ਪਿਸਤੌਲ ਦੀ ਨੋਕ ’ਤੇ ਠੇਕੇ ਤੋਂ ਲੁੱਟੇ ਪੰਜ ਹਜ਼ਾਰ
ਲੁਟੇਰਿਆਂ ਨੇ ਪਿਸਤੌਲ ਦੀ ਨੋਕ ਤੇ ਸ਼ਰਾਬ ਦੇ ਠੇਕਾ ਕਰਮਚਾਰੀ ਤੋਂ ਲੁੱਟੇ ਪੰਜ ਰਜਾਰ
Publish Date: Mon, 17 Aug 2026 08:46 PM (IST)
Updated Date: Mon, 17 Aug 2026 08:48 PM (IST)
ਹਰੀਸ਼ ਭੰਡਾਰੀ ਪੰਜਾਬੀ ਜਾਗਰਣ ਫਗਵਾੜਾ : ਬੀਤੇ ਕੁਝ ਦਿਨ ਪਹਿਲਾਂ ਹੀ ਫਗਵਾੜਾ ਨਜ਼ਦੀਕੀ ਪਿੰਡ ਮੌਲੀ ਵਿਖੇ ਇੱਕ ਬਜ਼ੁਰਗ ਵਿਅਕਤੀ ਦੇ ਕਤਲ ਦਾ ਮਾਮਲਾ ਅਜੇ ਪੂਰੀ ਤਰ੍ਹਾਂ ਸੁਲਝ ਨਹੀਂ ਪਾਇਆ ਸੀ ਕਿ ਹੁਣ ਇਸੇ ਪਿੰਡ ’ਚ ਹੀ ਦਿਨ-ਦਿਹਾੜੇ ਮੂੰਹ ਬੰਨ੍ਹ ਕੇ ਆਏ ਦੋ ਸਪਲੈਂਡਰ ਮੋਟਰਸਾਈਕਲ ਸਵਾਰ ਲੁਟੇਰੇ ਪਿੰਡ ਦੇ ਹੀ ਸ਼ਰਾਬ ਦੇ ਠੇਕੇ ਨੂੰ ਲੁੱਟ ਕੇ ਲੈ ਗਏ। ਲੁਟੇਰੇ ਠੇਕਾ ਕਰਮਚਾਰੀ ਤੋਂ ਪੰਜ ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਲੁਟੇਰਿਆਂ ਨੇ ਠੇਕਾ ਕਰਮਚਾਰੀ ਦੇ ਸਿਰ ’ਤੇ ਪਿਸਤੌਲ ਤਾਣ ਕੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ, ਵਾਰਦਾਤ ਦੀ ਪੂਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈ। ਲੁੱਟ ਦੌਰਾਨ ਠੇਕੇ ਦੇ ਕਰਿੰਦੇ ਦੇ ਗੰਭੀਰ ਸੱਟਾਂ ਵੱਜੀਆਂ, ਜਿਸਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਹਸਪਤਾਲ ਵਿੱਚ ਇਲਾਜ ਅਧੀਨ ਠੇਕਾ ਕਰਮਚਾਰੀ ਨੇ ਦੱਸਿਆ ਕਿ ਲੁਟੇਰਿਆਂ ਨੇ ਪਹਿਲਾਂ ਠੇਕੇ ’ਤੇ ਆ ਕੇ ਬੀਅਰ ਦਾ ਕੈਨ ਮੰਗਿਆ ਤੇ ਅੰਦਰ ਦਾਖ਼ਲ ਹੋ ਕਿ ਮੇਰੇ ਸਿਰ ’ਤੇ ਬੋਤਲ ਵੀ ਮਾਰੀ ਤੇ ਪਿਸਤੌਲ ਦੀ ਨੌਕ ’ਤੇ ਗੱਲੇ ਵਿੱਚ ਪਈ ਲਗਭਗ ਪੰਜ ਹਜ਼ਾਰ ਦੇ ਕਰੀਬ ਨਗਦੀ ਲੁੱਟ ਕੇ ਫ਼ਰਾਰ ਹੋ ਗਏ। ਠੇਕੇ ਦੇ ਕਰਿੰਦੇ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੇ ਮੇਰੇ ਇੰਚਾਰਜ ਨੇ ਮੈਨੂੰ ਫਗਵਾੜਾ ਦੇ ਸਿਵਲ ਹਸਪਤਾਲ ਇਲਾਜ ਲਈ ਲਿਆਂਦਾ।