- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਤਿਗੁਰੂ ਰਾਖਾ ਚੌਕ ’ਤੇ

ਸਤਿਗੁਰੂ ਰਾਖਾ ਚੌਕ ’ਤੇ ਪਏ ਡੂੰਘੇ ਟੋਇਆਂ ਤੋਂ ਰਾਹਗੀਰ ਪਰੇਸ਼ਾਨ
ਬਾਰਿਸ਼ ਦੇ ਦਿਨਾਂ ’ਚ ਹਾਲਾਤ ਹੋ ਜਾਂਦੇ ਹਨ ਹੋਰ ਵੀ ਬਦਤਰ
ਜਾਸ, ਬੇਗੋਵਾਲ (ਕਪੂਰਥਲਾ) :
ਸਬ-ਡਵੀਜ਼ਨ ਭੁਲੱਥ ਦੇ ਕਸਬੇ ਬੇਗੋਵਾਲ ਦੀ ਮੁੱਖ ਸੜਕ ਦੀ ਹਾਲਤ ਪਿਛਲੇ ਛੇ ਮਹੀਨਿਆਂ ਤੋਂ ਬੇਹੱਦ ਖ਼ਸਤਾ ਹੈ। ਇੱਥੇ ਹਰ ਰੋਜ਼ ਰਾਹਗੀਰ ਟੋਇਆਂ ਵਿਚ ਡਿੱਗ ਕੇ ਜ਼ਖ਼ਮੀ ਹੋ ਰਹੇ ਹਨ। ਬਾਰਿਸ਼ ਦੇ ਦਿਨਾਂ ਵਿਚ ਹਾਲਤ ਹੋਰ ਵੀ ਬਦਤਰ ਹੋ ਜਾਂਦੀ ਹੈ, ਕਿਉਂਕਿ ਟੋਇਆਂ ਵਿਚ ਪਾਣੀ ਭਰ ਜਾਣ ਕਾਰਨ ਦੋਪਹੀਆ ਵਾਹਨ ਚਲਾਉਣ ਵਾਲੇ ਬੇਕਾਬੂ ਹੋ ਜਾਂਦੇ ਹਨ ਅਤੇ ਗੰਦੇ ਪਾਣੇ ਵਿਚ ਡਿੱਗ ਜਾਂਦੇ ਹਨ। ਕਈ ਵਾਰ ਤਾਂ ਰਾਹਗੀਰ ਗੰਭੀਰ ਜ਼ਖ਼ਮੀ ਵੀ ਹੋ ਚੁੱਕੇ ਹਨ, ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਸਿਰਫ ਟੋਇਆਂ ’ਚ ਮਲਬਾ ਪਾ ਕੇ ਖਾਨਾਪੂਰਤੀ ਕਰ ਦਿੱਤੀ ਜਾਂਦੀ ਹੈ।
ਨਡਾਲਾ ਤੋਂ ਬੇਗੋਵਾਲ ਤੱਕ ਲਗਪਗ 17.61 ਕਿਲੋਮੀਟਰ ਦਾ ਮੁੱਖ ਮਾਰਗ ਹੈ ਪਰ ਬੇਗੋਵਾਲ ਤੋਂ ਅੱਗੇ ਟਾਂਡਾ ਵੱਲ ਜਾਣ ਵਾਲੇ ਸਤਿਗੁਰੂ ਰਾਖਾ ਚੌਕ ਦਾ ਲਗਪਗ ਇਕ ਕਿਲੋਮੀਟਰ ਦਾ ਰਸਤਾ ਬਹੁਤ ਖਰਾਬ ਹੈ। ਜਾਣਕਾਰੀ ਮੁਤਾਬਕ, ਲਗਪਗ ਛੇ ਮਹੀਨੇ ਪਹਿਲਾਂ ਇਸ ਰਸਤੇ ਨੂੰ ਨਵੇਂ ਸਿਰੇ ਤੋਂ ਬਣਾਉਣ ਲਈ ਪੁੱਟਿਆ ਗਿਆ ਸੀ, ਪਰ ਬਾਅਦ ਵਿਚ ਇਸ ਦੇ ਨਿਰਮਾਣ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਅਤੇ ਇਸ ਨੂੰ ਵਿਚ-ਵਿਚਾਲੇ ਹੀ ਛੱਡ ਦਿੱਤਾ ਗਿਆ। ਇਸ ਕਾਰਨ ਇਹ ਸੜਕ ਹੌਲੀ-ਹੌਲੀ ਟੁੱਟ ਕੇ ਟੋਇਆਂ ਵਿਚ ਬਦਲ ਗਈ ਜਿਸ ਕਾਰਨ ਹੁਣ ਇਹ ਜਾਨਲੇਵਾ ਸੜਕ ਬਣ ਚੁੱਕੀ ਹੈ।
