ਡਾ. ਜੱਖੂ ਦੇ ਮਿਸ਼ਨ ਹਸਪਤਾਲ ਦਾ ਮਾਨ ਨੇ ਕੀਤਾ ਉਦਘਾਟਨ ਡਾ.ਹਰਜਿੰਦਰ ਜੱਖੂ ਵਲੋਂ ਹੰਡਿਆਇਆ ਵਿਖੇ ਖੋਲੇ ਸਤਿਗੁਰੂ ਰਵਿਦਾਸ ਮਿਸ਼ਨ ਹਸਪਤਾਲ ਦਾ ਉਦਘਾਟਨ ਸ. ਸਿਮਰਨਜੀਤ ਸਿੰਘ ਮਾਨ ਨੇ ਕੀਤਾ
Publish Date: Mon, 19 Oct 2026 06:55 PM (IST)
Updated Date: Mon, 19 Oct 2026 06:57 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਬੇਗ਼ਮਪੁਰਾ ਖ਼ਾਲਸਾ ਲਹਿਰ ਦੇ ਕੋਆਰਡੀਨੇਟਰ, ਜੈ ਭੀਮ ਯੂਨਾਈਟਡ ਵੁਆਇਸ ਆਫ ਪੰਜਾਬ ਦੇ ਸੰਸਥਾਪਕ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਪੋਕਸਮੈਨ ਤੇ ਦੋਆਬਾ ਜ਼ੋਨ ਦੇ ਇੰਚਾਰਜ ਤੇ ਵਿਧਾਨ ਸਭਾ ਹਲਕਾ ਭਦੌੜ ਤੋਂ ਉਮੀਦਵਾਰ ਡਾ. ਹਰਜਿੰਦਰ ਸਿੰਘ ਜੱਖੂ ਵੱਲੋਂ ਮਾਨਸਾ ਰੋਡ ਹੰਡਿਆਇਆ (ਬਰਨਾਲਾ) ਵਿਖੇ ਖੋਲੇ ਗਏ ਸਤਿਗੁਰੂ ਰਵਿਦਾਸ ਮਿਸ਼ਨ ਹਸਪਤਾਲ ਦਾ ਉਦਘਾਟਨ ਸਿੱਖ ਕੌਮ ਦੇ ਜਰਨੈਲ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਰਿਬਨ ਕੱਟ ਕੇ ਕੀਤਾ। ਇਸ ਮੌਕੇ ਸਿਮਰਨਜੀਤ ਸਿੰਘ ਮਾਨ ਨੇ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ. ਹਰਜਿੰਦਰ ਸਿੰਘ ਜੱਖੂ ਤੇ ਸਟਾਫ ਨੂੰ ਵਧਾਈ ਦਿੰਦਿਆ ਕਿਹਾ ਕਿ ਡਾ. ਹਰਜਿੰਦਰ ਸਿੰਘ ਜੱਖੂ ਜਿੱਥੇ ਪਾਰਟੀ ਵਿੱਚ ਪੰਥ ਤੇ ਸਮਾਜ ਦੀ ਸੇਵਾ ਕਰ ਰਹੇ ਹਨ, ਉੱਥੇ ਹੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਹਸਪਤਾਲ ਖੋਲ ਕੇ ਲੋੜਵੰਦ ਮਰੀਜ਼ਾਂ ਦੀ ਸੇਵਾ ਵੀ ਕਰਨਗੇ। ਮਾਨ ਕਿਹਾ ਕਿ ਡਾ. ਜੱਖੂ ਵੱਲੋਂ ਹਸਪਤਾਲ ਦੇ ਉਦਘਾਟਨ ਮੌਕੇ ਹੀ ਲੋੜਵੰਦ ਮਰੀਜ਼ਾਂ ਦੀ ਸਹੂਲਤ ਲਈ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਲਗਾ ਕੇ ਬਹੁਤ ਹੀ ਨੇਕ ਤੇ ਉੱਤਮ ਕਾਰਜ ਕੀਤਾ ਹੈ, ਜਿਸਦੀ ਜਿੰਨੀ ਵੀ ਪ੍ਰਸ਼ੰਸਾ ਕੀਤੀ ਜਾਵੇ ਉਨ੍ਹੀ ਥੋੜੀ ਹੈ। ਇਸ ਮੌਕੇ ਡਾ. ਹਰਜਿੰਦਰ ਸਿੰਘ ਜੱਖੂ ਨੇ ਹਸਪਤਾਲ ਦੇ ਉਦਘਾਟਨ ਸਮੇਂ ਸਿਮਰਨਜੀਤ ਸਿੰਘ ਮਾਨ ਸਮੇਤ ਪਹੁੰਚੀਆਂ ਪ੍ਰਮੁੱਖ ਸਖਸ਼ੀਅਤਾਂ ਤੇ ਪਾਰਟੀ ਦੇ ਜਥੇਦਾਰਾਂ ਦਾ ਦਿਲ ਦੀਆ ਗਹਿਰਾਈਆ ਤੋਂ ਧੰਨਵਾਦ ਕਰਦਿਆ ਜੀ ਆਇਆ ਕਿਹਾ। ਡਾ. ਜੱਖੂ ਨੇ ਕਿਹਾ ਕਿ ਹਸਪਤਾਲ ਵਿੱਚ ਮਰੀਜ਼ਾਂ ਦਾ ਇਲਾਜ ਬਹੁਤ ਹੀ ਵਾਜਬ ਰੇਟਾਂ ’ਤੇ ਕੀਤਾ ਜਾਵੇਗਾ ਤੇ ਮਰੀਜ਼ਾਂ ਨੂੰ ਬਿਹਤਰ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ। ਡਾ. ਜੱਖੂ ਨੇ ਦੱਸਿਆ ਕਿ ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ ਦੀ ਪਰਚੀ ਫੀਸ ਸਿਰਫ਼ 50 ਰੁਪਏ ਹੋਵੇਗੀ ਤੇ ਮੈਡੀਸਨ ਤੇ 10 ਪ੍ਰਤੀਸ਼ਤ ਦੀ ਛੋਟ ਤੇ ਲੈਬ ਟੈਸਟ ਕਰਵਾਉਣ ਤੇ 30 ਪ੍ਰਤੀਸ਼ਤ ਦੀ ਛੋਟ ਦਿੱਤੀ ਜਾਵੇਗੀ। ਡਾ. ਜੱਖੂ ਨੇ ਦੱਸਿਆ ਕਿ ਹਸਪਤਾਲ ਦੀ ਓਪਨਿੰਗ ਤੇ ਲਗਾਏ ਗਏ ਫ੍ਰੀ ਮੈਡੀਕਲ ਚੈੱਕਅੱਪ ਕੈਂਪ ਦੌਰਾਨ ਲਗਭਗ 200 ਤੋਂ ਵੱਧ ਲੋੜਵੰਦ ਮਰੀਜ਼ਾਂ ਨੇ ਲਾਭ ਉਠਾਇਆ ਤੇ ਸਾਰੇ ਮਰੀਜ਼ਾਂ ਨੂੰ 3 ਦਿਨ ਦੀ ਦਵਾਈ ਫਰੀ ਦਿੱਤੀ ਗਈ। ਇਸ ਮੌਕੇ ਡਾ. ਅਵਨੀਤ ਕੌਰ ਜੱਖੂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਗੁਰਦੀਪ ਸਿੰਘ ਢੁੱਡੀ ਸਰਪ੍ਰਸਤ ਜੈ ਭੀਮ ਯੂਨਾਈਟਿਡ ਵੁਆਇਸ ਆਫ ਪੰਜਾਬ, ਭਦੌੜ ਵਿਧਾਨ ਸਭਾ ਹਲਕੇ ਦੇ ਸੀਨੀਅਰ ਜਥੇਦਾਰ ਗਰੇਵਾਲ, ਗੁਰਪ੍ਰੀਤ ਸਿੰਘ ਖੁੱਡੀ ਮੈਂਬਰ ਪੀਏਸੀ, ਜ਼ਿਲ੍ਹਾ ਜਥੇਦਾਰ ਦਰਸ਼ਨ ਸਿੰਘ ਮੰਡੇਰ, ਇੰਜੀਨੀਅਰ ਹੈਪੀ ਕੌਲ ਇੰਚਾਰਜ ਵਿਧਾਨ ਸਭਾ ਹਲਕਾ ਫਗਵਾੜਾ, ਯਸ਼ਵੀਰ ਮਾਹੇ, ਦੀਪਾ ਰਾਵਲਪਿੰਡੀ, ਜੱਸੀ ਕੋਟ ਰਾਣੀ, ਜੈ ਭੀਮ ਯੂਨਾਈਟਿਡ ਵੁਆਇਸ ਆਫ ਪੰਜਾਬ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਨਿਰਮਲ ਸਿੰਘ ਸਮਰਾ, ਜਥੇ. ਅਜੈਬ ਸਿੰਘ ਭੈਣੀ ਫੱਤਾ, ਅਵਤਾਰ ਸਿੰਘ, ਪ੍ਰਿੰਸੀਪਲ ਬਲਦੇਵ ਸਿੰਘ, ਭਗਤ ਸਿੰਘ ਬਰਨਾਲਾ, ਜਥੇ. ਸੁਖਪਾਲ ਸਿੰਘ ਛੰਨਾ ਤੇ ਯੂਥ ਆਗੂ ਸੁਖਬੀਰ ਸਿੰਘ ਕੋਟ ਦੁਨਾ ਮੀਤ ਪ੍ਰਧਾਨ ਤੇ ਹੋਰ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ।