ਸੈਨਿਕ ਸਕੂਲ ਕਪੂਰਥਲਾ ਦੀ ਬੈਂਡ ਟੀਮ ਨੇ ਪੀਐੱਮ ਦੇ ਸਾਹਮਣੇ ਕੀਤਾ ਸ਼ਾਨਦਾਰ ਪ੍ਰਦਰਸ਼ਨ ਸੈਨਿਕ ਸਕੂਲ ਕਪੂਰਥਲਾ ਦੀ ਬੈਂਡ ਟੀਮ ਨੇ ਵਧਾਇਆ ਮਾਣ, ਪ੍ਰਧਾਨ ਮੰਤਰੀ ਦੇ ਸਾਹਮਣੇ ਕੀਤਾ ਸ਼ਾਨਦਾਰ ਪ੍ਰਦਰਸ਼ਨ
Publish Date: Sat, 07 Nov 2026 07:04 PM (IST)
Updated Date: Sat, 07 Nov 2026 07:05 PM (IST)
ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸੈਨਿਕ ਸਕੂਲ ਕਪੂਰਥਲਾ ਦੀ ਬੈਂਡ ਟੀਮ ਨੇ ਰਾਸ਼ਟਰੀ ਏਕਤਾ ਦਿਵਸ ਸਮਾਰੋਹ (ਅਹਿਮਦਾਬਾਦ)-2026 ਵਿੱਚ ਸ਼ਾਨਦਾਰ ਭਾਗੀਦਾਰੀ ਕਰਕੇ ਸੈਨਿਕ ਸਕੂਲ ਦੇ ਨਾਲ-ਨਾਲ ਪੰਜਾਬ ਦਾ ਮਾਣ ਰਾਸ਼ਟਰੀ ਪੱਧਰ ਤੇ ਵਧਾਇਆ ਹੈ। ਜ਼ਿਕਰਯੋਗ ਹੈ ਕਿ 7 ਅਕਤੂਬਰ ਤੋਂ 31 ਅਕਤੂਬਰ, 2026 ਤੱਕ ਆਯੋਜਿਤ ਕੀਤੇ ਗਏ ਇਸ ਵੱਕਾਰੀ ਰਾਸ਼ਟਰੀ ਸਮਾਰੋਹ ਵਿੱਚ ਬੈਂਡ ਟੀਮ ਨੇ ਅਨੁਸ਼ਾਸਨ, ਸਮਰਪਣ, ਸ਼ਾਨਦਾਰ ਮਾਰਚਿੰਗ ਕੌਸ਼ਲ ਤੇ ਦੇਸ਼ ਭਗਤੀ ਦਾ ਬੇਮਿਸਾਲ ਪ੍ਰਦਰਸ਼ਨ ਕੀਤਾ। ਇਸ ਟੀਮ ਵਿੱਚ ਕੁੱਲ 45 ਕੈਡਿਟ ਸ਼ਾਮਲ ਸਨ। ਸਮਾਰੋਹ ਦੇ ਪਹਿਲੇ ਪੜਾਅ ਦੌਰਾਨ ਬੈਂਡ ਟੀਮ ਨੇ 7 ਤੋਂ 16 ਅਕਤੂਬਰ ਤੱਕ ਅਹਿਮਦਾਬਾਦ ਵਿਖੇ ਮਾਰਚਿੰਗ ਦਾ ਸਖ਼ਤ ਅਭਿਆਸ ਕੀਤਾ। ਇਸ ਤੋਂ ਬਾਅਦ ਟੀਮ ਏਕਤਾ ਨਗਰ ਪਹੁੰਚੀ, ਜਿੱਥੇ 17 ਤੋਂ 31 ਅਕਤੂਬਰ ਤੱਕ ਪਰੇਡ ਦੀ ਰਿਹਰਸਲ ਤੇ ਹੋਰ ਤਿਆਰੀਆਂ ਵਿੱਚ ਹਿੱਸਾ ਲਿਆ। ਲਗਾਤਾਰ ਅਭਿਆਸ ਤੇ ਸਖ਼ਤ ਮਿਹਨਤ ਦੇ ਸਦਕਾ ਕੈਡਿਟਾਂ ਨੇ ਪਰੇਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰਾਸ਼ਟਰੀ ਏਕਤਾ ਦਿਵਸ ਦਾ ਵਿਸ਼ਾਲ ਸਮਾਪਤੀ ਸਮਾਰੋਹ 31 ਅਕਤੂਬਰ ਨੂੰ ਲੋਹ ਪੁਰਸ਼ ਸਰਦਾਰ ਵੱਲਭਭਾਈ ਪਟੇਲ ਦੇ ਜਨਮ ਦਿਵਸ ਮੌਕੇ ਆਯੋਜਿਤ ਕੀਤਾ ਗਿਆ। ਇਸ ਇਤਿਹਾਸਕ ਸਮਾਰੋਹ ਦੀ ਪ੍ਰਧਾਨਗੀ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖ਼ੁਦ ਕੀਤੀ। ਮਾਰਚ-ਪਾਸਟ ਦੌਰਾਨ ਸੈਨਿਕ ਸਕੂਲ ਕਪੂਰਥਲਾ ਦੀ ਬੈਂਡ ਟੀਮ ਨੂੰ ਐੱਨਸੀਸੀ ਕੈਡਿਟਾਂ ਦੇ ਨਾਲ ਕਦਮਤਾਲ ਕਰਦਿਆਂ ਪ੍ਰਧਾਨ ਮੰਤਰੀ ਨੂੰ ਸਲਾਮੀ ਦੇਣ ਦਾ ਮਾਣਮੱਤਾ ਮੌਕਾ ਪ੍ਰਾਪਤ ਹੋਇਆ। ਸ਼ਾਨਦਾਰ ਪ੍ਰਦਰਸ਼ਨ ਦੇ ਚਲਦਿਆਂ 30 ਅਕਤੂਬਰ ਨੂੰ ਆਯੋਜਿਤ ਕੀਤੇ ਗਏ ਵਿਸ਼ੇਸ਼ ਸੱਭਿਆਚਾਰਕ ਪ੍ਰੋਗਰਾਮ ਵਿੱਚ ਵੀ ਟੀਮ ਨੂੰ ਸੱਦਾ ਦਿੱਤਾ ਗਿਆ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਸ਼ਾਨਦਾਰ ਸਮਾਗਮ ਦਾ ਹਿੱਸਾ ਬਣਨਾ ਸੈਨਿਕ ਸਕੂਲ ਦੇ ਕੈਡਿਟਾਂ ਲਈ ਇੱਕ ਅਭੁੱਲ ਯਾਦਗਾਰੀ ਅਨੁਭਵ ਰਿਹਾ। ਇਸ ਤੋਂ ਇਲਾਵਾ, ਸਕੂਲ ਦੀ ਬੈਂਡ ਟੀਮ ਨੇ ਇੱਕ ਹੋਰ ਵੱਡੀ ਉਪਲਬਧੀ ਹਾਸਲ ਕਰਦਿਆਂ ਸਕੂਲ ਦੀ ਸ਼ਾਨ ਤੇ ਪ੍ਰਸਿੱਧੀ ਵਿੱਚ ਹੋਰ ਵਾਧਾ ਕੀਤਾ। ਟੀਮ ਨੇ ਹਾਲ ਹੀ ਵਿੱਚ ਰਾਜਕੋਟ ਦੇ ਰਾਜਕੁਮਾਰ ਕਾਲਜ ਵੱਲੋਂ ਆਯੋਜਿਤ ਕੀਤੇ ਗਏ ਵੱਕਾਰੀ ਆਲ ਇੰਡੀਆ ਆਈਪੀਐੱਸਸੀ ਬ੍ਰਾਸ ਬੈਂਡ ਮੁਕਾਬਲਾ-2026 ਵਿੱਚ ਭਾਗ ਲਿਆ। ਦੇਸ਼ ਭਰ ਦੇ ਪ੍ਰਮੁੱਖ ਸਕੂਲਾਂ ਦੀਆਂ ਬੈਂਡ ਟੀਮਾਂ ਨਾਲ ਮੁਕਾਬਲਾ ਕਰਦਿਆਂ ਸੈਨਿਕ ਸਕੂਲ ਕਪੂਰਥਲਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਸਰਵੋਤਮ ਪ੍ਰਦਰਸ਼ਨ ਦਾ ਪੁਰਸਕਾਰ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਦੇ ਨਾਲ ਹੀ ਵਿਅਕਤੀਗਤ ਪੱਧਰ ਤੇ ਵੀ ਕੈਡਿਟ ਅੰਸ਼ ਪਾਂਡੇ ਨੇ ਵਿਸ਼ੇਸ਼ ਪ੍ਰਾਪਤੀ ਦਰਜ ਕਰਵਾਈ। ਉਸ ਨੂੰ ਮੁਕਾਬਲੇ ਦਾ ਸਰਵੋਤਮ ਬ੍ਰਾਸ ਬੈਂਡ ਡਰਮਰ ਚੁਣਿਆ ਗਿਆ ਤੇ ਸਰਵੋਤਮ ਬ੍ਰਾਸ ਬੈਂਡ ਡਰਮਰ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਗਰੁੱਪ ਕੈਪਟਨ ਆਈ ਮਨੋਜ ਮੈਨਨ ਨੇ ਬੈਂਡ ਟੀਮ ਦੀ ਇਸ ਸ਼ਾਨਦਾਰ ਪ੍ਰਾਪਤੀ ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਮੂਹ ਕੈਡਿਟਾਂ ਤੇ ਸਬੰਧਤ ਅਧਿਕਾਰੀਆਂ ਨੂੰ ਵਧਾਈ ਦਿੱਤੀ।