ਕਪੂਰਥਲਾ ’ਚ ਨਸ਼ਾ ਹੌਟਸਪੌਟਸ ’ਤੇ ਪੁਲਿਸ ਦਾ ਸਰਚ ਆਪ੍ਰੇਸ਼ਨ ਸੋਧ ਫਾਈਲ ਨੰਬਰ : 9..... ਕਪੂਰਥਲਾ ਵਿੱਚ ਨਸ਼ਾ ਹੌਟਸਪੌਟਸ ’ਤੇ ਪੁਲਿਸ ਦਾ ਸਰਚ ਆਪ੍ਰੇਸ਼ਨ
Publish Date: Sat, 12 Sep 2026 08:01 PM (IST)
Updated Date: Sat, 12 Sep 2026 08:02 PM (IST)
--ਚਾਰੇ ਸਬ-ਡਿਵੀਜ਼ਨਾਂ ’ਚ ਇੱਕੋ ਸਮੇਂ ਛਾਪੇਮਾਰੀ, ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ --23 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 170 ਗ੍ਰਾਮ ਹੈਰੋਇਨ, 262 ਨਸ਼ੀਲੀਆਂ ਗੋਲੀਆਂ, 40 ਕੈਪਸੂਲ, 61 ਕਿਲੋ 980 ਗ੍ਰਾਮ ਗਾਂਜਾ ਬਰਾਮਦ ਕਰਕੇ 19 ਮੁਕਾਦਮੇ ਕੀਤੇ ਦਰਜ ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਜ਼ਿਲ੍ਹੇ ਵਿੱਚ ਨਸ਼ਿਆਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਕਪੂਰਥਲਾ ਪੁਲਿਸ ਵੱਲੋਂ ਅੱਜ ਸਵੇਰੇ ਜ਼ਿਲ੍ਹੇ ਦੇ ਨਸ਼ਾ ਹੌਟਸਪੌਟ ਇਲਾਕਿਆਂ ਵਿੱਚ ਵੱਡੇ ਪੱਧਰ ’ਤੇ ਕਾਸੋ (ਕੋਰਡਨਿੰਗ ਐਂਡ ਸਰਚ ਆਪ੍ਰੇਸ਼ਨ) ਚਲਾਇਆ ਗਿਆ। ਐੱਸਐੱਸਪੀ ਕਪੂਰਥਲਾ ਗੌਰਵ ਤੂਰਾ ਦੀ ਅਗਵਾਈ ਹੇਠ ਚਲਾਏ ਗਏ ਇਸ ਆਪ੍ਰੇਸ਼ਨ ਦੌਰਾਨ ਜ਼ਿਲ੍ਹੇ ਦੀਆਂ ਚਾਰੇ ਸਬ-ਡਿਵੀਜ਼ਨਾਂ ਕਪੂਰਥਲਾ, ਸੁਲਤਾਨਪੁਰ ਲੋਧੀ, ਭੁਲੱਥ ਤੇ ਫਗਵਾੜਾ ਵਿੱਚ ਪੁਲਿਸ ਟੀਮਾਂ ਵੱਲੋਂ ਇੱਕੋ ਸਮੇਂ ਸਵੇਰੇ 11 ਵਜੇ ਤੋਂ ਦੁਪਿਹਰ 3 ਵਜੇ ਤੱਕ ਛਾਪੇਮਾਰੀ ਕੀਤੀ ਗਈ, ਜਿਸ ਦਾ ਮੁੱਖ ਉਦੇਸ਼ ਨਸ਼ਾ ਵੇਚਣ ਵਾਲਿਆਂ ਨੂੰ ਕਾਬੂ ਕਰਨ, ਮਾੜੇ ਅਨਸਰਾਂ ਤੇ ਸ਼ੱਕੀ ਵਿਅਕਤੀਆਂ ਦੀ ਭਾਲ ਕਰਕੇ ਉਨ੍ਹਾਂ ਖਿਲਾਫ਼ ਸਖਤ ਕਾਰਵਾਈ ਕਰਨਾ ਤੇ ਆਮ ਨਾਗਰਿਕਾਂ ਵਿਚ ਸ਼ਾਂਤੀ ਤੇ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਸੀ। ਸਰਚ ਆਪ੍ਰੇਸ਼ਨ ਦੌਰਾਨ ਪੁਲਿਸ ਵੱਲੋਂ ਸ਼ਹਿਰੀ ਤੇ ਪੇਂਡੂ ਖੇਤਰਾਂ ਵਿੱਚ ਸ਼ੱਕੀ ਥਾਵਾਂ ਤੇ ਘਰਾਂ ਦੀ ਤਲਾਸ਼ੀ ਲਈ ਗਈ। ਭਾਰੀ ਪੁਲਿਸ ਬਲ ਦੀ ਮੌਜੂਦਗੀ ਵਿੱਚ ਅਚਾਨਕ ਕੀਤੀ ਗਈ ਇਸ ਕਾਰਵਾਈ ਕਾਰਨ ਨਸ਼ਾ ਤਸਕਰੀ ਨਾਲ ਜੁੜੇ ਲੋਕਾਂ ਵਿੱਚ ਹੜਕੰਪ ਮਚ ਗਿਆ। ਡਰੱਗ ਹਾਟਸਪਾਟ ਏਰੀਆ ਦੀ ਸਪੈਸ਼ਲ ਨਾਕਾਬੰਦੀ ਤੇ ਘੇਰਾਬੰਦੀ ਕਰਕੇ ਸਰਚ ਅਭਿਆਨ ਦੌਰਾਨ 23 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 170 ਗ੍ਰਾਮ ਹੈਰੋਇਨ, 262 ਨਸ਼ੀਲੀਆਂ ਗੋਲੀਆਂ, 40 ਕੈਪਸੂਲ, 61 ਕਿਲੋ 980 ਗ੍ਰਾਮ ਗਾਂਜਾ ਬਰਾਮਦ ਕਰਕੇ ਵੱਖ-ਵੱਖ ਧਾਰਾਵਾਂ ਤਹਿਤ 19 ਮੁਕਾਦਮੇ ਦਰਜ ਕੀਤੇ ਗਏ। ਨਸ਼ੇ ਦੀ ਲਤ ਵਿੱਚ ਫਸੇ ਲੋਕਾਂ ਦੇ ਇਲਾਜ ਦੀ ਵੀ ਪਹਿਲ ਕਾਸੋ ਦੌਰਾਨ ਪੁਲਿਸ ਟੀਮਾਂ ਨੂੰ ਕੁਝ ਅਜਿਹੇ ਲੋਕ ਵੀ ਮਿਲੇ, ਜੋ ਨਸ਼ੇ ਦੀ ਲਤ ਨਾਲ ਜੂਝ ਰਹੇ ਹਨ। ਪੁਲਿਸ ਵੱਲੋਂ ਅਜਿਹੇ ਲੋਕਾਂ ਖ਼ਿਲਾਫ਼ ਸਿਰਫ਼ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਨੂੰ ਇਲਾਜ ਤੇ ਮੁੜ ਵਸੇਬੇ ਵੱਲ ਲਿਜਾਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਨਸ਼ਿਆਂ ਖ਼ਿਲਾਫ਼ ਲੜਾਈ ਵਿੱਚ ਤਸਕਰਾਂ ’ਤੇ ਸਖ਼ਤ ਕਾਰਵਾਈ ਦੇ ਨਾਲ-ਨਾਲ ਨਸ਼ੇ ਦੀ ਲਤ ਵਿੱਚ ਫਸੇ ਲੋਕਾਂ ਦਾ ਇਲਾਜ ਕਰਵਾਉਣਾ ਵੀ ਬੇਹੱਦ ਜ਼ਰੂਰੀ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਨਸ਼ਿਆਂ ਦੇ ਕਾਰੋਬਾਰ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਆਸ-ਪਾਸ ਕੋਈ ਵਿਅਕਤੀ ਨਸ਼ੀਲੇ ਪਦਾਰਥਾਂ ਦੀ ਵਿਕਰੀ ਜਾਂ ਤਸਕਰੀ ਵਿੱਚ ਸ਼ਾਮਲ ਹੈ ਤਾਂ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ। ਪੁਲਿਸ ਵੱਲੋਂ ਨਸ਼ਾ ਤਸਕਰੀ ਸਬੰਧੀ ਜਾਣਕਾਰੀ ਦੇਣ ਲਈ ਵਟਸਐਪ ਨੰਬਰ ਵੀ ਜਾਰੀ ਕੀਤਾ ਗਿਆ ਹੈ। ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ। ਪੁਲਿਸ ਦਾ ਕਹਿਣਾ ਹੈ ਕਿ ਨਸ਼ੇ ਦੇ ਖਿਲਾਫ਼ ਅਭਿਆਨ ਤਾਂ ਹੀ ਪੂਰੀ ਤਰ੍ਹਾਂ ਸਫ਼ਲ ਹੋ ਸਕਦਾ ਹੈ, ਜੇਕਰ ਪੁਲਿਸ ਦੇ ਨਾਲ ਆਮ ਲੋਕ ਵੀ ਪੂਰਨ ਤੌਰ ’ਤੇ ਸਹਿਯੋਗ ਦੇਣ।