- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਕੌਂਸਲ ਇੰਪਲਾਈਜ਼ ਯੂਨੀਅਨ ਦੇ ਸੰਜੀਵ ਘਈ ਪ੍ਰਧਾਨ ਨਿਯੁਕਤ

--ਮੁਲਾਜ਼ਮਾਂ ਦੇ ਹੱਕਾਂ ਲਈ ਹਮੇਸ਼ਾਂ ਡਟ ਕੇ ਆਵਾਜ਼ ਬੁਲੰਦ ਕਰਾਂਗਾ : ਸੰਜੀਵ ਘਈ
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਮਿਊਂਸਪਲ ਇੰਪਲਾਈਜ਼ ਯੂਨੀਅਨ ਸੁਲਤਾਨਪੁਰ ਲੋਧੀ ਦੀ ਇੱਕ ਵਿਸ਼ੇਸ਼ ਮੀਟਿੰਗ ਨਗਰ ਕੌਂਸਲ ਦਫ਼ਤਰ ਵਿਖੇ ਹੋਈ, ਜਿਸ ਵਿੱਚ ਨਗਰ ਕੌਂਸਲ ਦੇ ਸਮੂਹ ਕਰਮਚਾਰੀਆਂ ਤੇ ਸਫ਼ਾਈ ਸੇਵਕ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਯੂਨੀਅਨ ਦਾ ਨਵੇਂ ਸਿਰੇ ਤੋਂ ਗਠਨ ਕਰਦਿਆਂ ਅਹੁਦੇਦਾਰਾਂ ਦੀ ਚੋਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਮੂਹ ਯੂਨੀਅਨ ਮੈਂਬਰਾਂ ਨੇ ਸੰਜੀਵ ਘਈ ਵੱਲੋਂ ਪਿਛਲੇ ਸਮੇਂ ਦੌਰਾਨ ਮੁਲਾਜ਼ਮਾਂ ਦੇ ਹਿੱਤਾਂ ਲਈ ਕੀਤੇ ਕੰਮਾਂ ਤੇ ਉਨ੍ਹਾਂ ਦੀ ਬਿਹਤਰ ਕਾਰਜਸ਼ੈਲੀ ’ਤੇ ਭਰੋਸਾ ਪ੍ਰਗਟ ਕਰਦਿਆਂ ਸੰਜੀਵ ਘਈ ਨੂੰ ਮੁੜ ਯੂਨੀਅਨ ਦਾ ਪ੍ਰਧਾਨ ਸਰਬਸੰਮਤੀ ਨਾਲ ਚੁਣ ਲਿਆ। ਉਨ੍ਹਾਂ ਦੀ ਚੋਣ ਦਾ ਯੂਨੀਅਨ ਮੈਂਬਰਾਂ ਵੱਲੋਂ ਖੁਸ਼ੀ ਨਾਲ ਸਵਾਗਤ ਕੀਤਾ ਗਿਆ। ਨਵ-ਨਿਯੁਕਤ ਪ੍ਰਧਾਨ ਸੰਜੀਵ ਘਈ ਨੇ ਸਮੂਹ ਯੂਨੀਅਨ ਮੈਂਬਰਾਂ ਦਾ ਮੁੜ ਉਨ੍ਹਾਂ ’ਤੇ ਵਿਸ਼ਵਾਸ ਪ੍ਰਗਟ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਮੁਲਾਜ਼ਮਾਂ ਵੱਲੋਂ ਦਿੱਤੀ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੇ ਹੱਕਾਂ, ਸਨਮਾਨ ਤੇ ਜਾਇਜ਼ ਮੰਗਾਂ ਲਈ ਉਹ ਹਮੇਸ਼ਾਂ ਡਟ ਕੇ ਖੜ੍ਹੇ ਰਹਿਣਗੇ ਤੇ ਯੂਨੀਅਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਚੱਲਣਗੇ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੇ ਮੁਲਾਜ਼ਮ ਸ਼ਹਿਰ ਦੀ ਸਫ਼ਾਈ, ਸੁਚੱਜੇ ਪ੍ਰਬੰਧ ਤੇ ਰੋਜ਼ਾਨਾ ਦੀਆਂ ਜਨਤਕ ਸੇਵਾਵਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਲਈ ਉਨ੍ਹਾਂ ਦੇ ਮਾਣ-ਸਨਮਾਨ ਤੇ ਭਲਾਈ ਨੂੰ ਯਕੀਨੀ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਹਰੇਕ ਮੁਲਾਜ਼ਮ ਦੀ ਆਵਾਜ਼ ਬਣ ਕੇ ਕੰਮ ਕਰੇਗੀ ਤੇ ਸਾਥੀਆਂ ਦੀਆਂ ਜਾਇਜ਼ ਸਮੱਸਿਆਵਾਂ ਤੇ ਮੰਗਾਂ ਨੂੰ ਯੋਗ ਪੱਧਰ ’ਤੇ ਉਠਾਉਣ ਲਈ ਇਕਜੁੱਟ ਹੋ ਕੇ ਯਤਨ ਕੀਤੇ ਜਾਣਗੇ। ਇਸ ਮੌਕੇ ਕਿਰਨਾ ਸੀਨੀਅਰ ਮੀਤ ਪ੍ਰਧਾਨ, ਪਰਮਜੀਤ ਕੌਰ ਮੀਤ ਪ੍ਰਧਾਨ, ਅਨੀਤਾ ਕੈਸ਼ੀਅਰ, ਸਵਿਤਾ ਸਹਾਇਕ ਸਕੱਤਰ, ਸੰਨੀ ਨਾਹਰ ਸਕੱਤਰ, ਪਵਨ ਸਹੋਤਾ ਜੁਆਇੰਟ ਸਕੱਤਰ, ਗਗਨਦੀਪ ਨਾਹਰ ਲੇਖਾਕਾਰ, ਰਕੇਸ਼ ਰਤਨ ਸਹੋਤਾ ਸੀਨੀਅਰ ਮੈਂਬਰ, ਜਦਕਿ ਬਲਜੀਤ ਦੱਤਾ, ਅਸ਼ਵਨੀ ਤੇ ਪੂਜਾ ਨੂੰ ਮੈਂਬਰ ਚੁਣਿਆ ਗਿਆ।