\ਗੀਤਕਾਰ ਤੇ ਗਾਇਕ ਜੱਗੀ ਸਿੰਘ ਵਿਦਿਆਰਥੀਆਂ ਨਾਲ ਹੋਏ ਰੂ-ਬ-ਰੂ ਲਾਇਲਪੁਰ ਖ਼ਾਲਸਾ ਕਾਲਜ ਵਿਖੇ ਉੱਘੇ ਮਿਊਜ਼ਿਕ ਡਾਇਰੈਕਟਰ, ਗੀਤਕਾਰ ਤੇ ਗਾਇਕ ਜੱਗੀ ਸਿੰਘ ਦਾ ਵਿਦਿਆਰਥੀਆਂ ਨਾਲ ਰੂ-ਬ-ਰੂ
Publish Date: Tue, 29 Sep 2026 07:00 PM (IST)
Updated Date: Tue, 29 Sep 2026 07:03 PM (IST)
--ਸੰਗੀਤ ਰਚਨਾ ਲਈ ਸਿਰਜਣਾਤਮਕਤਾ, ਮਿਹਨਤ ਤੇ ਲਗਨ ਬੇਹੱਦ ਜ਼ਰੂਰੀ : ਜੱਗੀ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਸੈਂਟਰ ਫਾਰ ਯੂਥ ਅਫੇਅਰਜ਼ ਤੇ ਯੂਥ ਕਲੱਬ ਵੱਲੋਂ ਵਿਦਿਆਰਥੀਆਂ ਨੂੰ ਪੰਜਾਬੀ ਫ਼ਿਲਮ ਤੇ ਸੰਗੀਤ ਜਗਤ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ਫ਼ਿਲਮ ਇੰਡਸਟਰੀ ਦੇ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ, ਗੀਤਕਾਰ ਤੇ ਗਾਇਕ ਜੱਗੀ ਸਿੰਘ ਦਾ ਵਿਦਿਆਰਥੀਆਂ ਨਾਲ ਵਿਸ਼ੇਸ਼ ਰੂ-ਬ-ਰੂ ਸਮਾਗਮ ਕਰਵਾਇਆ ਗਿਆ। ਇਸ ਮੌਕੇ ਜੱਗੀ ਸਿੰਘ ਨੇ ਆਪਣੇ ਸੰਗੀਤਕ ਸਫ਼ਰ, ਗੀਤ-ਰਚਨਾ, ਗਾਇਕੀ ਤੇ ਫ਼ਿਲਮ ਜਗਤ ਨਾਲ ਜੁੜੇ ਆਪਣੇ ਤਜ਼ਰਬੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸੰਗੀਤ ਮਨੁੱਖੀ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਇੱਕ ਸ਼ਕਤੀਸ਼ਾਲੀ ਮਾਧਿਅਮ ਹੈ। ਇੱਕ ਚੰਗੇ ਗੀਤ ਦੀ ਸਿਰਜਣਾ ਲਈ ਸਿਰਫ਼ ਪ੍ਰਤਿਭਾ ਹੀ ਨਹੀਂ, ਸਗੋਂ ਲਗਾਤਾਰ ਮਿਹਨਤ, ਸਿਰਜਣਾਤਮਕ ਸੋਚ, ਸੰਗੀਤ ਦੀ ਸਮਝ ਤੇ ਆਪਣੇ ਕੰਮ ਪ੍ਰਤੀ ਸਮਰਪਣ ਵੀ ਜ਼ਰੂਰੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਅੰਦਰਲੀ ਪ੍ਰਤਿਭਾ ਨੂੰ ਪਛਾਣ ਕੇ ਉਸ ਨੂੰ ਨਿਖਾਰਨ ਤੇ ਨਵੇਂ ਤਜ਼ਰਬੇ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਆਪਣੇ ਸੰਗੀਤਕ ਸਫ਼ਰ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹ ਲਗਭਗ 153 ਫ਼ਿਲਮਾਂ ਲਈ ਗੀਤ ਲਿਖਣ, ਗਾਉਣ ਤੇ ਸੰਗੀਤ ਦੇਣ ਦਾ ਕਾਰਜ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਅੱਜ ਤੱਕ 700 ਤੋਂ ਵੱਧ ਗੀਤਾਂ ਦੀ ਰਚਨਾ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੇ ਲਿਖੇ ਗੀਤਾਂ ਨੂੰ ਪੰਜਾਬੀ ਸੰਗੀਤ ਜਗਤ ਦੇ ਪ੍ਰਸਿੱਧ ਗਾਇਕਾਂ ਦਲਜੀਤ ਦੋਸਾਂਝ, ਸੁਖਵਿੰਦਰ, ਗਿੱਪੀ ਗਰੇਵਾਲ, ਸੁਰਿੰਦਰ ਜੀਤ ਮਕਸੂਦਪੁਰੀ, ਮਾਸਟਰ ਸਲੀਮ ਆਦਿ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਜੱਗੀ ਸਿੰਘ ਦਾ ਕਾਲਜ ਵਿਖੇ ਪਹੁੰਚਣ ਤੇ ਵਿਦਿਆਰਥੀਆਂ ਨਾਲ ਆਪਣੇ ਤਜ਼ਰਬੇ ਸਾਂਝੇ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਜੱਗੀ ਸਿੰਘ ਨੇ ਆਪਣੀ ਕਲਾ ਅਤੇ ਸਿਰਜਣਾਤਮਕਤਾ ਰਾਹੀਂ ਪੰਜਾਬੀ ਸੰਗੀਤ ਤੇ ਫ਼ਿਲਮ ਜਗਤ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਸਮਾਗਮ ਦੇ ਅੰਤ ਵਿੱਚ ਸੈਂਟਰ ਫਾਰ ਯੂਥ ਅਫੇਅਰਜ਼ ਤੇ ਯੂਥ ਕਲੱਬ ਦੇ ਕਨਵੀਨਰ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਜੱਗੀ ਸਿੰਘ, ਕਾਲਜ ਪ੍ਰਿੰਸੀਪਲ ਤੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਜੱਗੀ ਸਿੰਘ ਦੇ ਦੋਸਤ ਪ੍ਰੋ. ਡਿੰਪਲ ਕੁਮਾਰ ਤੇ ਪ੍ਰੋ. ਵਰਿੰਦਰ ਕੌਰ, ਪ੍ਰੋ. ਜਸਪ੍ਰੀਤ ਕੌਰ, ਪ੍ਰੋ. ਦਮਨਜੀਤ ਕੌਰ, ਪ੍ਰੋ. ਕਿਰਨਦੀਪ ਕੌਰ, ਪ੍ਰੋ. ਮਨਜੋਤ ਕੌਰ ਵੀ ਹਾਜ਼ਰ ਸਨ।