ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਧਰਨਾ 11 ਨੂੰ
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਧਰਨਾ ਪ੍ਰਦਰਸ਼ਨ 11 ਨੂੰ
Publish Date: Sat, 04 Apr 2026 07:29 PM (IST)
Updated Date: Sat, 04 Apr 2026 07:31 PM (IST)

--ਪੀੜਤ ਲੋਕਾਂ ਨੂੰ ਇਨਸਾਫ਼ ਦੇਣ ਦੀ ਥਾਂ ਕੀਤਾ ਜਾ ਰਿਹਾ ਖੱਜਲ-ਖ਼ੁਆਰ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਅੱਜ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਡੀਐੱਸਪੀ ਦਫਤਰ ਸੁਲਤਾਨਪੁਰ ਲੋਧੀ ਨਾਲ ਸਬੰਧਤ ਤੇ ਵੱਖ-ਵੱਖ ਥਾਣਿਆਂ ਵਿਚ ਪੀੜਤ ਲੋਕਾਂ ਦੀਆਂ ਦਿੱਤੀਆਂ ਦਰਖ਼ਾਸਤਾਂ ਦੀ ਕੋਈ ਵੀ ਸੁਣਵਾਈ ਨਾ ਹੋਣ ’ਤੇ ਕੀਤੀ ਜਾ ਰਹੀ ਖੱਜਲ-ਖੁਆਰੀ ਦੇ ਰੋਸ ਵਜੋਂ ਜਥੇਬੰਦੀਆਂ ਦਾ ਸਾਂਝਾ ਵਫਦ ਡੀਐੱਸਪੀ ਦਫਤਰ ਸੁਲਤਾਨਪੁਰ ਲੋਧੀ ਨੂੰ ਮਿਲ਼ਣ ਪਹੁੰਚਿਆ ਪਰ ਡੀਐੱਸਪੀ ਦੀ ਗੈਰ-ਮੌਜੂਦਗੀ ਦੇ ਚੱਲਦਿਆਂ ਥਾਣਾ ਸੁਲਤਾਨਪੁਰ ਲੋਧੀ ਦੇ ਐੱਸਐੱਚਓ ਇੰਸਪੈਕਟਰ ਹਰਿੰਦਰ ਸਿੰਘ ਤੇ ਰੀਡਰ ਡੀਐੱਸਪੀ ਦਫਤਰ ਨੂੰ ਲਿਖਤੀ ਜਾਣਕਾਰੀ ਦਿੱਤੀ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਨਿਰਮਲ ਸਿੰਘ ਸ਼ੇਰਪੁਰ ਸੱਧਾ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ, ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੰਨੇਮੱਲ, ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਜਵਾਲਾਪੁਰ ਨੇ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਕਿੰਨੀ ਮਾੜੀ ਗੱਲ ਹੈ ਕਿ ਇਨਸਾਫ ਲੈਣ ਲਈ ਪੀੜਤ ਲੋਕਾਂ ਵੱਲੋਂ ਜ਼ਿਲ੍ਹਾ ਪੁਲਿਸ ਦੇ ਉੱਚ ਅਧਿਕਾਰੀਆਂ ਸਾਹਮਣੇ ਪੇਸ਼ ਹੋ ਕੇ ਦਿੱਤੀਆਂ ਦਰਖ਼ਾਸਤਾਂ ਨੂੰ ਸਬੰਧਤ ਡਿਪਟੀ ਦਫ਼ਤਰ ਤੇ ਵੱਖ-ਵੱਖ ਥਾਣਿਆਂ ਵਿਚ ਰੱਦੀ ਦੀ ਟੋਕਰੀ ਵਿਚ ਸੁੱਟ ਦਿੱਤਾ ਜਾਂਦਾ ਹੈ। ਪੀੜਤ ਇਨਸਾਫ ਲੈਣ ਲਈ ਪੁਲਿਸ ਕੋਲ ਗੇੜੇ ਮਾਰ ਕੇ ਖੱਜਲ-ਖੁਆਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡ ਰਾਮਪੁਰ ਜਗੀਰ ਦੇ ਗ਼ਰੀਬ ਪਰਿਵਾਰ ਦੇ ਘਰ ਵਾਲੇ 8 ਮਰਲੇ ਨੰਬਰੀ ਥਾਂ ਨੂੰ ਪਿੰਡ ਦੇ ਹੀ ਸ਼ਾਹੂਕਾਰ ਸੂਦਖੋਰ ਆੜ੍ਹਤੀਏ ਵੱਲੋਂ ਹੋਰਾਂ ਨਾਲ ਮਿਲੀਭੁਗਤ ਕਰਕੇ ਲਾਲ ਲਕੀਰ ਅੰਦਰ ਹੜੱਪਣ ਦਾ ਵੱਡਾ ਘਪਲਾ ਸਾਹਮਣੇ ਆਇਆ ਸੀ। ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਤੇ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਜਥੇਬੰਦੀਆਂ ਦੇ ਸੰਘਰਸ਼ ਸਦਕਾ ਸੂਦਖੋਰ ਆੜ੍ਹਤੀਏ ਸਮੇਤ 9 ਦੋਸ਼ੀਆਂ ਖਿਲਾਫ਼ ਪਰਚਾ ਦਰਜ ਕੀਤਾ ਗਿਆ ਸੀ। ਫਿਰ ਵੀ ਪੀੜਤ ਪਰਿਵਾਰ ਇਨਸਾਫ ਦੀ ਉਡੀਕ ਵਿਚ ਘਰੋਂ-ਬੇਘਰ ਹੋਇਆ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ। ਉਨ੍ਹਾਂ ਦੱਸਿਆ ਕਿ ਬਾਕੀ ਮਾਮਲਿਆਂ ਵਿਚ ਵੀ ਗ਼ਰੀਬ ਲੋਕਾਂ ਨੂੰ ਇਨਸਾਫ਼ ਨਹੀਂ ਮਿਲਿਆ। ਗਰੀਬ ਲੋਕਾਂ ਲਈ ਤਾਂ ਪਹਿਲਾਂ ਹੀ ਸਰਕਾਰਾਂ ਦੀ ਬੇਰੁਖੀ ਤੇ ਬੇਰੁਜ਼ਗਾਰੀ ਕਾਰਨ ਅੱਤ ਦੀ ਮਹਿੰਗਾਈ ਵਿਚ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨਾ ਔਖਾ ਹੋਇਆ ਪਿਆ ਹੈ। ਆਗੂਆਂ ਨੇ ਕਿਹਾ ਕਿ ਪੀੜਤ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਪੁਲਿਸ ਦੇ ਪੱਖਪਾਤੀ ਰਵੱਈਏ ਖਿਲਾਫ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ 11 ਅਪ੍ਰੈਲ ਨੂੰ ਡੀਐੱਸਪੀ ਦਫਤਰ ਸੁਲਤਾਨਪੁਰ ਲੋਧੀ ਮੂਹਰੇ ਵਿਸ਼ਾਲ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਮਜ਼ਦੂਰਾਂ, ਕਿਸਾਨਾਂ ਤੇ ਸਮੂਹ ਇਨਸਾਫ ਪਸੰਦ ਲੋਕਾਂ ਨੂੰ ਵੱਡੀ ਗਿਣਤੀ ਵਿਚ ਧਰਨੇ-ਪ੍ਰਦਰਸ਼ਨ ਵਿਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਵਰਕਰ, ਜਿਨ੍ਹਾਂ ’ਚ ਨਿਰਮਲ ਸਿੰਘ ਸ਼ੇਰਪੁਰ ਸੱਧਾ, ਬਲਵਿੰਦਰ ਸਿੰਘ ਭੁੱਲਰ, ਤਰਸੇਮ ਸਿੰਘ ਬੰਨੇਮੱਲ, ਅਮਰਜੀਤ ਸਿੰਘ ਜਵਾਲਾਪੁਰ ਵਿੱਚ ਹੰਸਾਂ ਸਿੰਘ ਮੂੰਡੀ, ਕੁਲਵਿੰਦਰ ਸਿੰਘ ਭੰਡਾਲ ਬੇਟ, ਕਰਮਜੀਤ ਸਿੰਘ ਨੂਰਪੁਰ ਜੱਟਾਂ, ਸੀਤਲ ਸਿੰਘ ਸਗੋਜਲਾ, ਪਲਵਿੰਦਰ ਸਿੰਘ ਕਮਾਲਪੁਰ, ਪਰਮਜੀਤ ਸਿੰਘ ਭੰਡਾਲ, ਮਲਕੀਤ ਸਿੰਘ ਧਾਲੀਵਾਲ, ਸੁੱਚਾ ਸਿੰਘ ਸੱਦੂਵਾਲ, ਬਚਿੱਤਰ ਸਿੰਘ ਸ਼ੇਰਪੁਰ ਸੱਧਾ, ਬਲਕਾਰ ਸਿੰਘ ਕਮਾਲਪੁਰ, ਕੁਲਦੀਪ ਕੌਰ ਉੱਚਾ ਬੋਹੜਵਾਲਾ, ਕੁਲਵੰਤ ਕੌਰ ਮੇਵਾ ਸਿੰਘ ਵਾਲਾ, ਮਨਜੀਤ ਕੌਰ ਜੱਬੋਸੁਧਾਰ ਬਿੰਦਰ ਕੌਰ ਆਦਿ ਆਗੂ ਵਰਕਰ ਹਾਜ਼ਰ ਸਨ।