ਓਮਾਨ ’ਚ ਫਸੀਆਂ ਦੋ ਪੰਜਾਬੀ ਲੜਕੀਆਂ ਦੀ ਹੋਈ ਘਰ ਵਾਪਸੀ ਓਮਾਨ ਵਿੱਚ ਫਸੀਆਂ ਦੋ ਪੰਜਾਬੀ ਲੜਕੀਆਂ ਦੀ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਸੁਰੱਖਿਅਤ ਵਾਪਸੀ
Publish Date: Sat, 03 Oct 2026 08:40 PM (IST)
Updated Date: Sat, 03 Oct 2026 08:40 PM (IST)
--ਨੌਕਰੀ ਦਾ ਝਾਂਸੇ ਦੇ ਕੇ ਲੜਕੀਆਂ ਨੂੰ ਬਣਾਇਆ ਗਿਆ ਬੰਦੀ --ਘਰ ਗਹਿਣੇ ਰੱਖਕੇ ਟ੍ਰੈਵਲ ਏਜੰਟ ਨੂੰ ਦਿੱਤਾ ਇੱਕ ਲੱਖ --130 ਲੜਕੀਆਂ ਓਮਾਨ ਵਿੱਚ ਅਜੇ ਵੀ ਫਸੀਆਂ ਹੋਣ ਦਾ ਦਾਅਵਾ ਕੁਲਬੀਰ ਸਿੰਘ ਮਿੰਟੂ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਓਮਾਨ ਦੇ ਮਸਕਟ ਵਿੱਚ ਫਸੀਆਂ ਜਲੰਧਰ ਤੇ ਕਪੂਰਥਲਾ ਜ਼ਿਲ੍ਹਿਆਂ ਦੀਆਂ ਦੋ ਪੰਜਾਬੀ ਲੜਕੀਆਂ ਦੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਸੁਰੱਖਿਅਤ ਭਾਰਤ ਵਾਪਸੀ ਹੋਈ ਹੈ। ਇਹ ਦੋਵੇ ਲੜਕੀਆਂ ਇਸੇ ਸਾਲ ਮਸਕਟ ਪਹੁੰਚੀਆਂ ਸਨ, ਜਿੱਥੇ ੳਨ੍ਹਾਂ ਨੂੰ ਮੋਟੀ ਤਨਖਾਹ ਤੇ ਨੌਕਰੀ ਦਾ ਭਰੋਸਾ ਦਿੱਤਾ ਗਿਆ ਸੀ ਪਰ ਹੋਇਆ ਸਭ ਕੁਝ ਉਲਟ। ਸੁਲਤਾਨਪੁਰ ਲੋਧੀ ਨਿਰਮਲ ਕੁਟੀਆਂ ’ਚ ਇਨ੍ਹਾਂ ਲੜਕੀਆਂ ਨਾਲ ਆਏ ਪਰਿਵਾਰਾਂ ਨੇ ਸੰਤ ਸੀਚੇਵਾਲ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਯਤਨਾਂ ਸਦਕਾ ਉਨ੍ਹਾਂ ਦੀਆਂ ਧੀਆਂ ਵਾਪਸ ਘਰ ਪਰਤ ਆਈਆਂ ਹਨ। ਇਨ੍ਹਾਂ ਦੋਵੇਂ ਮਾਮਲਿਆਂ ਵਿੱਚ ਇਨ੍ਹਾਂ ਲੜਕੀਆਂ ਨੂੰ ਓਮਾਨ ਲੈ ਜਾਣ ਵਿੱਚ ਲੜਕੀਆਂ ਹੀ ਟ੍ਰੈਵਲ ਏਜੰਟ ਵਜੋਂ ਵਿਚਰ ਰਹੀਆਂ ਸਨ। ਦੋਹਾਂ ਪਰਿਵਾਰਾਂ ਨੇ ਪੁਲਿਸ ਕੋਲ ਵੀ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਇਨ੍ਹਾਂ ਲੜਕੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਮੁੰਬਈ ਏਅਰਪੋਰਟ ਤੋਂ ਓਮਾਨ ਲਿਜਾਇਆ ਜਾ ਰਿਹਾ ਹੈ। ਮੀਡੀਆ ਨਾਲ ਰੂ-ਬ-ਰੂ ਹੁੰਦਿਆ ਇਨ੍ਹਾਂ ਲੜਕੀਆਂ ਨੇ ਦੱਸਿਆ ਕਿ ਅਜੇ ਵੀ ਮਸਕਟ ਵਿੱਚ 130 ਦੇ ਕਰੀਬ ਲੜਕੀਆਂ ਫਸੀਆਂ ਹੋਈਆਂ ਹਨ, ਜਿਹੜੀਆਂ ਵਾਪਸੀ ਦੀ ਉਡੀਕ ਕਰ ਰਹੀਆਂ ਹਨ। ਦੋਵਾਂ ਲੜਕੀਆਂ ਦੇ ਪਰਿਵਾਰਾਂ ਵੱਲੋਂ ਸੰਤ ਸੀਚੇਵਾਲ ਨੂੰ ਲਿਖਤੀ ਅਰਜ਼ੀਆਂ ਦੇ ਕੇ ਆਪਣੀਆਂ ਧੀਆਂ ਨੂੰ ਓਮਾਨ ਤੋਂ ਸੁਰੱਖਿਅਤ ਵਾਪਸ ਲਿਆਉਣ ਲਈ ਪਹੁੰਚ ਕੀਤੀ ਗਈ ਸੀ। ਪਰਿਵਾਰਾਂ ਵੱਲੋਂ ਦਿੱਤੀਆਂ ਅਰਜ਼ੀਆਂ ਵਿੱਚ ਓਮਾਨ ਵਿੱਚ ਉਨ੍ਹਾਂ ਦੀਆਂ ਧੀਆਂ ਨਾਲ ਹੋ ਰਹੇ ਸ਼ੋਸ਼ਣ, ਕੁੱਟਮਾਰ, ਧਮਕੀਆਂ ਤੇ ਵਾਪਸੀ ਲਈ ਪੈਸਿਆਂ ਦੀ ਮੰਗ ਸਬੰਧੀ ਗੰਭੀਰ ਦੋਸ਼ ਲਗਾਏ ਗਏ ਸਨ। ਜਲੰਧਰ ਜ਼ਿਲ੍ਹੇ ਦੀ ਵਾਪਸ ਆਈ ਲੜਕੀ ਨੇ ਦੱਸਿਆ ਕਿ ਉਹ ਇਸੇ ਸਾਲ ਮਾਰਚ ਵਿੱਚ ਓਮਾਨ ਗਈ ਸੀ। ਮਰੀਅਮ ਨਾਂ ਦੀ ਲੜਕੀ ਨੇ ਉਸ ਨੂੰ ਓਮਾਨ ਵਿੱਚ ਬਿਊਟੀ ਪਾਰਲਰ ਵਿੱਚ ਕੰਮ ਕਰਨ ਤੇ 25 ਤੋਂ 30 ਹਜ਼ਾਰ ਪ੍ਰਤੀ ਮਹੀਨਾ ਤਨਖਾਹ ਦਾ ਭਰੋਸਾ ਦਿੱਤਾ ਸੀ ਪਰ ਉੱਥੇ ਪਹੁੰਚਣ ਤੋਂ ਬਾਅਦ ਉਸ ਨੂੰ ਪਾਰਲਰ ਦੇ ਕੰਮ ਦੀ ਬਜਾਏ ਗਲਤ ਕੰਮਾਂ ਵੱਲ ਧੱਕਣ ਦੀ ਕੋਸ਼ਿਸ਼ ਕੀਤੀ ਗਈ। ਵਿਰੋਧ ਕਰਨ ’ਤੇ ਉਸ ਨਾਲ ਕੁੱਟਮਾਰ ਤੇ ਮਾਨਸਿਕ ਤਸ਼ੱਦਦ ਕੀਤਾ ਗਿਆ। ਪਰਿਵਾਰ ਨੇ ਇਹ ਵੀ ਦੋਸ਼ ਲਗਾਇਆ ਕਿ ਲੜਕੀ ਦਾ ਪਾਸਪੋਰਟ ਖੋਹ ਲਿਆ ਗਿਆ ਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਤੱਕ ਦਿੱਤੀਆਂ ਗਈਆਂ। ਮਰੀਅਮ ਉਨ੍ਹਾਂ ਕੋਲੋ ਕਦੇ 20 ਤੇ ਕਦੇ 35 ਹਜ਼ਾਰ ਮੰਗਵਾਉਂਦੀ ਰਹੀ। ਆਪਣੀ ਧੀ ਦੀ ਓਮਾਨ ਵਿੱਚ ਸਲਾਮਤੀ ਲਈ ਘਰਦਿਆਂ ਨੂੰ ਆਪਣਾ ਮੋਟਰ ਸਾਈਕਲ ਵੇਚਣਾ ਪਿਆ। ਪਰਿਵਾਰ ਨੇ 1 ਜੁਲਾਈ ਨੂੰ ਸੰਤ ਸੀਚੇਵਾਲ ਦੇ ਦਫ਼ਤਰ ਨਾਲ ਸੰਪਰਕ ਕਰਕੇ ਆਪਣੀ ਧੀ ਦੀ ਸੁਰੱਖਿਅਤ ਵਾਪਸੀ ਲਈ ਮਦਦ ਦੀ ਅਪੀਲ ਕੀਤੀ ਸੀ। ਲਗਾਤਾਰ ਯਤਨਾਂ ਤੋਂ ਬਾਅਦ ਲੜਕੀ 7 ਸਤੰਬਰ ਨੂੰ ਸੁਰੱਖਿਅਤ ਆਪਣੇ ਪਰਿਵਾਰ ਕੋਲ ਭਾਰਤ ਵਾਪਸ ਪਹੁੰਚ ਗਈ। ਇਸੇ ਤਰ੍ਹਾਂ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ ਦੂਜੀ ਲੜਕੀ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੂੰ ਉਨ੍ਹਾਂ ਦੇ ਪਿੰਡ ਦੀ ਰਹਿਣ ਵਾਲੀ ਅੰਜੂ ਨਾਂ ਦੀ ਲੜਕੀ ਰਾਹੀ ਓਮਾਨ ਵਿੱਚ ਘਰੇਲੂ ਕੰਮ ਕਰਨ ਦਾ ਕਹਿ ਕੇ ਲੈ ਕੇ ਗਈ ਸੀ। ਪਰਿਵਾਰ ਅਨੁਸਾਰ, ਸ਼ੁਰੂ ਵਿੱਚ ਲਗਭਗ ਦੋ ਮਹੀਨੇ ਤੱਕ ਸਭ ਕੁਝ ਠੀਕ ਰਿਹਾ, ਪਰ ਬਾਅਦ ਵਿੱਚ ਲੜਕੀ ਦੀ ਸਿਹਤ ਖਰਾਬ ਹੋ ਗਈ ਤੇ ਉਸ ਨੂੰ ਲੋੜੀਂਦਾ ਇਲਾਜ ਤੇ ਦਵਾਈਆਂ ਨਹੀਂ ਮਿਲੀਆਂ। ਪਰਿਵਾਰ ਨੇ ਦੋਸ਼ ਲਗਾਇਆ ਕਿ ਲੜਕੀ ਨੂੰ ਭਾਰਤ ਵਾਪਸ ਭੇਜਣ ਲਈ ਉਨ੍ਹਾਂ ਕੋਲੋਂ ਇੱਕ ਲੱਖ ਰੁਪਏ ਦੀ ਮੰਗ ਕੀਤੀ ਗਈ ਤੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਵਾਪਸ ਨਾ ਭੇਜਣ ਦੀਆਂ ਧਮਕੀਆਂ ਦਿੱਤੀਆਂ ਗਈਆਂ। ਪਰਿਵਾਰ ਨੇ ਆਪਣਾ ਘਰ ਗਹਿਣੇ ਰੱਖ ਕੇ ਇੱਕ ਲੱਖ ਰੁਪਏ ਦਾ ਪ੍ਰਬੰਧ ਕਰਕੇ ਸਬੰਧਤ ਵਿਅਕਤੀਆਂ ਨੂੰ ਦਿੱਤੇ। ਇਸ ਦੇ ਬਾਵਜੂਦ ਹੋਰ ਪੈਸਿਆਂ ਦੀ ਮੰਗ ਕੀਤੀ ਗਈ ਤੇ ਪਰਿਵਾਰ ’ਤੇ ਹੋਰ ਲੜਕੀਆਂ ਭੇਜਣ ਲਈ ਵੀ ਦਬਾਅ ਪਾਇਆ ਗਿਆ। ਕਪੂਰਥਲਾ ਜ਼ਿਲ੍ਹੇ ਦੇ ਪਰਿਵਾਰ ਨੇ 11 ਅਗਸਤ ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਕੋਲ ਪਹੁੰਚ ਕਰਕੇ ਆਪਣੀ ਧੀ ਦੀ ਸੁਰੱਖਿਅਤ ਵਾਪਸੀ ਲਈ ਮਦਦ ਦੀ ਅਪੀਲ ਕੀਤੀ ਸੀ। ਸੰਤ ਸੀਚੇਵਾਲ ਦੇ ਯਤਨਾਂ ਤੋਂ ਬਾਅਦ ਇਹ ਲੜਕੀ 23 ਅਗਸਤ ਨੂੰ ਸੁਰੱਖਿਅਤ ਭਾਰਤ ਵਾਪਸ ਆ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਵਿਦੇਸ਼ ਵਿੱਚ ਨੌਕਰੀ ਦੇ ਨਾਂ ’ਤੇ ਮਨੁੱਖੀ ਤਸਕਰੀ ਤੇ ਸ਼ੋਸ਼ਣ ਦੇ ਮਾਮਲੇ ਬਹੁਤ ਚਿੰਤਾਜਨਕ ਹਨ। ਉਨ੍ਹਾਂ ਕਿਹਾ, “ਸਾਡੀਆਂ ਧੀਆਂ ਬਿਹਤਰ ਭਵਿੱਖ ਦੀ ਆਸ ਵਿੱਚ ਵਿਦੇਸ਼ ਜਾਂਦੀਆਂ ਹਨ, ਪਰ ਜੇ ਉਨ੍ਹਾਂ ਨੂੰ ਉੱਥੇ ਧੋਖੇ, ਤਸ਼ੱਦਦ ਜਾਂ ਸ਼ੋਸ਼ਣ ਦਾ ਸਾਹਮਣਾ ਕਰਨਾ ਪਵੇ ਤਾਂ ਇਹ ਸਿਰਫ਼ ਇੱਕ ਪਰਿਵਾਰ ਦੀ ਨਹੀਂ, ਸਗੋਂ ਪੂਰੇ ਸਮਾਜ ਦੀ ਪੀੜ ਹੈ। ਸਰਕਾਰਾਂ ਨੂੰ ਅਜਿਹੇ ਮਾਮਲਿਆਂ ਵਿੱਚ ਤੁਰੰਤ ਤੇ ਪ੍ਰਭਾਵਸ਼ਾਲੀ ਕਾਰਵਾਈ ਕਰਨੀ ਚਾਹੀਦੀ ਹੈ। ਲੋਕਾਂ ਨੂੰ ਵੀ ਵਿਦੇਸ਼ ਭੇਜਣ ਤੋਂ ਪਹਿਲਾਂ ਏਜੰਟ, ਵੀਜ਼ਾ, ਨੌਕਰੀ ਤੇ ਕੰਮ ਦੇ ਸਥਾਨ ਦੀ ਪੂਰੀ ਪੜਤਾਲ ਕਰਨੀ ਚਾਹੀਦੀ ਹੈ। ਹੁਣ ਤੱਕ ਕਰੀਬ 190 ਲੜਕੀਆਂ ਦੀ ਸੁਰੱਖਿਅਤ ਵਾਪਸੀ ਕਰਵਾਈ ਵਿਦੇਸ਼ਾਂ ਵਿੱਚ ਮੁਸੀਬਤ ਵਿੱਚ ਫਸੇ ਪੰਜਾਬੀਆਂ ਦੀ ਮਦਦ ਲਈ ਲਗਾਤਾਰ ਯਤਨ ਕਰ ਰਹੇ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਦਖਲ ਨਾਲ ਹੁਣ ਤੱਕ ਕਰੀਬ 190 ਲੜਕੀਆਂ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਂਦਾ ਜਾ ਚੁੱਕਾ ਹੈ। ਇਨ੍ਹਾਂ ਵਿੱਚ ਵੱਖ-ਵੱਖ ਦੇਸ਼ਾਂ ਵਿੱਚ ਫਸੀਆਂ ਜਾਂ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਲੜਕੀਆਂ ਸ਼ਾਮਲ ਹਨ।