ਗਾਇਕ ਮਨੀ ਦੇ ਧਾਰਮਿਕ ਟਰੈਕ ਮਿਲਿਆ ਭਰਵਾਂ ਹੁੰਗਾਰਾ ਗਾਇਕ ਮਨੀ ਜਨਾਗਲ ਦੀ ਆਵਾਜ਼ ’ਚ ਧਾਰਮਿਕ ਟਰੈਕ ‘ਗੁਰੂ ਰਵਿਦਾਸ ਦੇ ਵਰਗਾ’ ਰਿਲੀਜ਼, ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ
Publish Date: Tue, 17 Nov 2026 08:41 PM (IST)
Updated Date: Tue, 17 Nov 2026 08:42 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਐੱਨਕੇਐੱਨ ਮਿਊਜ਼ਿਕ ਤੇ ਨਾਹਰ ਬ੍ਰਦਰਜ਼ ਦੀ ਪੇਸ਼ਕਸ਼ ਹੇਠ ਪ੍ਰਸਿੱਧ ਗਾਇਕ ਮਨੀ ਜਨਾਗਲ ਦੀ ਸੁਰੀਲੀ ਆਵਾਜ਼ ਵਿੱਚ ਗਾਏ ਧਾਰਮਿਕ ਭਜਨ ‘ਗੁਰੂ ਰਵਿਦਾਸ ਦੇ ਵਰਗਾ’ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਰਿਲੀਜ਼ ਕੀਤਾ ਗਿਆ। ਇਸ ਧਾਰਮਿਕ ਟਰੈਕ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਸੰਗੀਤ ਪ੍ਰੇਮੀਆਂ ਵੱਲੋਂ ਇਸ ਦੀ ਖੂਬ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਜਿੰਦਰ ਸਨਮ ਨੇ ਦੱਸਿਆ ਕਿ ਇਸ ਧਾਰਮਿਕ ਭਜਨ ਦਾ ਸੰਗੀਤ ਕੁਲਦੀਪ ਬਸਣ ਵੱਲੋਂ ਬਹੁਤ ਹੀ ਖੂਬਸੂਰਤ ਢੰਗ ਨਾਲ ਤਿਆਰ ਕੀਤਾ ਗਿਆ ਹੈ, ਜਦਕਿ ਇਸ ਦੇ ਦਿਲ ਨੂੰ ਛੂਹਣ ਵਾਲੇ ਬੋਲ ਜੈਲਾ ਝੰਗੀ ਵਾਲਾ ਨੇ ਲਿਖੇ ਹਨ। ਗੀਤ ਦੀ ਵੀਡੀਓ ਕੈਪਚਰ ਕਿੰਗ ਵੱਲੋਂ ਤਿਆਰ ਕੀਤੀ ਗਈ ਹੈ। ਇਸ ਪੂਰੇ ਪ੍ਰੋਜੈਕਟ ਦੇ ਪ੍ਰੋਡਿਊਸਰ ਐੱਨਕੇ ਨਾਹਰ ਹਨ। ਉਨ੍ਹਾਂ ਦੱਸਿਆ ਕਿ ਗਾਇਕ ਮਨੀ ਜਨਾਗਲ ਨੇ ਆਪਣੀ ਦਮਦਾਰ ਤੇ ਮਿੱਠੀ ਆਵਾਜ਼ ਰਾਹੀਂ ਗੁਰੂ ਰਵਿਦਾਸ ਜੀ ਦੀ ਮਹਿਮਾ ਤੇ ਉਨ੍ਹਾਂ ਦੀਆਂ ਮਹਾਨ ਸਿੱਖਿਆਵਾਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਦਾ ਯਤਨ ਕੀਤਾ ਹੈ। ਭਜਨ ਦੇ ਬੋਲਾਂ ਤੇ ਸੰਗੀਤ ਦਾ ਸੁਮੇਲ ਸਰੋਤਿਆਂ ਨੂੰ ਰੂਹਾਨੀ ਸਕੂਨ ਦੇਣ ਵਾਲਾ ਹੈ। ਇਸ ਟਰੈਕ ਰਾਹੀਂ ਗੁਰੂ ਰਵਿਦਾਸ ਜੀ ਦੇ ਵਿਚਾਰਾਂ, ਸਮਾਜਿਕ ਬਰਾਬਰਤਾ, ਆਪਸੀ ਪਿਆਰ ਤੇ ਭਾਈਚਾਰਕ ਸਾਂਝ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਗਿਆ ਹੈ। ਰਜਿੰਦਰ ਸਨਮ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਨੌਜਵਾਨ ਪੀੜ੍ਹੀ ਨੂੰ ਧਾਰਮਿਕ ਤੇ ਸੱਭਿਆਚਾਰਕ ਵਿਰਸੇ ਨਾਲ ਜੋੜਨ ਲਈ ਅਜਿਹੇ ਉਪਰਾਲੇ ਬੇਹੱਦ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਧਾਰਮਿਕ ਗੀਤ ਸਿਰਫ਼ ਮਨੋਰੰਜਨ ਦਾ ਸਾਧਨ ਹੀ ਨਹੀਂ ਹੁੰਦੇ, ਸਗੋਂ ਇਹ ਮਨੁੱਖ ਨੂੰ ਚੰਗੇ ਵਿਚਾਰਾਂ, ਸੱਚਾਈ ਤੇ ਸੇਵਾ ਦੇ ਮਾਰਗ ਤੇ ਚੱਲਣ ਦੀ ਪ੍ਰੇਰਨਾ ਵੀ ਦਿੰਦੇ ਹਨ। ਇਸ ਮੌਕੇ ਉਨ੍ਹਾਂ ਗਾਇਕ ਮਨੀ ਜਨਾਗਲ, ਗੀਤਕਾਰ ਜੈਲਾ ਝੰਗੀ ਵਾਲਾ, ਸੰਗੀਤਕਾਰ ਕੁਲਦੀਪ ਬਸਣ, ਪ੍ਰੋਡਿਊਸਰ ਐੱਨਕੇ ਨਾਹਰ ਤੇ ਵੀਡੀਓ ਟੀਮ ਸਮੇਤ ਸਮੁੱਚੀ ਟੀਮ ਨੂੰ ਇਸ ਧਾਰਮਿਕ ਉਪਰਾਲੇ ਲਈ ਵਧਾਈ ਦਿੱਤੀ ਤੇ ਆਸ ਪ੍ਰਗਟਾਈ ਕਿ ਇਹ ਟਰੈਕ ਆਉਣ ਵਾਲੇ ਸਮੇਂ ਵਿੱਚ ਵੀ ਸਰੋਤਿਆਂ ਦੇ ਦਿਲਾਂ ਵਿੱਚ ਵਿਸ਼ੇਸ਼ ਥਾਂ ਬਣਾਏਗਾ।