ਸੁਲਤਾਨਪੁਰ ਲੋਧੀ ’ਚ 70 ਸਾਲਾ ਬਜ਼ੁਰਗ ਨੂੰ ਲੁੱਟਿਆ ਤੇ ਕੁੱਟਿਆ ਸੁਲਤਾਨਪੁਰ ਲੋਧੀ ’ਚ ਲੁਟੇਰਿਆਂ ਦਾ ਕਹਿਰ, 70 ਸਾਲਾ ਬਜ਼ੁਰਗ ਨਾਲ ਲੁੱਟ ਮਗਰੋਂ ਬੇਰਹਿਮੀ ਨਾਲ ਕੁੱਟਮਾਰ
Publish Date: Tue, 01 Sep 2026 09:26 PM (IST)
Updated Date: Tue, 01 Sep 2026 09:28 PM (IST)
ਬਜ਼ੁਰਗ ਤੋਂ ਮੋਬਾਈਲ ਫ਼ੋਨ ਤੇ ਨਕਦੀ ਖੋਹੀ ਜ਼ਖ਼ਮੀ ਹਾਲਤ ’ਚ ਛੱਡ ਕੇ ਫ਼ਰਾਰ ਹੋਏ ਲੁਟੇਰੇ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਇਲਾਕੇ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਉਸ ਸਮੇਂ ਸਵਾਲ ਖੜ੍ਹੇ ਹੋ ਗਏ, ਜਦੋਂ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਖੇਤਾਂ ਤੋਂ ਘਰ ਪਰਤ ਰਹੇ 70 ਸਾਲਾ ਬਜ਼ੁਰਗ ਨੂੰ ਰਸਤੇ ਵਿੱਚ ਘੇਰ ਕੇ ਉਸ ਕੋਲੋਂ ਮੋਬਾਈਲ ਫ਼ੋਨ ਤੇ ਨਕਦੀ ਲੁੱਟ ਲਈ। ਹੈਰਾਨੀ ਦੀ ਗੱਲ ਇਹ ਰਹੀ ਕਿ ਸਾਮਾਨ ਦੇਣ ਦੇ ਬਾਵਜੂਦ ਲੁਟੇਰਿਆਂ ਨੇ ਬਜ਼ੁਰਗ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਤੇ ਉਸ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਸੜਕ ’ਤੇ ਛੱਡ ਕੇ ਫ਼ਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਤਾਬਗੜ੍ਹ ਰੋਡ ’ਤੇ 70 ਸਾਲਾ ਦਰਸ਼ਨ ਸਿੰਘ ਪੁੱਤਰ ਸਾਧੂ ਸਿੰਘ ਖੇਤਾਂ ਤੋਂ ਆਪਣੇ ਘਰ ਵੱਲ ਜਾ ਰਿਹਾ ਸੀ। ਇਸ ਦੌਰਾਨ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਨੂੰ ਰੋਕ ਲਿਆ ਤੇ ਧਮਕਾ ਕੇ ਉਸ ਕੋਲ ਮੌਜੂਦ ਸਾਮਾਨ ਕੱਢਣ ਲਈ ਕਿਹਾ। ਬਜ਼ੁਰਗ ਨੇ ਬਿਨਾਂ ਕਿਸੇ ਵਿਰੋਧ ਦੇ ਆਪਣਾ ਮੋਬਾਈਲ ਫ਼ੋਨ ਤੇ ਨਕਦੀ ਉਨ੍ਹਾਂ ਦੇ ਹਵਾਲੇ ਕਰ ਦਿੱਤੀ। ਪੀੜਤ ਅਨੁਸਾਰ ਸਾਮਾਨ ਦੇਣ ਤੋਂ ਬਾਅਦ ਵੀ ਲੁਟੇਰਿਆਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਹਮਲੇ ਵਿੱਚ ਬਜ਼ੁਰਗ ਗੰਭੀਰ ਜ਼ਖ਼ਮੀ ਹੋ ਗਿਆ ਤੇ ਲੁਟੇਰੇ ਉਸ ਨੂੰ ਸੜਕ ’ਤੇ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਏ। ਜ਼ਖ਼ਮੀ ਦਰਸ਼ਨ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਦਿਨ-ਦਿਹਾੜੇ ਵਾਪਰੀ ਇਸ ਘਟਨਾ ਨੇ ਪੁਲਿਸ ਦੀ ਗਸ਼ਤ ਤੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪੀੜਤ ਦਰਸ਼ਨ ਸਿੰਘ ਨੇ ਦੱਸਿਆ ਕਿ ਲੁਟੇਰਿਆਂ ਨੇ ਪਹਿਲਾਂ ਉਸ ਨੂੰ ਧਮਕਾ ਕੇ ਮੋਬਾਈਲ ਤੇ ਪੈਸੇ ਲੈ ਲਏ, ਪਰ ਇਸ ਤੋਂ ਬਾਅਦ ਵੀ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ।