ਰਿਹਾਇਸ਼ੀ ਕਲੋਨੀ ’ਚ ਨਾਜਾਇਜ਼ ਕਮਰਸ਼ੀਅਲ ਉਸਾਰੀ ਵਿਰੁੱਧ ਇਕਜੁੱਟ ਹੋਏ ਲੋਕ
ਰਿਹਾਇਸ਼ੀ ਕਲੋਨੀਆਂ ਵਿੱਚ ਨਾਜਾਇਜ਼ ਕਮਰਸੀਅਲ ਉਸਾਰੀ ਵਿਰੁੱਧ ਨਗਰ ਨਿਵਾਸੀਆਂ ਨੇ ਖੋਲ੍ਹਿਆ ਮੋਰਚਾ
Publish Date: Tue, 24 Feb 2026 06:44 PM (IST)
Updated Date: Tue, 24 Feb 2026 06:46 PM (IST)
--ਕਮਿਸ਼ਨਰ ਨਗਰ ਨਿਗਮ ਕਪੂਰਥਲਾ ਨੂੰ ਕਾਰਵਾਈ ਹਿੱਤ ਦਿੱਤਾ ਮੰਗ ਪੱਤਰ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ
ਕਪੂਰਥਲਾ : ਸ੍ਰੀ ਗੁਰੂ ਤੇਗ ਬਹਾਦਰ ਨਗਰ, ਗਲੀ ਨੰਬਰ 6, ਪੀਰ ਰੋਡ ਕਪੂਰਥਲਾ ਰਿਹਾਇਸ਼ੀ ਕਾਲੋਨੀ ਨਜ਼ਦੀਕ ਪਟੇਲ ਨਗਰ ਵਿਖੇ ਹੋ ਰਹੀ ਕਮਰਸ਼ੀਅਲ ਉਸਾਰੀ ਵਿਰੁੱਧ ਸਮੂਹ ਨਿਵਾਸੀਆਂ ਨੇ ਕਮਿਸ਼ਨਰ ਨਗਰ ਨਿਗਮ ਕਪੂਰਥਲਾ ਮੈਡਮ ਅਨੁਪਮ ਕਲੇਰ ਨੂੰ ਅਮਨਦੀਪ ਕੌਰ ਕੌਂਸਲਰ, ਨਵਜੋਤ ਸਿੰਘ ਅਤੇ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਮੰਗ ਪੱਤਰ ਦਿੱਤਾ। ਨਾਜਾਇਜ਼ ਉਸਾਰੀ ਵਿਰੁੱਧ ਬੋਲਦਿਆਂ ਕਾਲੋਨੀ ਵਾਸੀਆਂ ਨੇ ਕਿਹਾ ਕਿ ਇਸ 16 ਫੁੱਟ ਦੀ ਗਲੀ ਵਿਚੋਂ ਪਹਿਲਾਂ ਹੀ ਲੰਘਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਹੁਣ ਦਿਨ-ਰਾਤ ਟਰੱਕ, ਟਿੱਪਰਾਂ ਦੀ ਢੋਆ-ਢੁਆਈ ਨੇ ਜਿਉਣਾ ਮੁਸ਼ਕਿਲ ਕੀਤਾ ਹੋਇਆ ਹੈ। ਇਸ ਰਿਹਾਇਸ਼ੀ ਕਲੋਨੀਆਂ ਵਿਚ ਰਿਹਾਇਸ਼ੀ ਨਕਸ਼ਾ ਪਾਸ ਕਰਵਾ ਕੇ ਨਕਸ਼ੇ ਦੇ ਉਲਟ ਅਣ-ਅਧਿਕਾਰਤ ਕਮਰਸ਼ੀਅਲ ਉਸਾਰੀ ਕਰਨਾ ਸਰਕਾਰੀ ਨਿਯਮਾਂ ਦੇ ਖ਼ਿਲਾਫ਼ ਹੈ। ਨਜ਼ਦੀਕੀ ਲੋਕਾਂ ਲਈ ਟ੍ਰੈਫਿਕ, ਵਾਤਾਵਰਣ ਤੇ ਪ੍ਰਦੂਸ਼ਣ ਦੀ ਸਮੱਸਿਆਂ ਹਮੇਸ਼ਾ ਬਣੀ ਰਹੇਗੀ। ਉਨ੍ਹਾਂ ਕਿਹਾ ਕਿ ਇਸ ਅਣ-ਅਧਿਕਾਰਤ ਉਸਾਰੀ ਉਪਰੰਤ ਅਣਪਛਾਤੇ ਵਿਅਕਤੀਆਂ ਦਾ ਆਉਣਾ, ਚੋਰੀਆਂ ਤੇ ਅਣਸੁਖਾਵੀਂ ਘਟਨਾਵਾਂ ਵਿਚ ਵਾਧਾ ਹੋ ਸਕਦਾ ਹੈ, ਕਿਉਂਕਿ ਪਹਿਲਾਂ ਹੀ ਮੁਹੱਲੇ ਵਿਚ ਦਿਨ-ਰਾਤ ਚੋਰੀਆਂ ਤੋਂ ਲੋਕ ਬਹੁਤ ਪ੍ਰੇਸ਼ਾਨ ਹਨ। ਸੋ ਇਸ ਅਣ-ਅਧਿਕਾਰਤ ਉਸਾਰੀ ਵਿਰੁੱਧ ਮੁਕੰਮਲ ਜਾਂਚ ਹੋਣੀ ਚਾਹੀਦੀ ਹੈ ਤੇ ਕਾਨੂੰਨੀ ਕਾਰਵਾਈ ਤਹਿਤ ਉਸਾਰੀ ਵਿਰੁੱਧ ਠੋਸ ਕਦਮ ਚੁੱਕਣੇ ਚਾਹੀਦੇ ਹਨ। ਜੇਕਰ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਸਮੂਹ ਨਿਵਾਸੀ ਮਾਨਯੋਗ ਸਥਾਨਕ ਸਰਕਾਰ ਮੰਤਰੀ, ਡਾਇਰੈਕਟਰ ਤੇ ਮੁੱਖ ਸਕੱਤਰ ਸਥਾਨਕ ਸਰਕਾਰਾਂ ਵਿਭਾਗ ਨੂੰ ਮਿਲ ਕੇ ਆਪਣੀਆਂ ਮੁਸ਼ਕਿਲਾਂ ਦੱਸਣਗੇ। ਮੰਗ ਪੱਤਰ ਨੂੰ ਵਿਚਾਰਦਿਆਂ ਕਮਿਸ਼ਨਰ ਨਗਰ ਨਿਗਮ ਕਪੂਰਥਲਾ ਨੇ ਬਿਲਡਿੰਗ ਸ਼ਾਖਾ ਨੂੰ ਪੜਤਾਲ ਤੇ ਬਣਦੀ ਕਾਰਵਾਈ ਕਰਨ ਲਈ ਹੁਕਮ ਦਿੱਤੇ ਤੇ ਕਲੋਨੀ ਨਿਵਾਸੀਆਂ ਨੂੰ ਭਰੋਸਾ ਦਿੱਤਾ ਕਿ ਜਾਂਚ ਪੜਤਾਲ ਉਪਰੰਤ ਰਿਹਾਇਸ਼ੀ ਕਲੋਨੀਆਂ ਵਿਚ ਨਾਜਾਇਜ਼ ਕਮਰਸ਼ੀਅਲ ਉਸਾਰੀ ਵਿਰੁੱਧ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਇਸ ਮੌਕੇ ਨਵਜੋਤ ਸਿੰਘ ਵਾਲੀਆ, ਸੁਰਿੰਦਰ ਸਿੰਘ, ਅਜੈ ਚੱਢਾ, ਸੁਖਵਿੰਦਰ ਮੋਹਨ ਸਿੰਘ, ਕਰਨਲ ਸੇਵਾ ਸਿੰਘ, ਜਗਜੀਤ ਸਿੰਘ, ਲਖਵਿੰਦਰ ਸਿੰਘ, ਅਮਨ ਬੱਤਰਾ, ਰਜਿੰਦਰ ਸਿੰਘ, ਕਰਨੈਲ ਸਿੰਘ, ਭੁਪਿੰਦਰ ਸਿੰਘ, ਟੀਐੱਮ ਬਾਲੀ, ਰੋਹਿਤ ਸ਼ਰਮਾ, ਕੁਲਵਿੰਦਰ ਸਿੰਘ, ਰਾਕੇਸ਼ ਸ਼ਰਮਾ, ਜਤਿੰਦਰ ਸਿੰਘ ਸਮੇਤ ਸਮੂਹ ਕਾਲੋਨੀ ਨਿਵਾਸੀ ਹਾਜ਼ਰ ਸਨ।