ਰਨ ਫਾਰ ਇਕੁਐਲਿਟੀ’ ’ਚ ਦੌੜੇ 600 ਤੋਂ ਵੱਧ ਵਿਦਿਆਰਥੀਆਂ ਰਨ ਫਾਰ ਇਕੁਐਲਿਟੀ’ ਮੈਰਾਥਨ ਨੂੰ ਮਿਲਿਆ ਵੱਡਾ ਹੁੰਗਾਰਾ
Publish Date: Mon, 31 Aug 2026 07:30 PM (IST)
Updated Date: Mon, 31 Aug 2026 07:31 PM (IST)
--ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਤੇ ਸਮਾਨਤਾ ਦਾ ਸੰਦੇਸ਼ ਦੇਣ ਲਈ ਕਰਵਾਈ ਮੈਰਾਥਨ --ਡਿਪਟੀ ਕਮਿਸ਼ਨਰ, ਐੱਸਐੱਸਪੀ, ਕਮਿਸ਼ਨਰ ਨਗਰ ਨਿਗਮ ਤੇ ਹੋਰ ਮੁੱਖ ਸ਼ਖਸੀਅਤਾਂ ਨੇ ਮੈਰਾਥਨ ਨੂੰ ਦਿਖਾਈ ਹਰੀ ਝੰਡੀ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਕਪੂਰਥਲਾ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਰਨ ਫਾਰ ਇਕੁਐਲਿਟੀ’ ਮੈਰਾਥਨ ਕਰਵਾਈ ਗਈ। ਇਸ ਵਿੱਚ 600 ਤੋਂ ਵੱਧ ਵਿਦਿਆਰਥੀਆਂ ਤੇ ਨੌਜਵਾਨਾਂ ਨੇ ਹਿੱਸਾ ਲੈ ਕੇ ਸਮਾਨਤਾ, ਆਪਸੀ ਭਾਈਚਾਰੇ ਤੇ ਸ਼ਾਂਤੀ ਦਾ ਸੰਦੇਸ਼ ਦਿੱਤਾ। ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ, ਐੱਸਐੱਸਪੀ ਗੌਰਵ ਤੂਰਾ, ਨਗਰ ਨਿਗਮ ਕਮਿਸ਼ਨਰ ਅਨੁਪਮ ਕਲੇਰ, ਅਰਜੁਨ ਐਵਾਰਡੀ ਤੇ ਆਪ ਸੁਲਤਾਨਪੁਰ ਲੋਧੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ, ਆਪ ਕਪੂਰਥਲਾ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਤੇ ਫਗਵਾੜਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜਰਨੈਲ ਨੰਗਲ ਨੇ ਮਿਲ ਕੇ ਮੈਰਾਥਨ ਨੂੰ ਹਰੀ ਝੰਡੀ ਦਿਖਾਈ। ਖਿਡਾਰੀਆਂ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਕਿਹਾ ਕਿ ਇਸ ਮੈਰਾਥਨ ਦਾ ਮਕਸਦ ਖੇਡਾਂ ਰਾਹੀਂ ਨਵੀਂ ਪੀੜ੍ਹੀ ਤੱਕ ਸ੍ਰੀ ਗੁਰੂ ਰਵਿਦਾਸ ਜੀ ਦਾ ਸਮਾਨਤਾ ਦਾ ਸੰਦੇਸ਼ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਵਿੱਚ ਹਿੱਸਾ ਲੈਣ ਨਾਲ ਨੌਜਵਾਨਾਂ ਦੀ ਊਰਜਾ ਚੰਗੇ ਪਾਸੇ ਲੱਗਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੂਰੇ ਸੂਬੇ ਵਿੱਚ ਵੱਖ-ਵੱਖ ਪ੍ਰੋਗਰਾਮ ਕਰਵਾ ਰਹੀ ਹੈ ਤਾਂ ਜੋ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਘਰ-ਘਰ ਪਹੁੰਚਾਇਆ ਜਾ ਸਕੇ। ਅਰਜੁਨ ਐਵਾਰਡੀ ਸੱਜਣ ਸਿੰਘ ਚੀਮਾ ਨੇ ਮੈਰਾਥਨ ਵਿੱਚ ਵਿਦਿਆਰਥੀਆਂ ਤੇ ਨੌਜਵਾਨਾਂ ਦੇ ਵੱਡੇ ਇਕੱਠ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਦੌੜ ਨੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਸਮਾਨਤਾ ਦਾ ਸੁਨੇਹਾ ਨੌਜਵਾਨਾਂ ਤੱਕ ਬਹੁਤ ਵਧੀਆ ਢੰਗ ਨਾਲ ਪਹੁੰਚਾਇਆ ਹੈ। ਕਪੂਰਥਲਾ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਨੇ ਵੀ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਵਤਨ ਪੰਜਾਬ ਦੀਆਂ ਵਰਗੇ ਉਪਰਾਲਿਆਂ ਰਾਹੀਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰ ਰਹੀ ਹੈ। ਅਜਿਹੇ ਸਮਾਗਮ ਨਾ ਸਿਰਫ਼ ਸਿਹਤਮੰਦ ਜੀਵਨ ਲਈ ਪ੍ਰੇਰਿਤ ਕਰਦੇ ਹਨ, ਸਗੋਂ ਆਪਸੀ ਏਕਤਾ ਵੀ ਵਧਾਉਂਦੇ ਹਨ। ਮੈਰਾਥਨ ਦੇ ਅੰਤ ਵਿੱਚ ਪਹਿਲੇ 20 ਜੇਤੂਆਂ (10 ਕੁੜੀਆਂ ਤੇ 10 ਮੁੰਡੇ) ਨੂੰ ਮੁੱਖ ਮਹਿਮਾਨਾਂ ਵੱਲੋਂ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ। ਇਹ ਮੈਰਾਥਨ ਗੁਰੂ ਨਾਨਕ ਸਟੇਡੀਅਮ ਤੋਂ ਸ਼ੁਰੂ ਹੋ ਕੇ ਪੂਡਾ ਐਂਟਰੀ ਗੇਟ ਵੱਲ ਗਈ ਤੇ ਵਾਪਸ ਗੁਰੂ ਨਾਨਕ ਸਟੇਡੀਅਮ ਵਿਖੇ ਆ ਕੇ ਸਮਾਪਤ ਹੋਈ। ਐੱਸਐੱਸਪੀ ਗੌਰਵ ਤੂਰਾ ਨੇ ਆਪ ਵੀ ਮੈਰਾਥਨ ਵਿੱਚ ਹਿੱਸਾ ਲਿਆ ਤੇ ਵਿਦਿਆਰਥੀਆਂ ਨਾਲ ਦੌੜ ਕੇ ਉਨ੍ਹਾਂ ਦਾ ਹੌਸਲਾ ਵਧਾਇਆ।