- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਫ਼ਾਈ ਸੇਵਕ ਸ਼ਹਿਰਾਂ ਅਤੇ ਪਿੰਡਾਂ ਨੂੰ ਸਾਫ਼ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ : ਚੇਤਨ ਸੂਰੀ

ਗੁਰਵਿੰਦਰ ਕੌਰ, ਪੰਜਾਬੀ ਜਾਗਰਣ, ਕਪੂਰਥਲਾ :
ਬਰਨਾਲਾ ਵਿੱਚ ਸਫ਼ਾਈ ਸੇਵਕਾਂ ਤੇ ਹੋਏ ਲਾਠੀਚਾਰਜ ਵਿਰੁੱਧ ਵਿਰਾਸਤੀ ਸ਼ਹਿਰ ਸਫ਼ਾਈ ਸੇਵਕ ਯੂਨੀਅਨ ਵੱਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨ ਦਾ ਭਾਜਪਾ ਆਗੂਆਂ ਨੇ ਖੁੱਲ੍ਹ ਕੇ ਸਮਰਥਨ ਕੀਤਾ ਅਤੇ ਵੱਡੀ ਗਿਣਤੀ ਵਿੱਚ ਰੋਸ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਬਰਨਾਲਾ ਵਿੱਚ ਆਪਣੀਆਂ ਮੰਗਾਂ ਲਈ ਧਰਨਾ ਦੇ ਰਹੇ ਸਫ਼ਾਈ ਸੇਵਕਾਂ ਤੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਆਪਣੀਆਂ ਜਾਇਜ਼ ਮੰਗਾਂ ਲਈ ਸ਼ਾਂਤੀਪੂਰਵਕ ਲੜ ਰਹੇ ਮੁਲਾਜ਼ਮਾਂ ’ਤੇ ਤਾਕਤ ਦੀ ਵਰਤੋਂ ਕਰਨਾ ਲੋਕਤੰਤਰੀ ਕਦਰਾਂ-ਕੀਮਤਾਂ ਦੇ ਵਿਰੁੱਧ ਹੈ।ਚੇਤਨ ਸੂਰੀ ਨੇ ਕਿਹਾ ਕਿ ਸਫ਼ਾਈ ਸੇਵਕ ਸ਼ਹਿਰਾਂ ਅਤੇ ਪਿੰਡਾਂ ਨੂੰ ਸਾਫ਼ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਗੱਲਬਾਤ ਰਾਹੀਂ ਕੀਤਾ ਜਾਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਲਾਠੀਚਾਰਜ ਕਾਰਨ ਕਈ ਕਰਮਚਾਰੀ ਜ਼ਖਮੀ ਹੋਏ ਹਨ,ਜਿਸ ਨੇ ਸਰਕਾਰ ਦੀ ਕਰਮਚਾਰੀ ਵਿਰੋਧੀ ਮਾਨਸਿਕਤਾ ਨੂੰ ਨੰਗਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਹਮਦਰਦੀ ਨਾਲ ਸੁਣਨਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਹੱਕਾਂ ਦੀ ਰੱਖਿਆ ਕਰਨੀ ਚਾਹੀਦੀ ਹੈ।ਚੇਤਨ ਸੂਰੀ ਨੇ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਅਤੇ ਜ਼ਖਮੀ ਸਫ਼ਾਈ ਸੇਵਕਾਂ ਨੂੰ ਢੁਕਵਾਂ ਮੁਆਵਜ਼ਾ ਅਤੇ ਇਲਾਜ ਮੁਹੱਈਆ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਰਕਾਰ ਤੁਰੰਤ ਉਨ੍ਹਾਂ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਸ਼ੁਰੂ ਕਰੇ ਤਾਂ ਜੋ ਜਲਦੀ ਹੱਲ ਕੱਢਿਆ ਜਾ ਸਕੇ। ਚੇਤਨ ਸੂਰੀ ਨੇ ਕਿਹਾ ਕਿ ਭਾਜਪਾ ਪਾਰਟੀ ਹਮੇਸ਼ਾ ਹੀ,ਮਜਦੂਰਾਂ ਕਰਮਚਾਰੀਆਂ ਤੇ ਆਮ ਲੋਕਾਂ ਦੇ ਹੱਕਾਂ ਲਈ ਆਵਾਜ਼ ਰਹੀ ਹੈ ਅਤੇ ਹਰ ਲੋਕਤੰਤਰੀ ਸੰਘਰਸ਼ ਵਿੱਚ ਉਨ੍ਹਾਂ ਦੇ ਨਾਲ ਖੜ੍ਹੀ ਰਹੇਗੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਤਾਂ ਭਾਜਪਾ ਪਾਰਟੀ ਉਨ੍ਹਾਂ ਦੇ ਸਮਰਥਨ ਵਿੱਚ ਆਪਣਾ ਲੋਕਤੰਤਰੀ ਸੰਘਰਸ਼ ਤੇਜ਼ ਕਰੇਗੀ। ਇਸ ਮੌਕੇ ਭਾਜਪਾ ਦੇ ਸੂਬਾ ਭਾਜਪਾ ਕਾਰਜਕਾਰਣੀ ਦੇ ਮੈਂਬਰ ਉਮੇਸ਼ ਸ਼ਾਰਦਾ, ਸੀਨੀਅਰ ਭਾਜਪਾ ਆਗੂ ਯਸ਼ ਮਹਾਜਨ, ਕੌਂਸਲਰ ਵਿੱਕੀ ਗੁਜਰਾਲ,ਭਾਜਪਾ ਆਗੂ ਗੋਰਾ ਗਿੱਲ, ਜਗਦੀਸ਼ ਸ਼ਰਮਾ,ਸੰਜੀਵ ਖੰਨਾ,ਕਪੂਰਚੰਦ ਥਾਪਰ, ਕਮਲ ਪ੍ਰਭਾਕਰ,ਲੱਕੀ ਸਰਪੰਚ, ਮੱਸਾ ਸਿੰਘ, ਮਹਿੰਦਰ ਸਿੰਘ ਬਲੇਰ,ਡਾ.ਅਮਰਨਾਥ,ਜੰਗੀ, ਸੁਨੀਲ ਅਰੋੜਾ, ਜਸਪਾਲ ਸਿੰਘ,ਅਸ਼ੋਕ ਮਾਹਲਾ, ਉਪਿੰਦਰ ਸਿੰਘ,ਅਨਿਲ ਕੁਮਾਰ, ਰਾਜਨ, ਸਾਹਿਲ ਵਾਲੀਆ,ਅੰਕੁਸ਼ ਚੌਹਾਨ,ਦੀਪਕ ਕੁਮਾਰ,ਗੋਪੀ ਸਿੰਘ, ਰਮੀਕ ਸਾਬ,ਅਨਮੋਲਪ੍ਰੀਤ ਸਿੰਘ,ਮੁਕੇਸ਼ ਕੁਮਾਰ,ਆਕਾਸ਼,ਸਾਹਿਲ,ਨਰਿੰਦਰ ਸਿੰਘ,ਰੋਸ਼ਨ, ਹਰਮਨ ਸਿੰਘ,ਸ਼ੁਭਮ,ਨਿਤੀਸ਼ ਕੁਮਾਰ,ਗੁਰਬਖਸ਼ ਸਿੰਘ,ਰਵੀ ਕੁਮਾਰ,ਸ਼ਿਵਮ ਠਾਕੁਰ,ਯੋਗੇਸ਼,ਸਚਿਨ, ਜਸਕਰਨ ਸਿੰਘ,ਸੁਖਵਿੰਦਰ ਸਿੰਘ,ਯੁਵਰਾਜ ਸਿੰਘ, ਸੰਨੀ ਚੀਮਾ,ਹਰਵਿੰਦਰ ਸਿੰਘ,ਕਰਨ ਸਿੰਘ ਆਦਿ ਹਾਜ਼ਰ ਸਨ।