- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਦੀਆਂ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਧਾਰਮਿਕ ਆਗੂ ਅੱਗੇ ਆਉਣ: ਜਸਟਿਸ ਅਫਰੋਜ਼ ਅਹਿਮਦ

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੀਆਂ ਛੋਟੀਆਂ ਨਦੀਆਂ ਨੂੰ ਬਚਾਉਣ ਦਾ ਦਿੱਤਾ ਸੱਦਾ
ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਦੀ 26ਵੀਂ ਵਰ੍ਹੇਗੰਢ ਮੌਕੇ ਕਰਵਾਈ ਗਈ ਵਾਤਾਵਰਣ ਕਾਨਫਰੰਸ
ਹਰ ਕੰਮ ਦਾ ਮਸ਼ੀਨੀਕਰਨ ਹੋਣ ਨਾਲ ਮਨੁੱਖ ਵੀ ਖੁਦ ਇਕ ਮਸ਼ੀਨ ਬਣ ਗਿਐ : ਬੀਬੀ ਇੰਦਰਜੀਤ ਕੌਰ
ਪਵਿੱਤਰ ਵੇਈਂ ਦੀ 26ਵੀ ਵਰ੍ਹੇਗੰਢ ਦੇ ਸਮਾਗਮਾਂ ਦੀ ਹੋਈ ਸ਼ੁਰੂਆਤ
ਕੁਲਬੀਰ ਸਿੰਘ ਮਿੰਟੂ, ਲਖਬੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਦੀ 26ਵੀਂ ਵਰ੍ਹੇਗੰਢ ਮੌਕੇ ਕਰਵਾਈ ਗਈ ਵਾਤਾਵਰਣ ਕਾਨਫਰੰਸ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਜਸਟਿਸ ਅਫਰੋਜ਼ ਅਹਿਮਦ ਨੇ ਕਿਹਾ ਕਿ ਦੇਸ਼ ਦੀਆਂ ਨਦੀਆਂ ਤੇ ਦਰਿਆਵਾਂ ਨੂੰ ਪ੍ਰਦੂਸ਼ਣ ਅਤੇ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਲਈ ਸਮਾਜ ਦੇ ਹਰ ਵਰਗ, ਖ਼ਾਸ ਕਰਕੇ ਧਾਰਮਿਕ ਆਗੂਆਂ ਨੂੰ ਅੱਗੇ ਆਉਣਾ ਪਵੇਗਾ। ਉਨ੍ਹਾਂ ਦੱਸਿਆ ਕਿ ਐੱਨਜੀਟੀ ਵੱਲੋਂ ਪੰਜਾਬ ਸਮੇਤ ਕਈ ਸੂਬਿਆਂ ਵਿੱਚ ਦਰਿਆਵਾਂ ਦੀ ਜ਼ਮੀਨ ਦੀ ਨਿਸ਼ਾਨਦੇਹੀ ਕਰ ਕੇ ਨਾਜਾਇਜ਼ ਕਬਜ਼ੇ ਹਟਾਉਣ ਦੇ ਆਦੇਸ਼ ਦਿੱਤੇ ਗਏ ਹਨ।
ਜਸਟਿਸ ਅਫਰੋਜ਼ ਅਹਿਮਦ ਨੇ ਦੱਸਿਆ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕੋਲ ਨਦੀਆਂ ਨਾਲ ਸੰਬੰਧਤ ਲਗਭਗ 12 ਹਜ਼ਾਰ ਮਾਮਲੇ ਵਿਚਾਰ ਅਧੀਨ ਹਨ। ਉਨ੍ਹਾਂ ਕਿਹਾ ਕਿ ਦੇਸ਼ ਭਰ ’ਚ ਨਦੀ ਬੇਸਿਨਾਂ ਅਤੇ ਤਲਾਬਾਂ ’ਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੁਦਰਤੀ ਜਲ ਸਰੋਤਾਂ ਦੀ ਰੱਖਿਆ ਲਈ ਅਦਾਲਤਾਂ ਵੀ ਗੰਭੀਰ ਹਨ। ਅਮਰੋਹਾ ਨਦੀ ਦੇ ਬੇਸਿਨ ’ਤੇ ਡਿਗਰੀ ਕਾਲਜ ਦੀ ਇਮਾਰਤ ਬਣਾ ਦਿੱਤੀ ਗਈ ਸੀ, ਉਸ ਨੂੰ ਢਹਾਉਣ ਦੇ ਹੁਕਮ ਦਿੱਤੇ ਗਏ ਹਨ। ਨੋਇਡਾ ਦੇ ਗੌਤਮ ਨਗਰ ਵਿਚ ਇਕ ਤਲਾਬ ’ਤੇ ਹੋਏ ਨਾਜ਼ਾਇਜ ਕਬਜ਼ੇ ਦਾ ਸੁਪਰੀਮ ਕੋਰਟ ਨੇ ਗੰਭੀਰ ਨੋਟਿਸ ਲਿਆ। ਅਧਿਕਾਰੀਆਂ ਨੂੰ ਇਸ ਤਲਾਬ ਤੋਂ ਨਜ਼ਾਇਜ ਕਬਜ਼ੇ ਹਟਾਉਣ ਲਈ ਤਿੰਨ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ, ਨਹੀਂ ਤਾਂ ਸਜ਼ਾ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਬੁੱਢੇ ਦਰਿਆ ਦੇ ਮਾਮਲੇ ਵਿਚ ਵੀ ਐੱਨਜੀਟੀ ਨੇ ਕਬਜ਼ਿਆਂ ਸਬੰਧੀ ਰਿਪੋਰਟ ਮੰਗੀ ਹੈ।
ਕਾਨਫਰੰਸ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਛੋਟੀਆਂ ਨਦੀਆਂ, ਚੋਆਂ ਅਤੇ ਜਲ ਸਰੋਤਾਂ ਦੀ ਸੰਭਾਲ ਲਈ ਲੋਕ ਲਹਿਰ ਖੜ੍ਹੀ ਕਰਨ। ਉਨ੍ਹਾਂ ਕਿਹਾ ਕਿ ਕਾਲੀ ਵੇਈਂ ਦੀ ਸਫ਼ਾਈ ਸਿਰਫ਼ ਇੱਕ ਮੁਹਿੰਮ ਨਹੀਂ, ਸਗੋਂ ਕੁਦਰਤ ਪ੍ਰਤੀ ਸਮਰਪਣ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਨਦੀ ਨੂੰ ਸਾਫ਼ ਕਰਨਾ ਮਹੱਤਵਪੂਰਨ ਸੀ, ਪਰ ਉਸ ਦੀ ਨਿਰੰਤਰ ਸਫ਼ਾਈ ਅਤੇ ਸੰਭਾਲ ਇਸ ਤੋਂ ਵੀ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਜਲਦੀ ਹੀ ਬੁੱਢਾ ਦਰਿਆ ਵੀ ਕਾਲੀ ਵੇਈਂ ਵਾਂਗ ਸਾਫ਼-ਸੁਥਰਾ ਵਗੇਗਾ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਪਾਣੀਆਂ ਦੀ ਸੰਭਾਲ ਬਾਰੇ ਦੱਸਦਿਆਂ ਕਿਹਾ ਕਿ ਸੰਤ ਸੀਚੇਵਾਲ ਨੇ ਬਿਨਾਂ ਕਿਸੇ ਵੱਡੇ ਬਜਟ ਜਾਂ ਸਰਕਾਰੀ ਯੋਜਨਾ ਦੇ ਸਿਰਫ਼ ਦ੍ਰਿੜ੍ਹ ਇਰਾਦੇ ਅਤੇ ਲੋਕ ਭਾਗੀਦਾਰੀ ਨਾਲ ਕਾਲੀ ਵੇਈਂ ਨੂੰ ਮੁੜ ਜੀਵੰਤ ਬਣਾਉਣ ਦਾ ਇਤਿਹਾਸਕ ਕੰਮ ਕੀਤਾ ਹੈ, ਜੋ ਪੂਰੇ ਦੇਸ਼ ਲਈ ਮਿਸਾਲ ਹੈ।
ਪਿੰਗਲਵਾੜਾ ਦੀ ਮੁਖੀ ਬੀਬੀ ਇੰਦਰਜੀਤ ਕੌਰ ਨੇ ਕਿਹਾ ਕਿ ਆਧੁਨਿਕ ਜੀਵਨ ਸ਼ੈਲੀ ਅਤੇ ਪਲਾਸਟਿਕ ਦੀ ਅੰਨ੍ਹੇਵਾਹ ਵਰਤੋਂ ਨੇ ਵਾਤਾਵਰਣ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਛੱਡਣ ਅਤੇ ਕੁਦਰਤ ਨਾਲ ਜੁੜਨ ਦਾ ਸੰਕਲਪ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹਰ ਕੰਮ ਦਾ ਮਸ਼ੀਨੀਕਰਨ ਹੋਣ ਨਾਲ ਮਨੁੱਖ ਵੀ ਖੁਦ ਇੱਕ ਮਸ਼ੀਨ ਬਣ ਗਿਆ ਹੈ।
ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਇਸਲਾਮ ਵਿੱਚ ਪਾਣੀ ਦੀ ਸੰਭਾਲ ਨੂੰ ਵਿਸ਼ੇਸ਼ ਮਹੱਤਤਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਮਾਜ ਸੇਵਾ ਲਈ ਸਮੇਂ ਦੀ ਸਹੀ ਵਰਤੋਂ ਕਰਨਾ ਹਰ ਇਨਸਾਨ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਸੰਤ ਸੀਚੇਵਾਲ ਵੱਲੋਂ ਕੀਤੇ ਵਾਤਾਵਰਣ ਸੰਭਾਲ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਜਿਹਨਾਂ ਵਲੋਂ ਬੁੱਢੇ ਦਰਿਆ ਦੀ ਕੀਤੀ ਗਈ ਸਫਾਈ ਕਾਰਨ ਅਗਸਤ 2025 ਵਿੱਚ ਲੁਧਿਆਣੇ ਵਿੱਚ ਹੜ੍ਹ ਨਹੀਂ ਆਏ। ਸੰਤ ਗੁਰਮੀਤ ਸਿੰਘ ਖੋਸਾ ਕੋਟਲਾ ਅਤੇ ਸੰਤ ਸੇਵਾ ਸਿੰਘ ਦੇ ਪ੍ਰਤੀਨਿਧ ਨੇ ਰੁੱਖਾਂ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਘੱਟੋ-ਘੱਟ 51 ਰੁੱਖ ਲਗਾਉਣ ਦਾ ਸੰਕਲਪ ਕਰਨਾ ਚਾਹੀਦਾ ਹੈ।
ਇਸ ਮੌਕੇ ਆਏ ਹੋਰ ਬੁਲਾਰਿਆਂ ਨੇ ਪਵਿੱਤਰ ਵੇਈਂ ਨੂੰ ਮੁੜ ਨਿਰਮਲ ਧਾਰਾ ਵਿੱਚ ਬਦਲਣ ਵਾਲੇ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਕੰਮਾਂ ਦੀ ਪ੍ਰੰਸ਼ਸ਼ਾ ਕੀਤੀ, ਜਿਹਨਾਂ ਨੇ ਲਈ 26 ਸਾਲ ਇਸ ਨਦੀਂ ਦੇ ਲੇਖੇ ਲਾਏ। ਜ਼ਿਕਰਯੋਗ ਹੈ ਕਿ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਦੀ 26ਵੀਂ ਵਰ੍ਹੇਗੰਢ ਮਨਾਉਣ ਲਈ ਕੀਤੇ ਜਾਣ ਵਾਲੇ ਸਮਾਗਮਾਂ ਦੀ ਸ਼ੁਰੂਆਤ ਵਾਤਾਵਰਣ ਕਾਨਫਰੰਸ ਨਾਲ ਹੋ ਗਈ ਹੈ।
ਸਮਾਗਮ ਦੇ ਅੰਤ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸਾਰੇ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਬਾਬਾ ਦੀਪਕ ਸਿੰਘ, ਸੰਤ ਬੱਗਾ ਸਿੰਘ, ਸੰਤ ਗੁਰਮੇਜ਼ ਸਿੰਘ, ਸੰਤ ਅਮਰੀਕ ਸਿੰਘ ਖੁਖਰੈਣ, ਐੱਸਡੀਐੱਮ ਜਸਜੀਤ ਸਿੰਘ, ਸੱਜਣ ਸਿੰਘ ਚੀਮਾ ਹਲਕਾ ਇੰਚਾਰਜ, ਬੇਗਮ ਸਦੀਆ ਯੈਸਮੀਨ, ਡਾ. ਅਸ਼ੀਸ਼ ਜੇਤਲੀ, ਡਾ. ਰੂਬਲ ਕਨੌਜੀਆ, ਡਾ. ਜਸਬੀਰ ਸਿੰਘ ਪਟਿਆਲਾ, ਐਡਵੋਕੇਟ ਬਲਬੀਰ ਸਿੰਘ ਬਿਲਿੰਗ, ਆਸਾ ਸਿੰਘ ਘੁੰਮਣ, ਅਮਰਿੰਦਰਜੀਤ ਸਿੰਘ, ਪਰਮਜੀਤ ਸਿੰਘ ਮਾਨਸਾ, ਬਲਬੀਰ ਸਿੰਘ, ਪ੍ਰੋ. ਕੁਲਵਿੰਦਰ ਸਿੰਘ, ਤਜਿੰਦਰ ਸਿੰਘ, ਗੁਰਵਿੰਦਰ ਸਿੰਘ, ਹਰਦੇਵ ਸਿੰਘ, ਬੂਟਾ ਸਿੰਘ, ਜੋਗਾ ਸਿੰਘ, ਗੁਰਦੇਵ ਸਿੰਘ, ਗੁਰਵਿੰਦਰ ਕੌਰ, ਜਸਵੰਤ ਸਿੰਘ, ਇਲਾਕੇ ਦੇ ਪੰਚ-ਸਰਪੰਚ, ਕੌਂਸਲਰ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।