ਮੰਦਿਰ ਦੇ ਪੰਡਿਤ ਨੂੰ ਦਿਨ-ਦਿਹਾੜੇ ਲੁੱਟਿਆ ਤੇ ਕੁੱਟਿਆ
ਲੁਟੇਰਿਆਂ ਨੇ ਦਿਨ ਦਿਹਾੜੇ ਮੰਦਰ ਦੇ ਪੰਡਿਤ ਨੂੰ ਘੇਰ ਕੇ ਲੁੱਟਿਆ ਤੇ ਕੁੱਟਿਆ
Publish Date: Tue, 18 Aug 2026 09:38 PM (IST)
Updated Date: Tue, 18 Aug 2026 09:42 PM (IST)
ਸੁਖਵਿੰਦਰ ਸਿੰਘ ਸਿੱਧੂ, ਪੰਜਾਬੀ ਜਾਗਰਣ ਕਾਲਾ ਸੰਘਿਆਂ : ਕਾਲਾ ਸੰਘਿਆਂ ਤੋਂ ਸੁਲਤਾਨਪੁਰ ਜਾਂਦੀ ਸੜਕ ’ਤੇ ਸੰਧੂ ਚੱਠਾ ਚੌਂਕ ਨੇੜੇ ਦਿਨ-ਦਿਹਾੜੇ ਇੱਕ ਮੰਦਿਰ ਦੇ ਪੁਜਾਰੀ ਕੋਲੋਂ ਸੋਨੇ ਦੀ ਮੁੰਦਰੀ ਲੁੱਟ ਲਏ ਜਾਣ ਤੇ ਉਸ ਨੂੰ ਕੁੱਟੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸਬੰਧੀ ਪੀੜਤ ਗੋਬਿੰਦ ਪ੍ਰਸਾਦ ਪਿੰਡ ਰਹੀਮਪੁਰ ਨੇ ਦੱਸਿਆ ਕਿ ਉਹ ਆਪਣੀ ਬੇਟੀ ਨੂੰ ਸਕੂਲ ਬੱਸ ਤੋਂ ਲੈਣ ਲਈ ਸੰਧੂ ਚੱਠਾ ਚੌਂਕ ਵੱਲ ਜਾ ਰਿਹਾ ਸੀ ਕਿ ਉਸ ਨੂੰ ਤਿੰਨ ਪਲਟੀਨਾ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਘੇਰ ਲਿਆ। ਉਨ੍ਹਾਂ ਦੇ ਮੋਟਰਸਾਈਕਲ ਦੀ ਨੰਬਰ ਪਲੇਟ ਵੀ ਨਹੀਂ ਸੀ। ਉਨ੍ਹਾਂ ਨੇ ਉਸ ਦੇ ਪੁੱਠੇ ਹੱਥੀਏ ਮਾਰੇ ਤੇ ਉਸਦੀਆਂ ਜੇਬਾਂ ਫਰੋਲਦੇ ਹੋਏ ਕਿਹਾ ਕਿ ਜੋ ਕੁਝ ਵੀ ਤੇਰੇ ਕੋਲ ਹੈ ਤੁਰੰਤ ਕੱਢਦੇ ਨਹੀਂ ਤਾਂ ਧੌਣ ਲਾਹ ਦੇਵਾਂਗੇ ਪਰ ਉਸ ਕੋਲ ਕੋਈ ਪੈਸਾ ਨਹੀਂ ਸੀ ਤਾਂ ਲੁਟੇਰੇ ਉਸਦੇ ਪਾਈ ਸੋਨੇ ਦੇ ਮੁੰਦਰੀ ਖੋਹ ਕੇ ਲੈ ਗਏ ਤੇ ਉਸਦੇ ਮੋਟਰਸਾਈਕਲ ਦੀ ਚਾਬੀ ਵੀ ਕੱਢ ਕੇ ਨਾਲ ਲੈ ਗਏ। ਪੀੜਤ ਵਿਅਕਤੀ ਵੱਲੋਂ ਕਾਲਾ ਸੰਘਿਆਂ ਪੁਲਿਸ ਚੌਂਕੀ ਵਿਖੇ ਇਤਲਾਹ ਦਿੱਤੀ ਗਈ ਹੈ। ਪੀੜਿਤ ਨੇ ਦੱਸਿਆ ਕਿ ਉਸ ਦੀ ਸੋਨੇ ਦੀ ਮੁੰਦਰੀ ਦੀ ਕੀਮਤ 70-80 ਹਜ਼ਾਰ ਰੁਪਏ ਸੀ।