ਬੇਗੋਵਾਲ ਦੇ ਨਿਵਾਸੀਆਂ ਜਾਰਜ ਸ਼ੁਭਕਮਲ, ਰਚਪਾਲ ਸਿੰਘ ਬੱਚਾਜੀਵੀ, ਸਾਬਕਾ ਕੌਂਸਲਰ ਮਹਿੰਦਰਪਾਲ, ਸ਼ਿੰਦਰ, ਕਾਂਗਰਸੀ ਕੌਂਸਲਰ ਕਮਲਜੀਤ ਸਿੰਘ, ਸ਼੍ਰੀਨਿਵਾਸ ਕੁੱਕੂ, ਸੁਰਜੀਤ ਪਾਲ, ਸੰਪੂਰਨ ਸਿੰਘ, ਮਲਕੀਤ ਸਿੰਘ, ਗੁਰਬਚਨ ਸਿੰਘ ਭੁੱਟੋਭੁੱਲਰ ਅਤੇ ਗੁਰਬਚਨ ਸਿੰਘ ਪੱਤੀ ਆਦਿ ਦਾ ਕਹਿਣਾ ਹੈ ਕਿ ਇਸ ਰਸਤੇ ’ਤੇ ਹਰ ਰੋਜ਼ ਕਈ ਹਾਦਸੇ ਹੁੰਦੇ ਹਨ। ਸ਼ਨਿਚਰਵਾਰ ਨੂੰ ਵੀ ਇਸ ਸੜਕ ਤੋਂ ਲੰਘ ਰਿਹਾ ਬਾਈਕ ਸਵਾਰ ਬਜ਼ੁਰਗ ਬੇਕਾਬੂ ਹੋ ਕੇ ਡਿੱਗ ਗਿਆ, ਜਿਸ ਨਾਲ ਉਸ ਦੇ ਸਾਰੇ ਕੱਪੜੇ ਖਰਾਬ ਹੋ ਗਏ। ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਦਾ ਲੋਕਾਂ ਦੀ ਇਸ ਸਮੱਸਿਆ ਦੇ ਹੱਲ ਵੱਲ ਕੋਈ ਧਿਆਨ ਨਹੀਂ। ਲੋਕਾਂ ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਸ਼ਾਇਦ ਕਿਸੇ ਵੱਡੇ ਹਾਦਸੇ ਦੇ ਇੰਤਜ਼ਾਰ ਵਿਚ ਹੈ, ਇਸ ਲਈ ਇਸ ਸੜਕ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।
ਰੋਜ਼ ਰਾਤ ਨੂੰ ਲੰਘਦੇ ਹਨ 350 ਤੋਂ ਵੱਧ ਓਵਰਲੋਡ ਟਿੱਪਰ
ਬੇਗੋਵਾਲ ਦੇ ਨਿਵਾਸੀਆਂ ਦਾ ਕਹਿਣਾ ਹੈ ਕਿ ਇੱਥੇ ਰਾਤ ਸਮੇਂ ਰੇਤ ਤੇ ਬੱਜਰੀ ਨਾਲ ਭਰੇ ਓਵਰਲੋਡ ਟਿੱਪਰਾਂ ਦਾ ਲੰਘਣਾ ਸ਼ੁਰੂ ਹੋ ਜਾਂਦਾ ਹੈ। ਇਨ੍ਹਾਂ ਟਿੱਪਰਾਂ ਦੇ ਲਗਾਤਾਰ ਲੰਘਣ ਕਾਰਨ ਸੜਕ ਟੁੱਟਦੀ ਹੈ, ਕਿਉਂਕਿ ਇਨ੍ਹਾਂ ਵਿਚ ਨਿਰਧਾਰਿਤ ਮਾਪ ਤੋਂ ਵੱਧ ਸਾਮਾਨ ਲੋਡ ਕੀਤਾ ਜਾਂਦਾ ਹੈ। ਇਸ ਸੜਕ ਦੀ ਦੂਰੀ ਘੱਟ ਹੋਣ ਕਾਰਨ ਇਹ ਮਾਰਗ ਟਿੱਪਰ ਚਾਲਕਾਂ ਨੂੰ ਵੱਧ ਪਸੰਦ ਹੈ। ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਸ ਰਸਤੇ ਨਾਲ ਟੋਲ ਤੋਂ ਬਚਣ ਦਾ ਮੌਕਾ ਮਿਲਦਾ ਹੈ, ਜਿਸ ਕਾਰਨ ਜ਼ਿਆਦਾ ਤੋਂ ਜ਼ਿਆਦਾ ਟਿੱਪਰ ਇਸ ਰਸਤੇ ਨੂੰ ਵਰਤਦੇ ਹਨ। ਇਕ ਅੰਦਾਜ਼ੇ ਮੁਤਾਬਕ, ਰੋਜ਼ ਰਾਤ ਨੂੰ ਇੱਥੇ ਲਗਪਗ 350 ਤੋਂ ਵੱਧ ਓਵਰਲੋਡ ਟਿੱਪਰ ਲੰਘਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਟਿੱਪਰਾਂ ਨੂੰ ਰੋਕਣ ਲਈ ਕਈ ਵਾਰੀ ਆਵਾਜ਼ ਚੁੱਕੀ ਗਈ ਹੈ। ਪ੍ਰਸ਼ਾਸਨ ਨੇ ਸਖਤੀ ਤੇ ਜੁਰਮਾਨੇ ਵੀ ਕੀਤੇ ਹਨ, ਪਰ ਫਿਰ ਵੀ ਇਹ ਬਾਜ਼ ਨਹੀਂ ਆਉਂਦੇ। ਇਨ੍ਹਾਂ ਟਿੱਪਰਾਂ ਕਾਰਨ ਕਈ ਵਾਰੀ ਭਿਆਨਕ ਹਾਦਸੇ ਵੀ ਵਾਪਰ ਚੁੱਕੇ ਹਨ।
ਪੰਜਾਬ ਸਰਕਾਰ ਤੋਂ ਹੁਕਮ ਮਿਲਦੇ ਹੀ ਤੁਰੰਤ ਬਣੇਗੀ ਸੜਕ : ਐਕਸਈਐੱਨ
ਪੀਡਬਲਯੂਡੀ ਦੇ ਐਕਸਈਐੱਨ ਵਿਸ਼ਾਲ ਜੰਗਰਾਲ ਨੇ ਕਿਹਾ ਕਿ ਬੇਗੋਵਾਲ ਸੜਕ ਦੀ ਖ਼ਸਤਾ ਹਾਲਤ ਦਾ ਮਾਮਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿਚ ਹੈ। ਇਸ ਸੜਕ ਤੋਂ ਰਾਤ ਸਮੇਂ ਓਵਰਲੋਡ ਟਿੱਪਰਾਂ ਦੀ ਜ਼ਿਆਦਾ ਆਵਾਜਾਈ ਰਹਿੰਦੀ ਹੈ, ਜਿਸ ਕਾਰਨ ਸੜਕ ਬਹੁਤ ਖਰਾਬ ਹੋ ਚੁੱਕੀ ਹੈ। ਇਨ੍ਹਾਂ ਟਿੱਪਰਾਂ ਦੀ ਰੋਕਥਾਮ ਬਹੁਤ ਜ਼ਰੂਰੀ ਹੈ। ਇਸ ਸੜਕ ’ਤੇ ਡਰੇਨਜ ਸਿਸਟਮ ਨਹੀਂ ਹੈ, ਜਿਸ ਕਾਰਨ ਪਾਣੀ ਜਮ੍ਹਾਂ ਹੋਣ ਨਾਲ ਸੜਕ ਹੌਲੀ-ਹੌਲੀ ਟੁੱਟਣ ਲੱਗਦੀ ਹੈ। ਉਨ੍ਹਾਂ ਦੱਸਿਆ ਕਿ ਇਕ ਹਫ਼ਤਾ ਪਹਿਲਾਂ ਹੀ ਡੀਸੀ ਕਪੂਰਥਲਾ ਨੇ ਇਸ ਰਸਤੇ ਦੀ ਹਾਲਤ ਸੁਧਾਰਨ ਲਈ ਉਨ੍ਹਾਂ ਨਾਲ ਗੱਲ ਕੀਤੀ ਹੈ। ਜਿਵੇਂ ਹੀ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਹੁਕਮ ਮਿਲੇਗਾ, ਤੁਰੰਤ ਇਸ ਸੜਕ ਦਾ ਨਿਰਮਾਣ ਕਰਵਾ ਦਿੱਤਾ ਜਾਵੇਗਾ।