ਫਗਵਾੜਾ ’ਚ ਸੜਕਾਂ ਦੇ ਨਿਰਮਾਣ ਲਈ ਕਰੋੜਾਂ ਰੁਪਏ ਜਾਰੀ : ਡਾ. ਰਾਜ ਫਗਵਾੜਾ ਵਿੱਚ 59.39 ਕਿਲੋਮੀਟਰ ਸੜਕਾਂ ਦੇ ਨਿਰਮਾਣ ਲਈ 10.78 ਕਰੋੜ ਰੁਪਏ ਜਾਰੀ: ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ
Publish Date: Mon, 02 Nov 2026 09:03 PM (IST)
Updated Date: Mon, 02 Nov 2026 09:05 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਦੇ ਵਸਨੀਕਾਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਸਰਕਾਰ ਵੱਲੋਂ ਸਬ-ਡਿਵੀਜ਼ਨ ਵਿੱਚ 59.39 ਕਿਲੋਮੀਟਰ ਲੰਬੀਆਂ ਸੜਕਾਂ ਦੇ ਨਿਰਮਾਣ ਲਈ 10.78 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਨ੍ਹਾਂ 22 ਸੜਕੀ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਨਾਲ ਆਵਾਜਾਈ ਨੂੰ ਸੁਖਾਲਾ ਬਣਾਉਣ, ਸੰਪਰਕ ਸਹੂਲਤਾਂ ਵਿੱਚ ਸੁਧਾਰ ਕਰਨ ਅਤੇ ਵੱਖ-ਵੱਖ ਇਲਾਕਿਆਂ ਦੇ ਵਸਨੀਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਮਦਦ ਮਿਲੇਗੀ। ਇਨ੍ਹਾਂ ਸੜਕੀ ਪ੍ਰੋਜੈਕਟਾਂ ਵਿੱਚ ਜੀਟੀ ਰੋਡ ਤੋਂ ਢੱਕ ਪਲਾਹੀ ਰਾਹੀਂ ਖੁਰਮਪੁਰ, ਭਖੜਿਆਣਾ ਤੋਂ ਰਾਣੀਪੁਰ, ਜੀਟੀ ਰੋਡ ਤੋਂ ਜਗਤਪੁਰ ਜੱਟਾਂ, ਜੀਟੀ ਰੋਡ ਤੋਂ ਨੰਗਲ ਰਾਹੀਂ ਰੁੜਕਾ ਕਲਾਂ, ਫਗਵਾੜਾ-ਨਕੋਦਰ ਰੋਡ ਤੋਂ ਸੁਨਰਾਂ ਰਾਜਪੂਤਾਂ, ਜੀਟੀ ਰੋਡ ਤੋਂ ਦਰਵੇਸ਼ ਪਿੰਡ ਨੂੰ ਫਗਵਾੜਾ-ਨਕੋਦਰ ਰੋਡ ਨਾਲ ਜੋੜਨ ਵਾਲੀ ਸੜਕ, ਜਮਸ਼ੇਰ ਤੋਂ ਨਰੰਗਸ਼ਾਹਪੁਰ, ਕਾਂਸ਼ੀ ਨਗਰ ਤੋਂ ਨੰਗਲ ਮੱਝਾ, ਪਿੰਡ ਮੇਹਟਾਂ ਤੋਂ ਜਗਜੀਵਨ ਰਾਮ ਕਲੋਨੀ, ਮੇਹਟਾਂ ਹਰਦਾਸਪੁਰ ਰਾਹੀਂ ਨਰੰਗਸ਼ਾਹਪੁਰ ਤੋਂ ਜੀਟੀ ਰੋਡ ਤੇ ਭਖੜਿਆਣਾ ਰੋਡ ਰਾਹੀਂ ਖਜੂਰਲਾ ਤੋਂ ਕੋਟਲੀ ਥਾਣ ਸਿੰਘ ਵਾਲਾ ਤੱਕ ਦੀਆਂ ਸੜਕਾਂ ਸ਼ਾਮਲ ਹਨ। ਇਸ ਤੋਂ ਇਲਾਵਾ ਫਗਵਾੜਾ-ਹੁਸ਼ਿਆਰਪੁਰ ਰੋਡ ਤੋਂ ਸਿਕਰੀ ਰਾਹੀਂ ਜਗਪਾਲਪੁਰ, ਰਿਹਾਣਾ ਜੱਟਾਂ ਤੋਂ ਲੁਟੇਰਾ ਖੁਰਦ, ਅਕਾਲਗੜ੍ਹ ਰਾਹੀਂ ਭੁੱਲਾ ਰਾਏ ਤੋਂ ਸੰਗਤਪੁਰ, ਰਾਵਲਪਿੰਡੀ ਤੋਂ ਸੰਗਤਪੁਰ, ਮਈਓਪੱਟੀ ਬੱਸ ਸਟੈਂਡ ਤੋਂ ਝਲਵੇੜਾ ਫਿਰਨੀ, ਫਗਵਾੜਾ-ਨਵਾਂਸ਼ਹਿਰ ਰੋਡ ਤੋਂ ਖਲਵਾੜਾ, ਫਗਵਾੜਾ-ਹੁਸ਼ਿਆਰਪੁਰ ਰੋਡ ਤੋਂ ਪਲਾਹੀ, ਫਗਵਾੜਾ-ਵਾਹਦ ਰੋਡ ਤੋਂ ਬਲਾਲੋਂ ਘੁੰਮਣ ਤੇ ਫਗਵਾੜਾ-ਵਾਹਦ ਰੋਡ ਤੋਂ ਬੀੜ ਪੌਂਦ ਤੱਕ ਦੀਆਂ ਸੜਕਾਂ ਦੇ ਨਿਰਮਾਣ ਕਾਰਜ ਵੀ ਇਨ੍ਹਾਂ ਪ੍ਰੋਜੈਕਟਾਂ ਵਿੱਚ ਸ਼ਾਮਲ ਹਨ। ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਇਨ੍ਹਾਂ ਸੜਕਾਂ ਦਾ ਨਿਰਮਾਣ ਪਿਛਲੇ ਦੋ ਤੋਂ ਤਿੰਨ ਸਾਲਾਂ ਤੋਂ ਲਟਕਿਆ ਹੋਇਆ ਸੀ, ਜਿਸ ਕਾਰਨ ਇਲਾਕਾ ਵਾਸੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਕਈ ਲੋਕਾਂ ਨੇ ਤਾਂ ਇਨ੍ਹਾਂ ਸੜਕਾਂ ਦੇ ਨਿਰਮਾਣ ਦੀ ਆਸ ਵੀ ਛੱਡ ਦਿੱਤੀ ਸੀ। ਜਦੋਂ ਇਲਾਕਾ ਵਾਸੀਆਂ ਨੇ ਆਪਣੀਆਂ ਮੁਸ਼ਕਲਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀਆਂ ਤਾਂ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਇਹ ਮਾਮਲਾ ਉਠਾਇਆ ਅਤੇ ਲੰਬੇ ਸਮੇਂ ਤੋਂ ਲਟਕੇ ਇਨ੍ਹਾਂ ਕੰਮਾਂ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਨੂੰ ਫੰਡ ਜਾਰੀ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੇ ਯਤਨਾਂ ਸਦਕਾ ਹੁਣ ਇਨ੍ਹਾਂ ਸੜਕਾਂ ਦੇ ਨਿਰਮਾਣ ਲਈ ਰਾਸ਼ੀ ਜਾਰੀ ਹੋ ਗਈ ਹੈ, ਜਿਸ ਨਾਲ ਨਿਰਮਾਣ ਕਾਰਜ ਸ਼ੁਰੂ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ। ਡਾ. ਚੱਬੇਵਾਲ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਫਗਵਾੜਾ ਖੇਤਰ ਦੇ ਕਈ ਪਿੰਡਾਂ ਅਤੇ ਇਲਾਕਿਆਂ ਦੀ ਸੜਕੀ ਸੰਪਰਕ ਸਹੂਲਤ ਵਿੱਚ ਸੁਧਾਰ ਹੋਵੇਗਾ। ਇਨ੍ਹਾਂ ਸੜਕਾਂ ਦੇ ਨਿਰਮਾਣ ਨਾਲ ਵਸਨੀਕਾਂ, ਰਾਹਗੀਰਾਂ ਤੇ ਹੋਰ ਸੜਕ ਉਪਭੋਗਤਾਵਾਂ ਲਈ ਆਵਾਜਾਈ ਹੋਰ ਸੁਖਾਲੀ ਹੋਵੇਗੀ। ਉਨ੍ਹਾਂ ਕਿਹਾ ਕਿ ਫੰਡ ਜਾਰੀ ਹੋਣ ਨਾਲ ਲੋਕਾਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਸਮੱਸਿਆਵਾਂ ਦਾ ਹੱਲ ਕਰਨ ਅਤੇ ਫਗਵਾੜਾ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸੜਕੀ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲੇਗੀ। ਸੰਸਦ ਮੈਂਬਰ ਨੇ ਕਿਹਾ ਕਿ ਪੰਜਾਬ ਸਰਕਾਰ ਫਗਵਾੜਾ ਨੂੰ ਸੂਬੇ ਦਾ ਇੱਕ ਮਾਡਲ ਸ਼ਹਿਰ ਬਣਾਉਣ ਲਈ ਵਚਨਬੱਧ ਹੈ ਅਤੇ ਇਸ ਦਿਸ਼ਾ ਵਿੱਚ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।