- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
253 ਅਧਿਆਪਕਾਂ ਦੀਆਂ ਸੇਵਾਵਾਂ ਖ਼ਤਮ ਕਰਨ 'ਤੇ ਅਧਿਆਪਕ ਵਰਗ ਵਿੱਚ ਰੋਸ਼ - ਸੈਣੀ, ਭੰਗੂ

ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਜਸਬੀਰ ਸੈਣੀ ਸੂਬਾ ਪ੍ਰਧਾਨ ਪ੍ਰਾਇਮਰੀ ਅਧਿਆਪਕ ਯੂਨੀਅਨ ਪੰਜਾਬ ਤੇ ਜਸਬੀਰ ਭੰਗੂ ਸੂਬਾ ਪ੍ਰਧਾਨ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਇੰਟਕ) ਨੇ ਸਾਂਝਾ ਪ੍ਰੈੱਸ ਨੋਟ ਜਾਰੀ ਕਰਦੇ ਹੋਏ 253 ਅਧਿਆਪਕਾਂ ਦੀਆਂ ਸੇਵਾਵਾਂ ਵਿਭਾਗੀ ਅਧਿਕਾਰੀਆਂ ਦੀ ਆਪਣੀ ਗਲਤੀ ਕਰਕੇ ਖਤਮ ਕਰਨ ਤੇ ਰੋਸ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਰ ਸੱਤਾ 'ਚ ਆਈ ਪਰ ਪੰਜਾਬ ਸਰਕਾਰ ਵੱਲੋਂ ਪਿਛਲੇ ਕਈ ਸਾਲਾਂ ਤੋਂ ਸਿੱਖਿਆ ਵਿਭਾਗ 'ਚ ਸੇਵਾਵਾਂ ਨਿਭਾ ਰਹੇ 253 ਅਧਿਆਪਕਾਂ ਦੀਆਂ ਸੇਵਾਵਾਂ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਸਿੱਖਿਆ ਵਿਭਾਗ ਨੇ ਅਧਿਆਪਕ ਭਰਤੀ ਪ੍ਰੀਖਿਆ 'ਚ ਕਥਿਤ ਗ਼ਲਤੀਆਂ ਦੇ ਮਾਮਲੇ 'ਚ 253 ਅਧਿਆਪਕਾਂ ਨੂੰ ਫਾਰਗ ਕਰਨ ਲਈ ਸਮੂਹ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰ ਕੇ 10 ਦਿਨਾਂ ਅੰਦਰ ਰਿਲੀਵ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਪ੍ਰੀਖਿਆ ਦੀਆਂ ਗ਼ਲਤੀਆਂ ਕਮੇਟੀ ਦੀ ਜਾਂਚ 'ਚ ਸਾਹਮਣੇ ਆਈਆਂ ਸਨ ਤਾਂ ਉਨ੍ਹਾਂ ਦਾ ਖਮਿਆਜ਼ਾ ਅਧਿਆਪਕਾਂ ਨੂੰ ਕਿਉਂ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਸਿੱਖਿਆ ਵਿਭਾਗ ' ਚ ਅਧਿਆਪਕਾਂ ਦੀਆਂ ਬਹੁਤ ਸਾਰੀਆਂ ਅਸਾਮੀਆਂ ਖ਼ਾਲੀ ਪਈਆਂ ਹਨ, ਇਸ ਲਈ ਇਨ੍ਹਾਂ ਅਧਿਆਪਕਾਂ ਨੂੰ ਖ਼ਾਲੀ ਪਈਆਂ ਅਸਾਮੀਆਂ 'ਤੇ ਨਿਯੁਕਤ ਕੀਤਾ ਜਾਵੇ।
ਇਹ ਹੈ ਮਾਮਲਾ
ਆਗੂਆਂ ਨੇ ਕਿਹਾ ਕਿ 2022 'ਚ ਦਿੱਲੀ ਦੀ ਇੱਕ ਨਿੱਜੀ ਕੰਪਨੀ ਵੱਲੋਂ ਲਈ ਗਈ ਭਰਤੀ ਪ੍ਰੀਖਿਆ 'ਚ ਕਰੀਬ 83 ਸਵਾਲ ਗ਼ਲਤ ਸਨ। ਅਧਿਆਪਕਾਂ ਵੱਲੋਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਮਗਰੋਂ ਅਦਾਲਤ ਦੇ ਹੁਕਮਾਂ 'ਤੇ ਬਣੀ ਉੱਚ ਕਮੇਟੀ ਨੇ ਵੀ ਇਤਰਾਜ਼ਾਂ ਨੂੰ ਸਹੀ ਪਾਇਆ ਸੀ। ਇਸ ਰਿਪੋਰਟ ਦੇ ਆਧਾਰ 'ਤੇ ਮਈ 2023 'ਚ ਅਧਿਆਪਕਾਂ ਨੂੰ ਡਿਊਟੀ 'ਤੇ ਜੁਆਇਨ ਕਰਵਾਇਆ ਗਿਆ ਸੀ। ਬਾਅਦ 'ਚ ਕੰਪਨੀ ਵੱਲੋਂ ਪਾਸ ਐਲਾਨੇ ਉਮੀਦਵਾਰ ਵੀ ਹਾਈ ਕੋਰਟ ਪਹੁੰਚੇ ਤੇ ਅਦਾਲਤ ਦੇ ਫ਼ੈਸਲੇ ਮਗਰੋਂ ਵਿਭਾਗ ਨੇ 253 ਅਧਿਆਪਕਾਂ ਨੂੰ ਫਾਰਗ ਕਰਨ ਦੇ ਹੁਕਮ ਜਾਰੀ ਕੀਤੇ।