ਆਨਲਾਈਨ ਜਨਗਣਨਾ ਸਬੰਧੀ ਕੀਤਾ ਜਾਗਰੂਕ ਵਾਰਡ ਨੰਬਰ 21 ਮਾ. ਸਾਧੂ ਰਾਮ ਨਗਰ ਦੇ ਵਸਨੀਕਾਂ ਨੂੰ ਆਨਲਾਈਨ ਜਨਗਣਨਾ ਸਬੰਧੀ ਕੀਤਾ ਜਾਗਰੁਕ
Publish Date: Fri, 27 Nov 2026 07:53 PM (IST)
Updated Date: Fri, 27 Nov 2026 07:55 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਭਾਰਤ ਸਰਕਾਰ ਵੱਲੋਂ ਕੀਤੀ ਜਾ ਰਹੀ ਜਨਗਣਨਾ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਤੇ ਇਸ ਪ੍ਰਕਿਰਿਆ ਵਿੱਚ ਲੋਕਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਦੇ ਮੰਤਵ ਨਾਲ ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾਂ ਸਦਕਾ ਵਾਰਡ ਨੰਬਰ 21 ਦੇ ਮੁਹੱਲਾ ਸਾਧੂ ਰਾਮ ਨਗਰ ਵਿਖੇ ਇੱਕ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਸਰਕਾਰੀ ਨੁਮਾਇੰਦਿਆਂ ਮਨਪ੍ਰੀਤ ਤੇ ਬੰਦਨਾ ਰਾਣੀ ਨੇ ਮੁਹੱਲਾ ਵਾਸੀਆਂ ਨੂੰ ਆਨਲਾਈਨ ਸਵੈ-ਜਨਗਣਨਾ ਕਰਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਤੇ ਇਸ ਦੀ ਪ੍ਰਕਿਰਿਆ ਬਾਰੇ ਟਰੇਨਿੰਗ ਦਿੱਤੀ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਇਸ ਸਬੰਧੀ ਤਿਆਰ ਕੀਤੇ ਗਏ ਆਨਲਾਈਨ ਪੋਰਟਲ ਰਾਹੀਂ ਲੋਕ ਖੁਦ ਆਪਣੇ ਵੇਰਵੇ ਦਰਜ ਕਰਕੇ ਬਹੁਤ ਹੀ ਆਸਾਨੀ ਨਾਲ ਸਵੈ-ਜਨਗਣਨਾ ਦੀ ਪ੍ਰਕਿਰਿਆ ਪੂਰੀ ਕਰ ਸਕਦੇ ਹਨ। ਇਸ ਦੇ ਨਾਲ ਹੀ ਉਹ ਹੋਰਨਾਂ ਲੋਕਾਂ ਦੀ ਵੀ ਮਦਦ ਕਰਕੇ ਉਨ੍ਹਾਂ ਨੂੰ ਇਸ ਪ੍ਰਕਿਰਿਆ ਨਾਲ ਜੋੜ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਸਵੈ-ਜਨਗਣਨਾ ਦੀ ਇਹ ਪ੍ਰਕਿਰਿਆ 30 ਨਵੰਬਰ ਤੱਕ ਜਾਰੀ ਰਹੇਗੀ। ਇਸ ਮੌਕੇ ਮਲਕੀਅਤ ਸਿੰਘ ਰਘਬੋਤਰਾ ਨੇ ਜਨਗਣਨਾ ਸਬੰਧੀ ਜਾਣਕਾਰੀ ਦੇਣ ਤੇ ਲੋਕਾਂ ਨੂੰ ਸਵੈ-ਜਨਗਣਨਾ ਕਰਨ ਦੀ ਸਿਖਲਾਈ ਦੇਣ ਲਈ ਸਰਕਾਰੀ ਨੁਮਾਇੰਦਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਮੁਹੱਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜਨਗਣਨਾ ਦੀ ਪ੍ਰਕਿਰਿਆ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ, ਤਾਂ ਜੋ ਲੋਕਾਂ ਦੀਆਂ ਲੋੜਾਂ ਤੇ ਹਾਲਾਤਾਂ ਅਨੁਸਾਰ ਸਰਕਾਰ ਵੱਲੋਂ ਭਲਾਈ ਯੋਜਨਾਵਾਂ ਤਿਆਰ ਕੀਤੀਆਂ ਜਾ ਸਕਣ ਤੇ ਉਨ੍ਹਾਂ ਦਾ ਲਾਭ ਆਮ ਲੋਕਾਂ ਤੱਕ ਪਹੁੰਚ ਸਕੇ। ਇਸ ਮੌਕੇ ਧਰਮਸ਼ਾਲਾ ਦੇ ਪ੍ਰਧਾਨ ਬਿਕਰਮਜੀਤ ਸਿੰਘ, ਕਾਂਗਰਸ ਆਗੂ ਪੁਨੀਤ ਕੁਮਾਰ, ਵਿਕਾਸ ਮਨੀ, ਸੰਤੋਸ਼ ਰਾਣੀ, ਭੁਪਿੰਦਰ ਸਿੰਘ, ਐਸ਼ਵਰਿਆ ਰਾਏ ਤੇ ਮੁਹੱਲੇ ਦੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।