ਸੰਤ ਸੀਚੇਵਾਲ ਵੱਲੋਂ ਪੇਂਡੂ ਹਾਕੀ ਲੀਗ ਦੀ ਸ਼ੁਰੂਆਤ ਸੰਤ ਸੀਚੇਵਾਲ ਵੱਲੋਂ ਪੇਂਡੂ ਹਾਕੀ ਲੀਗ ਦੀ ਸ਼ੁਰੂਆਤ
Publish Date: Sun, 25 Oct 2026 09:09 PM (IST)
Updated Date: Sun, 25 Oct 2026 09:10 PM (IST)
ਅੰਡਰ-14 ਤੇ 17 ਉਮਰ ਵਰਗ ਦੀਆਂ 15 ਟੀਮਾਂ ਲੈਣਗੀਆਂ ਹਿੱਸਾ ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਿੰਡ ਸਮਰਾਏ-ਜੰਡਿਆਲਾ ਵਿਖੇ ਕੈਪਟਲ ਸਮਾਲ ਫਾਇਨਾਂਸ ਬੈਂਕ ਦੇ ਸਹਿਯੋਗ ਨਾਲ 12ਵੀਂ ਪੇਂਡੂ ਹਾਕੀ ਲੀਗ 2026 ਦੀ ਸ਼ੁਰਆਤ ਕੀਤੀ। ਪੇਂਡੂ ਹਾਕੀ ਲੀਗ ਦਾ ਪ੍ਰਬੰਧ ਰੂਰਲ ਹਾਕੀ ਡਿਵਲਪਮੈਂਟ ਸੁਸਾਇਟੀ ਵੱਲੋਂ ਕੀਤਾ ਜਾ ਰਿਹਾ ਹੈ। ਅੱਜ ਦੁਪਿਹਰੋਂ ਬਾਅਦ ਸਕੂਲ ਦੀ ਹਾਕੀ ਗਰਾਊਂਡ ਵਿੱਚ ਲੀਗ ਦੀ ਸ਼ੁਰੂਆਤ ਕਰਵਾਉਣ ਤੋਂ ਪਹਿਲਾਂ ਸੰਤ ਸੀਚੇਵਾਲ ਨੇ ਖੇਡ ਮਸ਼ਾਲ ਨੂੰ ਖਿਡਾਰੀਆਂ ਵਿੱਚ ਲੈ ਕੇ ਗਏ ਤੇ ਝੰਡਾ ਚੜਾਉਣ ਉਪਰੰਤ ਖਿਡਾਰੀਆਂ ਨੇ ਅਨੁਸ਼ਾਸ਼ਨ ਵਿੱਚ ਰਹਿ ਕੇ ਇਨ੍ਹਾਂ ਲੀਗ ਮੁਕਾਬਲਿਆਂ ਵਿੱਚ ਹਿੱਸਾ ਲੈਣ ਦੀ ਸੁੰਹ ਚੁੱਕੀ। ਇਸ ਮੌਕੇ ਸੰਤ ਸੀਚੇਵਾਲ ਨੇ ਕਿਹਾ ਕਿ ਉਨ੍ਹਾਂ ਪਿੰਡਾਂ ਦੇ ਖੇਡ ਮੈਦਾਨ ਭਾਗਾਂ ਵਾਲੇ ਹਨ, ਜਿੱਥੇ ਖਿਡਾਰੀ ਸਰੀਰਿਕ ਤੌਰ ’ਤੇ ਖੇਡ ਮੁਕਾਬਿਲਆਂ ਵਿੱਚ ਹਿੱਸਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਖੇਡ ਮੈਦਾਨਾਂ ਵਿਚਲੀਆਂ ਰੌਣਕਾਂ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ। ਸੰਤ ਸੀਚੇਵਾਲ ਨੇ ਕਿਹਾ ਕਿ ਮੋਬਾਇਲ ਫੋਨ ਜਾਂ ਸ਼ੋਸ਼ਲ ਮੀਡੀਆ ’ਤੇ ਖੇਡੀਆਂ ਜਾਣ ਵਾਲੀਆਂ ਖੇਡਾਂ ਸਮਾਂ ਤੇ ਮਾਨਸਿਕ ਅਵਸਥਾ ਨੂੰ ਵਿਗਾੜਦੀਆਂ ਹਨ ਜਦਕਿ ਖੇਡ ਮੈਦਾਨ ਵਿੱਚ ਖਿਡਾਰੀਆਂ ਦੇ ਨਾਲ ਆਉਣ ਨਾਲ ਜਿੱਥੇ ਉਹ ਸਰੀਰਕ ਪੱਖ ਤੋਂ ਮਜ਼ਬੂਤ ਹੁੰਦੇ ਹਨ ਉੱਥੇ ਉਨ੍ਹਾਂ ਦੇ ਮਾਪੇ ਵੀ ਚਿੰਤਾ ਮੁਕਤ ਹੋ ਜਾਂਦੇ ਹਨ। ਸੇਵਾ ਮੁਕਤ ਡੀਪੀ ਹਰਮੇਸ਼ ਲਾਲ ਨੇ ਆਪਣਾ ਜੀਵਨ ਖੇਡਾਂ ਨੂੰ ਸਮਰਪਿਤ ਕੀਤਾ ਹੋਇਆ ਹੈ। ਸਕੂਲ ਵਿੱਚ ਨੌਕਰੀ ਕਰਦਿਆ ਹੋਇਆ ਜਿੱਥੇ ਉਨ੍ਹਾਂ ਨੇ ਵਿਦਿਆਰਥੀਆਂ ਦੀ ਟੀਮਾਂ ਤਿਆਰ ਕੀਤੀਆਂ ਉਥੇ ਹੁਣ ਸੇਵਾ ਮੁਕਤੀ ਤੋਂ ਬਾਅਦ ਉਹ ਪਿੰਡ-ਪਿੰਡ ਜਾ ਕੇ ਛੋਟੇ ਬੱਚਿਆਂ ਨੂੰ ਖੇਡ ਮੈਦਾਨ ਵਿੱਚ ਲਿਆਉਣ ਲਈ ਪ੍ਰੇਰਦੇ ਹਨ। ਇਸ ਪੇਂਡੂ ਹਾਕੀ ਲੀਗ ਮੁਕਾਬਲਿਆਂ ਵਿੱਚ 9 ਪਿੰਡਾਂ ਦੀਆਂ 15 ਟੀਮਾਂ ਹਿੱਸਾ ਲੈ ਰਹੀਆਂ ਹਨ। ਇਨ੍ਹਾਂ ਪਿੰਡਾਂ ਵਿੱਚ ਸਮਰਾਏ-ਜਡਿਆਲਾ, ਸੀਚੇਵਾਲ, ਸਰੀਹ, ਚਾਨੀਆਂ, ਮੇੜੀ, ਜਡਿਆਲੀ, ਲਸਾੜਾ ਤੇ ਔੜ ਸ਼ਾਮਲ ਸਨ। ਇਹ ਮੁਕਾਬਲੇ 25 ਅਕਤੂਬਰ ਤੋਂ ਲੈ ਕੇ 15 ਨਵੰਬਰ ਤੱਕ ਹੋਣਗੇ।