ਰੋਜ਼ਗਾਰ ਵਿਭਾਗ ਨੇ ਲਗਾਇਆ ਸਵੈ-ਰੋਜ਼ਗਾਰ ਕੈਂਪ ਸੋਧ ਫਾਈਲ ਨੰਬਰ : 5 ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਰੋਜ਼ਗਾਰ ਵਿਭਾਗ ਵੱਲੋਂ ਵਿਸ਼ੇਸ਼ ਸਵੈ-ਰੋਜ਼ਗਾਰ ਕੈਂਪ
Publish Date: Mon, 02 Nov 2026 07:08 PM (IST)
Updated Date: Mon, 02 Nov 2026 07:11 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਅਕਾਸ਼ ਬਾਂਸਲ (ਆਈਏਐੱਸ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਪੂਰਥਲਾ ਦੇ ਨਸ਼ਾ ਪ੍ਰਭਾਵਿਤ ਹੌਟਸਪੌਟ ਖੇਤਰਾਂ ਵਿੱਚ ਚੱਲ ਰਹੇ ਜਾਗਰੂਕਤਾ ਪ੍ਰੋਗਰਾਮਾਂ ਦੇ ਮੱਦੇਨਜ਼ਰ ਫਗਵਾੜਾ ਸਬ-ਡਿਵੀਜ਼ਨ ਦੇ ਤਿੰਨ ਹੌਟਸਪੌਟ ਖੇਤਰਾਂ ਪਿੰਡ ਢੱਕ ਪੰਡੋਰੀ, ਪਿੰਡ ਚਹੇੜੂ/ਐੱਲਪੀਯੂ ਲਾਅ ਗੇਟ ਤੇ ਛੱਜ ਕਲੋਨੀ ਵਿਖੇ ਰੋਜ਼ਗਾਰ ਵਿਭਾਗ ਵੱਲੋਂ ਵਿਸ਼ੇਸ਼ ਸਵੈ-ਰੋਜ਼ਗਾਰ ਕੈਂਪ ਲਗਾਏ ਗਏ। ਇਨ੍ਹਾਂ ਕੈਂਪਾਂ ਦੌਰਾਨ ਪਹੁੰਚੇ ਨੌਜਵਾਨਾਂ ਨੂੰ ਮੁੜ ਮੁੱਖ ਧਾਰਾ ਵਿੱਚ ਲਿਆਉਣ ਤੇ ਉਨ੍ਹਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਵਿਭਾਗ ਦੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਡਾ. ਵਰੁਣ ਜੋਸ਼ੀ, ਜ਼ਿਲ੍ਹਾ ਪਲੇਸਮੈਂਟ ਅਫ਼ਸਰ, ਵੱਲੋਂ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਲਈ ਪ੍ਰੇਰਿਤ ਕੀਤਾ ਗਿਆ ਤੇ ਸਰਕਾਰੀ ਸਕੀਮਾਂ ਤਹਿਤ ਕਰਜ਼ਾ ਸਹੂਲਤਾਂ ਦਾ ਲਾਭ ਲੈ ਕੇ ਆਪਣਾ ਕਾਰੋਬਾਰ ਸ਼ੁਰੂ ਕਰਨ ਦਾ ਸੰਦੇਸ਼ ਦਿੱਤਾ ਗਿਆ। ਇਸ ਤੋਂ ਇਲਾਵਾ, ਉਦਯੋਗ ਵਿਭਾਗ ਤੋਂ ਪਹੁੰਚੀ ਮੈਡਮ ਸ਼ੀਲਾ ਵੱਲੋਂ ਨੌਜਵਾਨਾਂ ਨੂੰ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਤੇ ਸਵੈ-ਰੋਜ਼ਗਾਰ ਦੇ ਮੌਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਨ੍ਹਾਂ ਕੈਂਪਾਂ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਰੋਜ਼ਗਾਰ ਤੇ ਸਵੈ-ਰੋਜ਼ਗਾਰ ਦੇ ਮੌਕਿਆਂ ਨਾਲ ਜੋੜ ਕੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਸਮਾਜ ਦੀ ਮੁੱਖ ਧਾਰਾ ਵਿੱਚ ਵਾਪਸ ਲਿਆਉਣ ਲਈ ਪ੍ਰੇਰਿਤ ਕਰਨਾ ਹੈ।