- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਵਨ ਨਗਰੀ ਵਿੱਚ ਲੁਟੇਰਿਆਂ ਦਾ ਆਤੰਕ ਜਾਰੀ

--ਬੀਤੀ ਰਾਤ ਨੌਜਵਾਨ ਨੂੰ ਤੇਜ਼ਧਾਰ ਹਥਿਆਰ ਵਿਖਾ ਕੇ ਲੁੱਟਿਆ
--ਸ਼ਹਿਰ ’ਚ ਲਗਾਤਾਰ ਵੱਧ ਰਹੇ ਕ੍ਰਾਈਮ ’ਤੇ ਰੋਕ ਲਾਉਣ ਦੀ ਮੰਗ
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਪਾਵਨ ਨਗਰੀ ਵਿਚ ਲੁਟੇਰਿਆਂ ਤੇ ਚੋਰਾਂ ਦੇ ਹੌਸਲੇ ਬੁਲੰਦ ਹਨ ਤੇ ਉਹ ਕਿਸੇ ਵੀ ਸਮੇਂ ਘਟਨਾ ਨੂੰ ਬੇਖੌਫ ਅੰਜ਼ਾਮ ਦੇ ਦਿੰਦੇ ਹਨ, ਜਿਸ ਨਾਲ ਸ਼ਹਿਰ ਨਿਵਾਸੀਆਂ ਵਿਚ ਡਰ ਤੇ ਖੌਫ਼ ਲਗਾਤਾਰ ਵੱਧਦਾ ਜਾ ਰਿਹਾ ਹੈ। ਬੀਤੀ ਰਾਤ ਲੁਟੇਰਿਆਂ ਨੇ ਇਕ ਇਲੈਕਟਰੋਨਿਕ ਦੁਕਾਨ ’ਤੇ ਕੰਮ ਕਰਨ ਵਾਲੇ ਲੜਕੇ ਨੂੰ ਘਰ ਜਾਂਦੇ ਸਮੇਂ ਘੇਰ ਕੇ ਉਸ ਨੂੰ ਤੇਜ਼ਧਾਰ ਹਥਿਆਰ ਦੀ ਨੋਕ ’ਤੇ ਲੁੱਟਣ ਤੇ ਮਾਰਕੁਟਾਈ ਕਰਨ ਦਾ ਸਮਾਚਾਰ ਮਿਲਿਆ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦੇ ਸੌਰਵ ਨੇ ਦੱਸਿਆ ਕਿ ਉਹ ਆਰੀਆ ਸਮਾਜ ਚੌਂਕ ਵਿਖੇ ਇਕ ਬਿਜਲੀ ਦੀ ਦੁਕਾਨ ’ਤੇ ਨੌਕਰੀ ਕਰਦਾ ਹੈ ਅਤੇ ਰਾਤ ਨੂੰ ਦੁਕਾਨ ਬੰਦ ਕਰਨ ਉਪਰੰਤ ਜਦੋਂ ਉਹ ਵਾਪਸ ਘਰ ਨੂੰ ਜਾ ਰਿਹਾ ਸੀ ਤਾਂ ਛੱਤੀ ਗਲੀ (ਦੀਵਾਨਾ ਮੁਹੱਲਾ) ਦੇ ਨੇੜੇ ਦੋ ਮੋਟਰ ਸਾਈਕਲ ਸਵਾਰਾਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਜਿਸ ਦੌਰਾਨ ਉਸ ਨੂੰ ਸ਼ੱਕ ਪੈਣ ’ਤੇ ਉਹ ਘਰ ਨੂੰ ਪੁਰੀਆਂ ਮੁਹੱਲੇ ਦੀ ਬਜਾਏ ਸਦਰ ਬਾਜ਼ਾਰ ਰਾਹੀਂ ਜਦੋਂ ਘਰ ਦੇ ਨਜ਼ਦੀਕ ਪਹੁੰਚਿਆ ਤਾਂ ਮੋਟਰ ਸਾਈਕਲ ਸਵਾਰਾਂ ਨੇ ਉਸ ਨੂੰ ਕੋਈ ਤੇਜ਼ਧਾਰ ਹਥਿਆਰ ਵਿਖਾ ਕੇ ਘੇਰ ਲਿਆ ਤੇ ਮਾਰ-ਕੁੱਟ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇਕ ਲੁਟੇਰੇ ਨੇ ਉਸਦੀ ਜੇਬ ਵਿਚੋਂ ਪਰਸ ਕੱਢ ਲਿਆ ਤੇ ਜ਼ਬਰਦਸਤੀ ਉਸ ਦੇ ਹੱਥ ਵਿਚੋਂ ਮੋਬਾਇਲ ਵੀ ਖੋਹਣ ਲੱਗ ਗਏ, ਪਰੰਤੂ ਰੌਲਾ ਪਾਉਣ ’ਤੇ ਨਜ਼ਦੀਕ ਘਰ ਵਿਚ ਉਸਦੀ ਆਵਾਜ਼ ਸੁਣ ਕੇ ਉਸਦਾ ਭਰਾ ਤੇ ਮਾਤਾ ਬਾਹਰ ਆਏ। ਜਿਸ ਨੂੰ ਵੇਖ ਕੇ ਉਹ ਲੁਟੇਰੇ ਮੋਟਰਸਾਈਕਲ ’ਤੇ ਫਰਾਰ ਹੋ ਗਏ। ਪੀੜਤ ਨੇ ਦੱਸਿਆ ਕਿ ਜਾਂਦੇ ਹੋਏ ਉਸਨੇ ਇਕ ਲੁਟੇਰੇ ਦੇ ਮੂੰਹ ਤੋਂ ਬੰਨਿਆ ਮਫਲਰ ਉਤਾਰ ਲਿਆ ਸੀ ਤੇ ਉਸ ਨਾਲ ਉਸ ਦੀ ਹੱਥੋਪਾਈ ਵੀ ਹੋਈ ਸੀ। ਇਸ ਮੌਕੇ ਸੌਰਵ ਦੇ ਭਰਾ ਸੰਨੀ ਨੇ ਦੱਸਿਆ ਕਿ ਅਸੀਂ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਾਂ ਤੇ ਮਿਹਨਤ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਕਰਦੇ ਹਾਂ ਪ੍ਰੰਤੂ ਸ਼ਹਿਰ ਵਿਚ ਰੋਜ਼ਾਨਾ ਹੋ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਨਾਲ ਸਾਰੇ ਲੋਕ ਬਹੁਤ ਪਰੇਸ਼ਾਨ ਹਨ। ਲੁੱਟ ਖੋਹ ਦੀਆਂ ਵਧ ਰਹੀ ਘਟਨਾਵਾਂ ’ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਸਾਬਕਾ ਸ਼ਹਿਰੀ ਪ੍ਰਧਾਨ ਕਾਂਗਰਸ ਤੇ ਕੌਂਸਲਰ ਸੰਜੀਵ ਮਰਵਾਹਾ ਨੇ ਕਿਹਾ ਕਿ ਸ਼ਹਿਰ ਵਿਚ ਰੋਜ਼ਾਨਾ ਵੱਧ ਰਿਹਾ ਕਰਾਈਮ ਬਹੁਤ ਹੀ ਚਿੰਤਾਜਨਕ ਹੈ। ਇਸ ਨੂੰ ਜੇ ਜਲਦੀ ਨੱਥ ਨਾ ਪਾਈ ਗਈ ਤਾਂ ਆਉਣ ਵਾਲਾ ਸਮਾਂ ਬਹੁਤ ਹੀ ਖਤਰਨਾਕ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਲੁੱਟ-ਖੋਹ ਦਾ ਸ਼ਿਕਾਰ ਲੜਕਾ ਸੌਰਵ ਉਨ੍ਹਾਂ ਦੀ ਦੁਕਾਨ ’ਤੇ ਹੀ ਕੰਮ ਕਰਦਾ ਹੈ। ਇਸ ਸਬੰਧੀ ਐੱਸਐੱਚਓ ਹਰਿੰਦਰ ਸਿੰਘ ਨੇ ਕਿਹਾ ਕਿ ਲੁਟੇਰਿਆਂ ਦੀ ਸੀਸੀਟੀਵੀ ਫੁਟੇਜ ਮਿਲ ਗਈ ਹੈ ਤੇ ਪੁਲਿਸ ਜਾਂਚ-ਪੜਤਾਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਲੁਟੇਰੇ ਜਲਦੀ ਹੀ ਪੁਲਿਸ ਦੀ ਹਿਰਾਸਤ ਵਿਚ ਹੋਣਗੇ।