾਰੀ ਰੱਖੇਗਾ। ਇਸ ਅਨੰਦ ਕਾਰਜ ਦੌਰਾਨ ਇਲਾਕੇ ਦੇ ਧਾਰਮਿਕ ਤੇ ਸਮਾਜਿਕ ਸ਼ਖਸੀਅਤਾਂ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਰਹੀਆਂ ਤੇ ਨਵ-ਵਿਆਹੇ ਜੋੜੇ ਨੂੰ ਅਸੀਸਾਂ ਦਿੱਤੀਆਂ। ਪਰਿਵਾਰਕ ਮੈਂਬਰਾਂ ਨੇ ਸੰਤ ਬਾਬਾ ਸੁੱਖਾ ਸਿੰਘ ਤੇ ਸਮੂਹ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਹਾਇਤਾ ਨਾਲ ਉਹ ਆਪਣੀ ਧੀ ਦਾ ਵਿਆਹ ਕਰਨ ’ਚ ਸੰਭਵ ਹੋਏ ਹਨ। ਇਸ ਮੌਕੇ ਜਥੇਦਾਰ ਬਾਬਾ ਹੀਰਾ ਸਿੰਘ, ਬੋਹੜ ਸਿੰਘ ਹਜਾਰਾ, ਜੱਸਾ ਸਿੰਘ ਮਾਡਲ, ਹਰਨੇਕ ਸਿੰਘ, ਹਰਪਾਲ ਸਿੰਘ, ਬਾਬਾ ਬੂਟਾ ਸਿੰਘ, ਪਰਮਜੀਤ ਜੱਬੋਵਾਲ ਆਦਿ ਮੌਜੂਦ ਸਨ।