125 ਕਰੋੜ ਦੇ ਪ੍ਰੋਜੈਕਟ ਨਾਲ ਫਗਵਾੜਾ-ਜਲੰਧਰ ਕੋਰੀਡੋਰ ਦਾ ਹੋਵੇਗਾ ਨਵੀਨੀਕਰਨ 125.54 ਕਰੋੜ ਰੁਪਏ ਦੇ ਪ੍ਰੋਜੈਕਟ ਨਾਲ ਫਗਵਾੜਾ-ਜਲੰਧਰ ਕੋਰੀਡੋਰ ਨੂੰ ਦੇਵੇਗਾ ਵੱਡਾ ਹੁਲਾਰਾ
Publish Date: Sun, 20 Sep 2026 07:33 PM (IST)
Updated Date: Sun, 20 Sep 2026 07:35 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : 125.54 ਕਰੋੜ ਰੁਪਏ ਦੇ ਕੰਮਾਂ ਲਈ ਲੈਟਰ ਆਫ਼ ਅਵਾਰਡ ਜਾਰੀ ਹੋਣ ਨਾਲ ਫਗਵਾੜਾ-ਜਲੰਧਰ ਸੜਕ ਦੇ ਵੱਡੇ ਪੱਧਰ ਤੇ ਨਵੀਨੀਕਰਨ ਦਾ ਰਸਤਾ ਸਾਫ਼ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਦੱਸਿਆ ਕਿ ਇਹ ਪ੍ਰੋਜੈਕਟ ਫਗਵਾੜਾ ਤੇ ਜਲੰਧਰ ਵਿਚਕਾਰ ਸੜਕੀ ਢਾਂਚੇ ਤੇ ਕਨੈਕਟੀਵਿਟੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਵਿੱਚ ਗੁਰਾਇਆ ਵਾਲੇ ਪਾਸੇ ਤੋਂ ਫਗਵਾੜਾ ਦੇ ਦਾਖਲੇ ਤੋਂ ਲੈ ਕੇ ਜਲੰਧਰ ਵਾਲੇ ਪਾਸੇ ਹਵੇਲੀ ਤੱਕ ਸਰਵਿਸ ਰੋਡ ਸਮੇਤ ਲਗਭਗ 34.37 ਕਿਲੋਮੀਟਰ ਦਾ ਹਿੱਸਾ ਕਵਰ ਕੀਤਾ ਜਾਵੇਗਾ। ਡਾ. ਚੱਬੇਵਾਲ ਨੇ ਕਿਹਾ ਕਿ ਪ੍ਰੋਜੈਕਟ ਵਿੱਚ ਡੈਂਸ ਬਿਟੂਮਿਨਸ ਮੈਕਡਮ ਤੇ ਬਿਟੂਮਿਨਸ ਕੰਕਰੀਟ ਪਾ ਕੇ ਮੁੱਖ ਮਾਰਗ ਤੇ ਸਰਵਿਸ ਰੋਡ ਦਾ ਸੁਧਾਰ ਕਰਨਾ ਸ਼ਾਮਲ ਹੋਵੇਗਾ। ਪਾਣੀ ਭਰਨ ਵਾਲੀਆਂ ਥਾਵਾਂ ਤੇ ਪੇਵਮੈਂਟ ਕੁਆਲਿਟੀ ਕੰਕਰੀਟ ਵੀ ਪਾਇਆ ਜਾਵੇਗਾ। ਹਾਈਵੇਅ ਦੀ ਬਿਹਤਰ ਸਾਂਭ-ਸੰਭਾਲ ਲਈ ਕੰਮ ਵਿੱਚ ਨਿਯਮਤ ਰੱਖ-ਰਖਾਅ ਤੇ ਘਟਨਾ ਪ੍ਰਬੰਧਨ ਵੀ ਸ਼ਾਮਲ ਹੋਵੇਗਾ। ਉਨ੍ਹਾਂ ਕਿਹਾ ਕਿ ਪਾਣੀ ਭਰਨ ਤੇ ਹੋਰ ਨਿਯਮਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਸੜਕ ਦੇ ਹਿੱਸਿਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਹ ਕੰਮ ਸੜਕ ਦੀ ਹਾਲਤ ਸੁਧਾਰਨ ਤੇ ਯਾਤਰੀਆਂ ਤੇ ਹਾਈਵੇਅ ਦੇ ਹੋਰ ਵਰਤੋਂਕਾਰਾਂ ਲਈ ਸਫ਼ਰ ਨੂੰ ਸੁਖਾਲਾ ਤੇ ਸੁਰੱਖਿਅਤ ਬਣਾਉਣ ਵਿੱਚ ਮਦਦ ਕਰਨਗੇ। ਡਾ. ਚੱਬੇਵਾਲ ਨੇ ਕਿਹਾ ਕਿ ਉਹ ਸਬੰਧਤ ਅਧਿਕਾਰੀਆਂ ਕੋਲ ਇਸ ਅਹਿਮ ਹਾਈਵੇਅ ਦੀ ਹਾਲਤ ਦਾ ਮੁੱਦਾ ਲਗਾਤਾਰ ਉਠਾਉਂਦੇ ਆ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨਾਲ ਸੜਕ ਸੰਬੰਧੀ ਸਮੱਸਿਆਵਾਂ ਦੇ ਹੱਲ ਤੇ ਹਾਈਵੇਅ ਨੂੰ ਬਿਹਤਰ ਬਣਾਉਣ ਵੱਲ ਇੱਕ ਅਹਿਮ ਕਦਮ ਹੈ। ਉਨ੍ਹਾਂ ਕਿਹਾ ਕਿ ਇਸ ਸੁਧਰੇ ਹੋਏ ਹਿੱਸੇ ਨਾਲ ਫਗਵਾੜਾ ਤੇ ਜਲੰਧਰ ਵਿਚਕਾਰ ਸੜਕੀ ਸੰਪਰਕ ਮਜ਼ਬੂਤ ਹੋਵੇਗਾ ਤੇ ਟਰੈਫਿਕ ਦੀ ਆਵਾਜਾਈ ਸੁਚਾਰੂ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਇਸ ਰੂਟ ਤੇ ਰੋਜ਼ਾਨਾ ਹਜ਼ਾਰਾਂ ਯਾਤਰੀ ਸਫ਼ਰ ਕਰਦੇ ਹਨ ਤੇ ਇਹ ਪ੍ਰੋਜੈਕਟ ਉਨ੍ਹਾਂ ਨੂੰ ਬਿਹਤਰ ਸੜਕੀ ਸਹੂਲਤਾਂ ਪ੍ਰਦਾਨ ਕਰੇਗਾ। ਸੰਸਦ ਮੈਂਬਰ ਨੇ ਇਹ ਵੀ ਕਿਹਾ ਕਿ ਫਗਵਾੜਾ ਦਾ ਵਿਕਾਸ ਤੇ ਇਸ ਦੀਆਂ ਸੜਕਾਂ ਤੇ ਨਾਗਰਿਕ ਬੁਨਿਆਦੀ ਢਾਂਚੇ ਦਾ ਸੁਧਾਰ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ ਦੀਆਂ ਬੁਨਿਆਦੀ ਢਾਂਚੇ ਦੀਆਂ ਲੋੜਾਂ ਨੂੰ ਪੂਰਾ ਕਰਨ ਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਾਲ ਹੀ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ ਸੀ ਤੇ ਫਗਵਾੜਾ ਸ਼ਹਿਰ ਤੇ ਦਿਹਾਤੀ ਖੇਤਰਾਂ ਦੇ ਸਰਬਪੱਖੀ ਵਿਕਾਸ ਲਈ ਵਿਸ਼ੇਸ਼ ਗ੍ਰਾਂਟ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਲੋੜੀਂਦੇ ਫੰਡ ਲਿਆਉਣ ਤੇ ਇਲਾਕੇ ਵਿੱਚ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਯਤਨ ਜਾਰੀ ਰਹਿਣਗੇ।