ਤਲਵੰਡੀ ਚੌਧਰੀਆਂ ਰੋਡ ’ਤੇ ਕਾਰ ਨੇ ਦਰੜੇ 4 ਨੌਜਵਾਨ ਤਲਵੰਡੀ ਚੌਧਰੀਆਂ ਰੋਡ ਤੇ ਹੋਇਆ ਸੜਕ ਹਾਦਸਾ, ਕਾਰ ਨੇ ਦਰੜੇ 4 ਨੌਜਵਾਨ
Publish Date: Sat, 28 Nov 2026 09:06 PM (IST)
Updated Date: Sat, 28 Nov 2026 09:07 PM (IST)
ਪੀੜਤਾਂ ’ਚੋਂ 2 ਦੀ ਹਾਲਤ ਗੰਭੀਰ, ਪਰਿਵਾਰਕ ਮੈਂਬਰਾਂ ਤਲਵੰਡੀ ਰੋਡ ’ਤੇ ਲਾਇਆ ਰੋਸ ਧਰਨਾ ਮੁਲਜ਼ਮ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ : ਏਸੀਪੀ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਥਾਨਕ ਤਲਵੰਡੀ ਚੌਧਰੀਆਂ ਰੋਡ ’ਤੇ ਅਮਨਪ੍ਰੀਤ ਹਸਪਤਾਲ ਨੇੜੇ ਤਲਵੰਡੀ ਵਾਲੀ ਸਾਈਡ ਤੋਂ ਆ ਰਹੀ ਇੱਕ ਓਡੀ ਕਾਰ ਨੇ ਸੜਕ ਕਿਨਾਰੇ ਖੜ੍ਹੇ ਦੋ ਨੌਜਵਾਨਾਂ ਬੱਬੂ (16) ਪੁੱਤਰ ਦਰਸ਼ਨ ਲਾਲ ਤੇ ਦੀਪੂ (11) ਪੁੱਤਰ ਰਜਿੰਦਰ ਕੁਮਾਰ ਦੋਨੋਂ ਵਾਸੀ ਮੁਹੱਲਾ ਪੰਡੋਰੀ ਸੁਲਤਾਨਪੁਰ ਲੋਧੀ ਨੂੰ ਜ਼ੋਰਦਾਰ ਟੱਕਰ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ, ਜਿਨ੍ਹਾਂ ਨੂੰ ਤੁਰੰਤ ਰਾਹਗੀਰਾਂ ਨੇ ਸਾਹਮਣੇ ਅਮਨਪ੍ਰੀਤ ਹਸਪਤਾਲ ਵਿਖੇ ਦਾਖਲ ਕਰਵਾਇਆ। ਪਰਿਵਾਰਕ ਮੈਂਬਰਾਂ ਅਨੁਸਾਰ ਬੱਬੂ ਦੇ ਸਿਰ ’ਤੇ ਗੰਭੀਰ ਸੱਟ ਲੱਗੀ ਹੈ ਜਦਕਿ ਦੀਪੂ ਦੇ ਵੀ ਕਾਫ਼ੀ ਸੱਟਾਂ ਲੱਗੀਆਂ ਹਨ। ਉਪਰੰਤ ਓਡੀ ਕਾਰ ਨੇ ਅੱਗੇ ਹੋਰ ਦੋ ਨੌਜਵਾਨਾਂ ਨੂੰ ਜ਼ੋਰਦਾਰ ਟੱਕਰ ਮਾਰ ਕੇ ਜ਼ਖਮੀ ਕਰ ਦਿੱਤਾ, ਜਿਨ੍ਹਾਂ ਨੂੰ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿਨਾਂ ਵਿੱਚੋਂ ਇੱਕ ਦੇ ਕਾਫੀ ਸੱਟਾਂ ਲੱਗੀਆਂ ਹਨ ਜਦਕਿ ਦੂਸਰੇ ਦੇ ਕੁਝ ਘੱਟ ਹਨ ਤੇ ਦੋਵੇਂ ਖ਼ਤਰੇ ਤੋਂ ਬਾਹਰ ਹਨ। ਉਕਤ ਨੌਜਵਾਨ ਸ਼ਾਹਕੋਟ ਇਲਾਕੇ ਦੇ ਦੱਸੇ ਜਾ ਰਹੇ ਹਨ। ਕਾਰ ਚਲਾ ਰਿਹਾ ਨੌਜਵਾਨ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਰੋਸ ਵਜੋਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਤਲਵੰਡੀ ਰੋਡ ’ਤੇ ਰੋਸ ਧਰਨਾ ਲਗਾ ਕੇ ਇਨਸਾਫ ਦੀ ਮੰਗ ਕੀਤੀ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਪੁਲਿਸ ਸੂਚਨਾ ਦੇਣ ਤੋਂ ਕਾਫੀ ਦੇਰ ਲੇਟ ਪੁੱਜੀ ਤੇ ਉਨ੍ਹਾਂ ਨੂੰ ਧਰਨਾ ਚੁੱਕਣ ਲਈ ਮਜਬੂਰ ਕਰ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਰੋਸ ਧਰਨਾ ਜਾਰੀ ਰਹੇਗਾ। ਖਬਰ ਲਿਖੇ ਜਾਣ ਤੱਕ ਧਰਨਾ ਅਜੇ ਜਾਰੀ ਸੀ। ਦੂਜੇ ਪਾਸੇ ਏਸੀਪੀ ਧੀਰੇਂਦਰ ਵਰਮਾ ਨੇ ਮੌਕੇ ਤੇ ਜਾ ਕੇ ਪੀੜਤ ਪਰਿਵਾਰਾਂ ਨੂੰ ਹੌਸਲਾ ਦਿੱਤਾ ਤੇ ਭਰੋਸਾ ਦਿਵਾਇਆ ਕਿ ਮੁਲਜ਼ਮ ਕਿਸੇ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ ਤੇ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।