ਪੇਂਡੂ ਮਜ਼ਦੂਰ ਯੂਨੀਅਨ ਨੇ ਫ਼ੂਕਿਆ ਝਾੜੂ, ਕੀਤੀ ਨਾਅਰੇਬਾਜ਼ੀ ਪੇਂਡੂ ਮਜ਼ਦੂਰ ਯੂਨੀਅਨ ਨੇ ਝਾੜੂ ਫ਼ੂਕ ਕੇ ਕੀਤੀ ਨਾਅਰੇਬਾਜ਼ੀ
Publish Date: Sun, 25 Oct 2026 07:27 PM (IST)
Updated Date: Sun, 25 Oct 2026 07:28 PM (IST)
ਨਸ਼ਾ ਸਮੱਗਲਰ, ਪੁਲਿਸ ਤੇ ਸਿਆਸਤਦਾਨਾਂ ਦੇ ਗੱਠਜੋੜ ਖਿਲਾਫ਼ ਕਾਰਵਾਈ ਦੀ ਮੰਗ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ’ਚ ਇਨਸਾਫ਼ ਦਿਵਾਉਣ ਲਈ ਬਣੀ ਐਕਸ਼ਨ ਕਮੇਟੀ ਵੱਲੋਂ ਦਿੱਤੇ ਸੱਦੇ ਤਹਿਤ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਤਲਵੰਡੀ ਪੁਲ ਚੌਂਕ ਵਿਖੇ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦਾ ਚੋਣ ਨਿਸ਼ਾਨ ਝਾੜੂ ਸਾੜ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੇਂਡੂ ਮਜ਼ਦੂਰਾਂ ਵੱਲੋਂ ਮੰਗ ਕੀਤੀ ਗਈ ਕਿ ਪਰਵਿੰਦਰ ਸਿੰਘ ਝੋਟੇ ਦੇ ਕਤਲ ਲਈ ਜ਼ਿੰਮੇਵਾਰ ਮੁੱਖ ਮੰਤਰੀ ਤੇ ਡੀਜੀਪੀ ਪੰਜਾਬ ਤੁਰੰਤ ਅਸਤੀਫ਼ਾ ਦੇਣ, ਸਬੰਧਤ ਪੁਲਿਸ ਅਧਿਕਾਰੀਆਂ ਤੇ ਡਰੱਗ ਅਫਸਰਾਂ ਨੂੰ ਕੇਸ ’ਚ ਨਾਮਜ਼ਦ ਕਰਕੇ ਉਨ੍ਹਾਂ ਨੂੰ ਡਿਸਮਿਸ ਕੀਤਾ ਜਾਵੇ, ਨਸ਼ਿਆਂ ਦਾ ਮੁਕੰਮਲ ਖ਼ਾਤਮਾ ਕੀਤਾ ਜਾਵੇ, ਨਸ਼ਾ ਸਮੱਗਲਰ, ਪੁਲਿਸ ਤੇ ਹਾਕਮ ਧਿਰਾਂ ਦੇ ਸਿਆਸਤਦਾਨਾਂ ’ਤੇ ਅਧਾਰਿਤ ਗੱਠਜੋੜ ਖਿਲਾਫ਼ ਠੋਸ ਕਾਰਵਾਈ ਕੀਤੀ ਜਾਵੇ ਤੇ ਪਰਵਿੰਦਰ ਸਿੰਘ ਝੋਟੇ ਦਾ ਪੋਸਟਮਾਰਟਮ ਪੀਜੀਆਈ ਦੇ ਡਾਕਟਰਾਂ ਤੋਂ ਕਰਵਾਇਆ ਜਾਵੇ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਨਿਰਮਲ ਸਿੰਘ ਸ਼ੇਰਪੁਰ ਸੱਧਾ ਤੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਜਵਾਲਾਪੁਰ ਨੇ ਦੋਸ਼ ਲਗਾਇਆ ਕਿ ਦੋ ਹਫ਼ਤੇ ਤੋਂ ਪਰਵਿੰਦਰ ਸਿੰਘ ਝੋਟੇ ਦੀ ਮ੍ਰਿਤਕ ਦੇਹ ਰੱਖ ਕੇ ਉਸਦਾ ਪਰਿਵਾਰ ਤੇ ਹੋਰ ਲੋਕ ਇਨਸਾਫ਼ ਦੀ ਮੰਗ ਕਰ ਰਹੇ ਹਨ ਪ੍ਰੰਤੂ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਨਸ਼ਾ ਸਮੱਗਲਰ, ਪੁਲਿਸ ਤੇ ਹਾਕਮ ਧਿਰਾਂ ਦੇ ਸਿਆਸਤਦਾਨਾਂ ਦੇ ਗੱਠਜੋੜ ਦੇ ਇਸ਼ਾਰੇ ਉੱਤੇ ਪਰਵਿੰਦਰ ਸਿੰਘ ਝੋਟੇ ਦੇ ਇਨਸਾਫ਼ ਲਈ ਪੰਜਾਬ ਦੇ ਲੋਕ ਸੜਕਾਂ ਉੱਤੇ ਰੁਲ਼ ਰਹੇ ਹਨ ਤੇ ਸੂਬੇ ਦਾ ਮੁੱਖ ਵਿਦੇਸ਼ੀ ਯਾਤਰਾਂ ਕਰ ਰਿਹਾ ਹੈ ਤੇ ਇਸ ਮਸਲੇ ਨੂੰ ਪੂਰੀ ਤਰ੍ਹਾਂ ਅੱਖੋਂ ਪਰੋਖੇ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਅਜਲਾਸ ਵਿੱਚ ਲੋਕਾਂ ਦੇ ਅੱਖੀਂ ਘੱਟਾ ਪਾਉਣ ਲਈ ਪਰਵਿੰਦਰ ਸਿੰਘ ਝੋਟੇ ਨੂੰ ਸ਼ਰਧਾਂਜਲੀ ਦੇਣ ਤੋਂ ਇਲਾਵਾ ਨਸ਼ਿਆਂ ਦੇ ਮਸਲੇ ਉੱਤੇ ਚਰਚਾ ਤੱਕ ਕਰਵਾਉਣੀ ਵੀ ਜ਼ਰੂਰੀ ਨਹੀਂ ਸਮਝੀ ਗਈ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਪਿੰਡ-ਪਿੰਡ ਕਮੇਟੀਆਂ ਬਣਾਈਆਂ ਜਾਣ ਤੇ ਜਨਤਕ ਲੋਕ ਲਹਿਰ ਖੜ੍ਹੀ ਕੀਤੀ ਜਾਵੇ ਤੇ ਨਸ਼ਾ ਸਮੱਗਲਰ, ਪੁਲਿਸ ਤੇ ਸਿਆਸਤਦਾਨਾਂ ਦੇ ਗੱਠਜੋੜ ਖਿਲਾਫ਼ ਮੈਦਾਨ ’ਚ ਨਿੱਤਰਿਆ ਜਾਵੇ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਨਿਰਮਲ ਸਿੰਘ ਸ਼ੇਰਪੁਰ ਸੱਧਾ, ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਜਵਾਲਾਪੁਰ, ਬੀਬੀ ਕੁਲਦੀਪ ਕੌਰ ਉੱਚਾ ਬੋਹੜਵਾਲਾ, ਕਾਨਤਾਂ ਸ਼ਾਹਜਹਾਂਪੁਰ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਪਰਮਜੀਤ ਸਿੰਘ ਰਾਮਪੁਰ ਜਗੀਰ ਤੋਂ ਇਲਾਵਾ ਬਚਿੱਤਰ ਸਿੰਘ, ਮਹਿਲ ਸਿੰਘ ਲੋਹਰੀਆ, ਬਲਵਿੰਦਰ ਸਿੰਘ ਤਰਫਹਾਜੀ, ਲਖਵਿੰਦਰ ਸਿੰਘ, ਰੇਸ਼ਮ ਸਿੰਘ ਸ਼ੇਰਪੁਰ ਸੱਧਾ, ਗੁਰਪ੍ਰੀਤ ਸਿੰਘ ਗੋਪੀ, ਜੋਗਿੰਦਰ ਸਿੰਘ ਜੋਸ਼ ਆਦਿ ਹਾਜ਼ਰ ਸਨ।