ਸੱਜਣ ਕੁਮਾਰ ਦੀ ਮੌਤ ਨਾਲ ਦੁਨੀਆਂ ਤੋਂ ਬੋਝ ਘੱਟ ਹੋਇਆ ਸੱਜਣ ਕੁਮਾਰ ਦੀ ਮੌਤ ਨਾਲ ਦੁਨੀਆਂ ਤੋਂ ਇੱਕ ਬੋਝ ਘੱਟ ਹੋਇਆ : ਐਂਟੀ ਡਰੱਗ ਕਲੱਬ
Publish Date: Sun, 30 Aug 2026 08:07 PM (IST)
Updated Date: Sun, 30 Aug 2026 08:10 PM (IST)
1984 ਦੇ ਕਾਤਲ ਦਾ ਅੰਤ ਇਨਸਾਫ਼ ਦੀ ਜਿੱਤ ਸਿੱਖ ਕੌਮ ਦੇ ਜ਼ਖ਼ਮ ਅੱਜ ਵੀ ਅੱਲ੍ਹੇ : ਡਾ. ਗਗਨਦੀਪ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : 1984 ਦੇ ਸਿੱਖ ਕਤਲੇਆਮ ਦੇ ਮਾਮਲਿਆਂ ਨਾਲ ਜੁੜੇ ਸੱਜਣ ਕੁਮਾਰ ਦੀ ਮੌਤ ’ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਐਂਟੀ ਡਰੱਗਸ ਕਲੱਬ ਦੇ ਚੇਅਰਮੈਨ ਡਾ. ਗਗਨਦੀਪ ਸਿੰਘ ਸਮੇਤ ਨਵਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਸੋਨਾ, ਜਗਦੀਪ ਸਿੰਘ ਤੇ ਭੁਪਿੰਦਰ ਸਿੰਘ ਨੇ ਕਿਹਾ ਕਿ ਸੱਜਣ ਕੁਮਾਰ ਦੀ ਮੌਤ ਨਾਲ ਇਸ ਦੁਨੀਆਂ ਤੋਂ ਕੁਝ ਬੋਝ ਘੱਟ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਵਿਅਕਤੀ ਦਾ ਅੰਤ ਨਹੀਂ, ਸਗੋਂ 1984 ਦੇ ਕਤਲੇਆਮ ਨਾਲ ਜੁੜੇ ਪੀੜਤ ਪਰਿਵਾਰਾਂ ਲਈ ਲੰਬੇ ਸਮੇਂ ਬਾਅਦ ਮਿਲੇ ਇਨਸਾਫ਼ ਦੀ ਇੱਕ ਨਿਸ਼ਾਨੀ ਹੈ। ਡਾ. ਗਗਨਦੀਪ ਸਿੰਘ ਨੇ ਕਿਹਾ ਕਿ 1984 ਦੇ ਕਤਲੇਆਮ ਦੀਆਂ ਯਾਦਾਂ ਸਿੱਖ ਕੌਮ ਦੇ ਦਿਲਾਂ ’ਚ ਅੱਜ ਵੀ ਤਾਜ਼ਾ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਪੁੱਤਰ, ਪਿਤਾ, ਭਰਾ ਤੇ ਹੋਰ ਪਰਿਵਾਰਕ ਮੈਂਬਰ ਗੁਆਏ, ਉਨ੍ਹਾਂ ਦੇ ਜ਼ਖ਼ਮ ਸਮੇਂ ਦੇ ਬੀਤਣ ਨਾਲ ਵੀ ਨਹੀਂ ਭਰੇ। ਉਨ੍ਹਾਂ ਕਿਹਾ ਕਿ ਕਾਨੂੰਨ ਦੇ ਲੰਮੇ ਸੰਘਰਸ਼ ਤੋਂ ਬਾਅਦ ਦੋਸ਼ੀ ਦਾ ਆਪਣੇ ਅੰਜਾਮ ਤੱਕ ਪਹੁੰਚਣਾ ਪੀੜਤਾਂ ਲਈ ਦੇਰ ਨਾਲ ਮਿਲੇ ਇਨਸਾਫ਼ ਵਾਂਗ ਹੈ। ਉਨ੍ਹਾਂ ਕਿਹਾ ਕਿ ਇਨਸਾਫ਼ ਭਾਵੇਂ ਦੇਰ ਨਾਲ ਮਿਲੇ, ਪਰ ਸੱਚ ਨੂੰ ਹਮੇਸ਼ਾਂ ਦੱਬਿਆ ਨਹੀਂ ਜਾ ਸਕਦਾ। 1984 ਦੇ ਅਨੇਕਾਂ ਪੀੜਤਾਂ ਦੀਆਂ ਅੱਖਾਂ ਵਿੱਚੋਂ ਵਹੇ ਹੰਝੂ ਤੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਦਹਾਕਿਆਂ ਤੱਕ ਲੜੀ ਗਈ ਕਾਨੂੰਨੀ ਲੜਾਈ ਇਤਿਹਾਸ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਧਰਮ, ਕੌਮ ਜਾਂ ਸਮਾਜ ਨਾਲ ਹੋਈ ਬੇਇਨਸਾਫ਼ੀ ਨੂੰ ਭੁੱਲਣਾ ਨਹੀਂ, ਸਗੋਂ ਉਸ ਤੋਂ ਸਬਕ ਲੈਣਾ ਹੀ ਸੱਚੀ ਮਨੁੱਖਤਾ ਹੈ। ਇਸ ਮੌਕੇ ਨਵਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਸੋਨਾ, ਜਗਦੀਪ ਸਿੰਘ ਤੇ ਭੁਪਿੰਦਰ ਸਿੰਘ ਨੇ ਵੀ ਕਿਹਾ ਕਿ 1984 ਦੇ ਪੀੜਤਾਂ ਨੂੰ ਸਿਰਫ਼ ਅਦਾਲਤੀ ਫ਼ੈਸਲਿਆਂ ਦੀ ਨਹੀਂ, ਬਲਕਿ ਇਤਿਹਾਸਕ ਸੱਚ ਨੂੰ ਸਵੀਕਾਰ ਕਰਨ ਤੇ ਪੀੜਤ ਪਰਿਵਾਰਾਂ ਦੇ ਦਰਦ ਨੂੰ ਸਮਝਣ ਦੀ ਵੀ ਲੋੜ ਹੈ। ਉਨ੍ਹਾਂ ਕਿਹਾ ਕਿ ਕਤਲੇਆਮ ਦੇ ਦੋਸ਼ੀਆਂ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਹਮਦਰਦੀ ਨਹੀਂ ਹੋਣੀ ਚਾਹੀਦੀ ਤੇ ਨਿਆਂ ਦੀ ਪ੍ਰਕਿਰਿਆ ’ਤੇ ਵਿਸ਼ਵਾਸ ਕਾਇਮ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਦੀ ਮੌਤ ਨੂੰ 1984 ਦੇ ਪੀੜਤਾਂ ਦੇ ਸੰਘਰਸ਼ ਦੇ ਅੰਤ ਵਜੋਂ ਨਹੀਂ, ਸਗੋਂ ਇਨਸਾਫ਼ ਦੀ ਲੰਮੀ ਲੜਾਈ ਵਿੱਚ ਇੱਕ ਅਹਿਮ ਪੜਾਅ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਸਿੱਖ ਕੌਮ ਦੇ ਜ਼ਖ਼ਮ ਅੱਜ ਵੀ ਅੱਲ੍ਹੇ ਹਨ ਤੇ ਪੀੜਤ ਪਰਿਵਾਰਾਂ ਨੂੰ ਪੂਰਨ ਨਿਆਂ ਮਿਲਣਾ ਹੀ ਅਸਲ ਸ਼ਰਧਾਂਜਲੀ ਹੋਵੇਗੀ।