ਸਫ਼ਾਈ ਕਾਮਿਆਂ ਦੀ ਹੜਤਾਲ ਨਾਲ ਲੱਗੇ ਕੂੜੇ ਦੇ ਢੇਰ ਬਰਨਾਲਾ ਲਾਠੀਚਾਰਜ ਤੋਂ ਬਾਅਦ ਪੰਜਾਬ 'ਚ ਸਫਾਈ ਕਾਮਿਆਂ ਦੀ ਹੜਤਾਲ, ਲੱਗੇ ਕੂੜੇ-ਗੰਦਗੀ ਦੇ ਢੇਰ
Publish Date: Mon, 27 Jul 2026 09:51 PM (IST)
Updated Date: Mon, 27 Jul 2026 09:52 PM (IST)
30 ਜੁਲਾਈ ਨੂੰ ਸੁਲਤਾਨਪੁਰ ਲੋਧੀ ਬੰਦ ਰੱਖਣ ਦਾ ਐਲਾਨ ਕੈਪਸ਼ਨ : 27ਕੇਪੀਟੀ16,17 ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਬਰਨਾਲਾ ਵਿਖੇ ਸਫ਼ਾਈ ਸੇਵਕਾਂ ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਪੂਰੇ ਪੰਜਾਬ ਦੇ ਸਫ਼ਾਈ ਕਾਮਿਆਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਕੜੀ ਤਹਿਤ ਪਾਵਨ ਨਗਰੀ ਸੁਲਤਾਨਪੁਰ ਲੋਧੀ ਦੇ ਸਮੂਹ ਸਫ਼ਾਈ ਕਰਮਚਾਰੀ ਤੇ ਮੁਲਾਜ਼ਮ ਵੀ ਹੜਤਾਲ ਤੇ ਚਲੇ ਗਏ ਹਨ, ਜਿਸ ਕਾਰਨ ਪਾਵਨ ਨਗਰੀ ਤਾਂ ਹੁਣ ਕੂੜੇ ਤੇ ਗੰਦਗੀ ਦੇ ਢੇਰਾਂ ਵਿੱਚ ਤਬਦੀਲ ਹੋ ਗਈ ਹੈ। ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ, ਮੁੱਖ ਬਾਜ਼ਾਰਾਂ, ਬਸਤੀ ਇਲਾਕਿਆਂ ਤੇ ਗੁਰਧਾਮਾਂ ਵੱਲ ਜਾਣ ਵਾਲੇ ਰਸਤਿਆਂ ਤੇ ਕੂੜਾ ਨਾ ਚੁੱਕੇ ਜਾਣ ਕਾਰਨ ਗੰਦਗੀ ਦੇ ਵੱਡੇ-ਵੱਡੇ ਢੇਰ ਲੱਗ ਚੁੱਕੇ ਹਨ। ਸਫ਼ਾਈ ਕਾਮਿਆਂ ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨਦੀ, ਉਦੋਂ ਤੱਕ ਇਹ ਹੜਤਾਲ ਜਾਰੀ ਰਹੇਗੀ। ਉਨ੍ਹਾਂ ਬਰਨਾਲਾ ਵਿਖੇ ਸਫ਼ਾਈ ਸੇਵਕਾਂ ਤੇ ਕੀਤੇ ਗਏ ਲਾਠੀਚਾਰਜ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਤੇ ਸਰਕਾਰ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ। ਨਗਰ ਕੌਂਸਲ ਯੂਨੀਅਨ ਤੇ ਸਫ਼ਾਈ ਕਰਮਚਾਰੀਆਂ ਦੇ ਪ੍ਰਧਾਨ ਸੰਜੀਵ ਘਈ ਨੇ ਕਿਹਾ ਕਿ ਹਰ ਵਾਰ ਸਰਕਾਰ ਵੱਲੋਂ ਸਿਰਫ਼ ਵਾਅਦੇ ਹੀ ਕੀਤੇ ਜਾਂਦੇ ਹਨ ਪਰ ਜ਼ਮੀਨੀ ਪੱਧਰ ਤੇ ਕੋਈ ਹੱਲ ਨਹੀਂ ਕੱਢਿਆ ਜਾਂਦਾ। ਸੰਜੀਵ ਘਈ ਨੇ ਦੱਸਿਆ ਕਿ ਬਰਨਾਲਾ ਲਾਠੀਚਾਰਜ ਦੇ ਵਿਰੋਧ ਵਿੱਚ ਸੁਲਤਾਨਪੁਰ ਲੋਧੀ ਦੇ ਸਮੂਹ ਭਾਈਚਾਰੇ ਵੱਲੋਂ 30 ਜੁਲਾਈ ਦਿਨ ਵੀਰਵਾਰ ਨੂੰ ਸੁਲਤਾਨਪੁਰ ਲੋਧੀ ਹਲਕੇ ਨੂੰ ਪੂਰੀ ਤਰ੍ਹਾਂ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਸਮੂਹ ਦੁਕਾਨਦਾਰਾਂ, ਵਪਾਰੀਆਂ, ਕਾਰਖਾਨਿਆਂ ਦੇ ਮਾਲਕਾਂ, ਕਾਲਜਾਂ ਤੇ ਸਕੂਲਾਂ ਨੂੰ ਅਪੀਲ ਕੀਤੀ ਕਿ ਉਹ ਇਸ ਦਿਨ ਆਪਣੇ ਅਦਾਰੇ ਬੰਦ ਰੱਖ ਕੇ ਇਸ ਅੰਦੋਲਨ ਦਾ ਸਮਰਥਨ ਕਰਨ ਤਾਂ ਜੋ ਸਰਕਾਰ ਨੂੰ ਇਸ ਕਾਂਡ ਦੇ ਵਿਰੋਧ ਵਿੱਚ ਸਬਕ ਸਿਖਾਇਆ ਜਾ ਸਕੇ। ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਕਿਹਾ ਕਿ ਇਸ ਗੰਦਗੀ ਕਾਰਨ ਦੇਸ਼-ਵਿਦੇਸ਼ ਤੋਂ ਪਾਵਨ ਨਗਰੀ ਦੇ ਇਤਿਹਾਸਿਕ ਗੁਰਧਾਮਾਂ ਦੇ ਦਰਸ਼ਨਾਂ ਲਈ ਆ ਰਹੀ ਸੰਗਤ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸ ਕਰਕੇ ਬੱਸ ਸਟੈਂਡ, ਗੁਰਦੁਆਰਾ ਬੇਰ ਸਾਹਿਬ ਅਤੇ ਗੁਰਦੁਆਰਾ ਅੰਤਰਯਾਮਤਾ ਸਾਹਿਬ, ਗੁਰਦੁਆਰਾ ਹੱਟ ਸਾਹਿਬ ਜੀ ਵੱਲ ਜਾਣ ਵਾਲੇ ਰਸਤਿਆਂ ਤੇ ਲੱਗੇ ਕੂੜੇ ਦੇ ਢੇਰਾਂ ਕਾਰਨ ਸੰਗਤ ਨੂੰ ਆਉਣ-ਜਾਣ ਵਿੱਚ ਦਿੱਕਤ ਆ ਰਹੀ ਹੈ। ਅੱਜ ਨਗਰ ਕੌਂਸਲ ਸੁਲਤਾਨਪੁਰ ਲੋਧੀ ਵਿਖੇ ਸਫ਼ਾਈ ਕਾਮਿਆਂ ਦੀ ਹੜਤਾਲ ਦੌਰਾਨ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਨਿਰਮਲ ਸਿੰਘ ਸ਼ੇਰਪੁਰ ਸੱਧਾ ਸ਼ਾਮਲ ਹੋਏ। ਉਨ੍ਹਾਂ ਸਫ਼ਾਈ ਸੇਵਕਾਂ ਦੀ ਹੜਤਾਲ ਦਾ ਸਮਰਥਨ ਕਰਦਿਆਂ ਵਰਕਰਾਂ ਨੂੰ 30 ਜੁਲਾਈ ਨੂੰ ਪੰਜਾਬ ਬੰਦ ਵਿੱਚ ਸ਼ਮੂਲੀਅਤ ਕਰਨ ਤੇ ਹੋਰ ਭਰਾਤਰੀ ਜਥੇਬੰਦੀਆਂ ਨੂੰ ਵੀ ਇਸ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।