ਦਿਨ-ਦਿਹਾੜੇ ਬਜ਼ੁਰਗ ਦੀਆਂ ਸੋਨੇ ਦੀਆਂ ਵਾਲੀਆਂ ਲਾਹੀਆਂ ਕਾਲਾ਼ ਸੰਘਿਆਂ ਤੋਂ ਦਿਨ ਦਿਹਾੜੇ ਬਜ਼ੁਰਗ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਝੱਪਟ ਕੇ ਲੁਟੇਰੇ ਫਰਾਰ
Publish Date: Thu, 03 Sep 2026 09:53 PM (IST)
Updated Date: Thu, 03 Sep 2026 09:55 PM (IST)
ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆਂ : ਸਥਾਨਕ ਕਸਬੇ ਚ ਸੰਧੂ ਚੱਠਾ ਰੋਡ ’ਤੇ ਸਥਿਤ ਪੈਲਸ ਦੇ ਨੇੜੇ ਚੋਰਾਂ ਵੱਲੋਂ ਦਿਨ-ਦਿਹਾੜੇ ਬਜ਼ੁਰਗ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਝਪਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੀੜਤ ਬਜ਼ੁਰਗ ਮਹਿਲਾ ਬੀਬੀ ਚੰਨੋ ਤੇ ਉਨ੍ਹਾਂ ਦੇ ਪਤੀ ਜੋਗਿੰਦਰ ਨੇ ਦੱਸਿਆ ਕਿ ਉਹ ਸਵੇਰੇ 10 ਕੁ ਵਜੇ ਕਿਸੇ ਭੋਗ ’ਚ ਸ਼ਾਮਲ ਹੋਣ ਲਈ ਪੈਦਲ ਜਾ ਰਹੇ ਸਨ ਕਿ ਕਾਲਾ ਸੰਘਿਆਂ ਤੋਂ ਸੁਲਤਾਨਪੁਰ ਲੋਧੀ ਮੇਨ ਰੋਡ ’ਤੇ ਦੋ ਮੋਟਰਸਾਈਕਲ ਸਵਾਰਾਂ ਨੇ ਉਸ ਦੇ ਕੰਨਾਂ ਵਿੱਚ ਪਾਈਆਂ ਵਾਲੀਆਂ ਝਪਟ ਲਈਆਂ ਤੇ ਫ਼ਰਾਰ ਹੋ ਗਏ। ਬਜ਼ੁਰਗ ਜੋੜੇ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਲੁਟੇਰੇ ਇੱਕ ਮੋਨਾ ਤੇ ਇੱਕ ਪਗੜੀਧਾਰੀ ਸਨ। ਉਨ੍ਹਾਂ ਦੱਸਿਆ ਕਿ ਬਹੁਤ ਲੰਬੇ ਸਮੇਂ ਤੋਂ ਉਸ ਦੇ ਕੰਨਾਂ ਵਿੱਚ ਪਾਈਆਂ ਇਹ ਵਾਲੀਆਂ ਅੱਧੇ ਤੋਲੇ ਤੋਂ ਵੱਧ ਦੀਆਂ ਸਨ, ਜਿਸ ਦੀ ਮਾਰਕੀਟ ਕੀਮਤ ਬਾਰੇ ਤਾਂ ਉਸ ਨੂੰ ਬਹੁਤਾ ਗਿਆਨ ਨਹੀਂ ਹੈ। ਬਜ਼ੁਰਗ ਨੇ ਦੱਸਿਆ ਕਿ ਉਸ ਦੇ ਮਨ ਵਿੱਚ ਬੇਹੱਦ ਡਰ ਪਾਇਆ ਜਾ ਰਿਹਾ ਹੈ। ਪੀੜਤ ਜੋੜੇ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਇੱਕ ਮੱਝ ਵੀ ਚੋਰੀ ਹੋ ਗਈ ਸੀ, ਜੋ ਅੱਜ ਤੀਸਰੇ ਦਿਨ ਆਪ ਹੀ ਖੁੱਲ੍ਹ ਕੇ ਵਾਪਸ ਆ ਗਈ, ਜਿਸ ਨੂੰ ਕੁੱਤਿਆਂ ਨੇ ਵੀ ਜ਼ਖ਼ਮੀ ਕੀਤਾ ਹੋਇਆ ਹੈ। ਇੱਥੇ ਵਰਣਨਯੋਗ ਹੈ ਕਿ ਚੋਰੀ, ਲੁੱਟਾਂ-ਖੋਹਾਂ ਤੇ ਮੋਟਰਾਂ ਤੋਂ ਤਾਰਾਂ ਸਟਾਰਟਰ ਚੋਰੀ ਕਰਨ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ ਪਰ ਪੁਲਿਸ ਪ੍ਰਸ਼ਾਸਨ ਇਨ੍ਹਾਂ ਨੂੰ ਨੱਥ ਪਾਉਣ ਵਿੱਚ ਅਸਮਰਥ ਨਜ਼ਰ ਆ ਰਿਹਾ ਹੈ ਤੇ ਲੋਕ ਵਿਚਾਰੇ ਬੇਵਸ ਲੁੱਟਾਂ-ਖੋਹਾਂ ਦਾ ਸ਼ਿਕਾਰ ਹੋ ਰਹੇ ਹਨ।