ਭਾਈ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਰੱਦ ਕਰਨਾ ਲੋਕਤੰਤਰ ਦਾ ਘਾਣ : ਭੰਡਾਲ
ਭਾਈ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਰੱਦ ਕਰਨਾ ਲੋਕਤੰਤਰ ਦਾ ਘਾਣ : ਭੰਡਾਲ
Publish Date: Sun, 29 Mar 2026 09:03 PM (IST)
Updated Date: Sun, 29 Mar 2026 09:05 PM (IST)

ਜ਼ਿਲ੍ਹਾ ਪ੍ਰਧਾਨ ਵੱਲੋਂ ਸਾਥੀਆ ਸਮੇਤ ਗੁਰਦੁਆਰਾ ਬੇਰ ਸਾਹਿਬ ਕੀਤੀ ਸ਼ੁਕਰਾਨੇ ਦੀ ਅਰਦਾਸ ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਂਗਾ : ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਹਲਕਾ ਖਡੂਰ ਸਾਹਿਬ ਤੇ ਪ੍ਰਧਾਨ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਲਗਾਈ ਗਈ ਪੈਰੋਲ ਅਰਜ਼ੀ ’ਤੇ ਸੁਣਵਾਈ ਕਰਦਿਆਂ ਹਾਈਕੋਰਟ ਵੱਲੋਂ ਪੈਰੋਲ ਰੱਦ ਕਰਨਾ ਸਿੱਧਾ-ਸਿੱਧਾ ਲੋਕਤੰਤਰ ਦਾ ਘਾਣ ਹੈ ਕਿਉਂਕਿ ਲੱਖਾਂ ਲੋਕਾਂ ਵੱਲੋਂ ਸੰਵਿਧਾਨਕ ਤੌਰ ’ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਵੋਟਾਂ ਜ਼ਰੀਏ ਚੁਣ ਕੇ ਦੇਸ਼ ਦੀ ਪਾਰਲੀਮੈਂਟ ਵਿਚ ਭੇਜਿਆ ਹੈ ਤਾਂ ਜੋ ਉਹ ਪੰਜਾਬ ਦੇ ਲੋਕਾਂ ਦੀ ਅਵਾਜ਼ ਪਾਰਲੀਮੈਂਟ ਵਿਚ ਚੁੱਕ ਸੱਕਣ ਪਰ ਕੇਂਦਰ ਦੀ ਸ਼ਹਿ ’ਤੇ ਪੰਜਾਬ ਸਰਕਾਰ ਵੱਲੋਂ ਵਾਰ-ਵਾਰ ਗਲਤ ਤੱਥ ਪੇਸ਼ ਕਰ ਹਾਈਕੋਰਟ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ, ਜਿਸ ਤਹਿਤ ਹਾਈਕੋਰਟ ਵੱਲੋਂ ਪੈਰੋਲ ਨੂੰ ਰੱਦ ਕੀਤਾ ਜਾ ਰਿਹਾ ਹੈ। ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵੱਲੋਂ ਨਵ-ਨਿਯੁਕਤ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਗੁਰਦੀਪ ਸਿੰਘ ਭੰਡਾਲ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਨਤਮਸਤਕ ਹੋ ਸ਼ੁਕਰਾਨੇ ਦੀ ਅਰਦਾਸ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਜੇਕਰ ਸਰਕਾਰਾਂ ਵੱਲੋਂ ਜਲਦ ਹੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਰਿਹਾਅ ਨਹੀ ਕੀਤਾ ਜਾਂਦਾ ਤਾਂ ਲੋਕ ਰੋਹ ਇਕ ਲੋਕ-ਲਹਿਰ ਦਾ ਰੂਪ ਧਾਰਨ ਕਰ ਸੰਘਰਸ਼ ਵਿੱਢੇਗਾ, ਜਿਸ ਦੇ ਨਿਕਲਣ ਵਾਲੇ ਨਤੀਜਿਆਂ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ। ਇਸ ਸਮੇਂ ਹਲਕਾ ਭੁਲੱਥ ਤੋਂ ਸੇਵਾਦਾਰ ਨਛੱਤਰ ਸਿੰਘ ਦੁਸਾਂਝ ਤੇ ਹਲਕਾ ਸੁਲਤਾਨਪੁਰ ਲੋਧੀ ਤੋਂ ਸੇਵਾਦਾਰ ਬੋਹੜ ਸਿੰਘ ਹਜਾਰਾ ਨੇ ਕਿਹਾ ਕਿ ਇਹ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਚੌਥੀ ਵਾਰ ਐੱਨਐੱਸਏ ਵਧਾਉਣ ਦੀ ਸਾਜ਼ਿਸ਼ ਕੀਤੀ ਜਾ ਰਿਹਾ ਹੈ ਜੋ ਕਿ ਲੋਕਤੰਤਰ ਦਾ ਕਤਲ ਕਰਨ ਦੇ ਤੁਲ ਹੈ। ਇਸ ਸਮੇਂ ਸੁਖਦੇਵ ਸਿੰਘ ਖੀਰਾਂਵਾਲੀ, ਸ਼ਹਿਰੀ ਟੀਮ ਕਮਲਜੀਤ ਸਿੰਘ ਮਠਾੜੂ, ਰਘਬੀਰ ਸਿੰਘ ਭੁੱਲਰ, ਕੈਪਟਨ ਲਖਵਿੰਦਰ ਸਿੰਘ, ਚਰਨਜੀਤ ਸਿੰਘ, ਅਵਤਾਰ ਸਿੰਘ, ਕੁਲਵਿੰਦਰ ਸਿੰਘ, ਰਣਜੀਤ ਸਿੰਘ, ਸੁਰਿੰਦਰ ਸਿੰਘ ਸੂਬੇਦਾਰ, ਸ਼ਨੀ, ਪ੍ਰੇਮ ਸਿੰਘ, ਮਨਪ੍ਰੀਤ ਸਿੰਘ ਮੰਨਾ, ਸੁਖਵਿੰਦਰ ਸਿੰਘ, ਇੰਦਰਜੀਤ ਸਿੰਘ, ਲਵਪ੍ਰੀਤ ਸਿੰਘ,ਗੁਰਬਹਾਰ ਸਿੰਘ, ਹਰਪਿੰਦਰ ਸਿੰਘ, ਸਕੱਤਰ , ਲਵਪ੍ਰੀਤ ਸਿੰਘ ਦੂਲੋਵਾਲ, ਅਰਸ਼ਦੀਪ ਸਿੰਘ, ਸੰਦੀਪਪਾਲ ਸਿੰਘ, ਪਰਮਜੀਤ ਸਿੰਘ ਜੱਬੋਵਾਲ, ਹਰਨੇਕ ਸਿੰਘ, ਹਰਮਿੰਦਰਪਾਲ ਸਿੰਘ, ਹਰਪਾਲ ਸਿੰਘ, ਨਿਸ਼ਾਨ ਸਿੰਘ ਪੱਸਣ ਆਦਿ ਹਾਜ਼ਰ ਰਹੇ।