ਖੁਖਰੈਣ ਵਿਖੇ ਸੰਗਰਾਂਦ ਮੌਕੇ ਧਾਰਮਿਕ ਸਮਾਗਮ ਕਰਵਾਇਆ ਡੇਰਾ ਬਾਬਾ ਭਾਈ ਹਰਜੀ ਸਾਹਿਬ ਖੁਖਰੈਣ ਵਿਖੇ ਸੰਗਰਾਂਦ ਮੌਕੇ ਧਾਰਮਿਕ ਸਮਾਗਮ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ
Publish Date: Sat, 17 Oct 2026 07:30 PM (IST)
Updated Date: Sat, 17 Oct 2026 07:33 PM (IST)
--ਕਵੀਸ਼ਰ, ਕੀਰਤਨੀ ਤੇ ਢਾਡੀ ਜਥਿਆਂ ਨੇ ਗੁਰਬਾਣੀ ਕੀਰਤਨ ਤੇ ਗੁਰ ਇਤਿਹਾਸ ਨਾਲ ਜੋੜਿਆ ਕੁਲਵਿੰਦਰ ਸਿੰਘ ਲਾਡੀ, ਪੰਜਾਬੀ ਜਾਗਰਣ ਫੱਤੂਢੀਂਗਾ : ਡੇਰਾ ਬਾਬਾ ਭਾਈ ਹਰਜੀ ਸਾਹਿਬ ਖੁਖਰੈਣ ਵਿਖੇ ਸਰਬੱਤ ਦੇ ਭਲੇ ਤੇ ਕੱਤਕ ਦੀ ਸੰਗਰਾਂਦ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਦੋ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸ਼ਰਧਾ ਤੇ ਸਤਿਕਾਰ ਨਾਲ ਪਾਏ ਗਏ। ਇਸ ਮੌਕੇ ਸਮੂਹ ਸੰਗਤ ਵੱਲੋਂ ਸਰਬੱਤ ਦੇ ਭਲੇ, ਸੁੱਖ-ਸ਼ਾਂਤੀ, ਆਪਸੀ ਭਾਈਚਾਰੇ ਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਧਾਰਮਿਕ ਸਮਾਗਮ ਦੌਰਾਨ ਸੰਗਤਾਂ ਨੇ ਗੁਰੂ ਘਰ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਤੇ ਗੁਰ ਇਤਿਹਾਸ ਦਾ ਆਨੰਦ ਮਾਣਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤ ਬਾਬਾ ਅਮਰੀਕ ਸਿੰਘ ਜੀ ਨੇ ਦੱਸਿਆ ਕਿ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਦੀਆਂ ਧਾਰਮਿਕ ਰਸਮਾਂ ਸਵੇਰੇ 9 ਵਜੇ ਆਰੰਭ ਹੋਈਆਂ ਤੇ 10 ਵਜੇ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਹੁਕਮਨਾਮਾ ਲਿਆ ਗਿਆ। ਇਸ ਤੋਂ ਬਾਅਦ ਧਾਰਮਿਕ ਦੀਵਾਨ ਸਜਾਏ ਗਏ, ਜਿਨ੍ਹਾਂ ਵਿੱਚ ਵੱਖ-ਵੱਖ ਧਾਰਮਿਕ ਜਥਿਆਂ ਨੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਕਵੀਸ਼ਰ ਜਥਾ ਭਾਈ ਗੁਰਦਿਆਲ ਸਿੰਘ ਢਿੱਲਵਾਂ ਵਾਲਿਆਂ, ਭਾਈ ਕਰਮ ਸਿੰਘ ਨੂਰਪੁਰੀ ਦੇ ਕੀਰਤਨੀ ਜਥੇ ਤੇ ਢਾਡੀ ਜਥਾ ਗਿਆਨੀ ਰਾਜਵਿੰਦਰ ਸਿੰਘ ਖਾਲਸਾ ਤੇ ਸਾਥੀਆਂ ਨੇ ਗੁਰਬਾਣੀ ਕੀਰਤਨ ਤੇ ਵਾਰਾਂ ਰਾਹੀਂ ਗੁਰੂ ਸਾਹਿਬਾਨ ਦੇ ਇਤਿਹਾਸ ਦੀ ਸਾਂਝ ਪਾਈ। ਇਸੇ ਤਰ੍ਹਾਂ ਧਰਮ ਪ੍ਰਚਾਰ ਕਮੇਟੀ ਵੱਲੋਂ ਕਥਾ ਵਾਚਕ ਭਾਈ ਪ੍ਰਭਜੋਤ ਸਿੰਘ ਨੇ ਕੱਤਕ ਦੀ ਸੰਗਰਾਂਦ ਦੇ ਮਹੱਤਵ ਬਾਰੇ ਚਾਨਣਾ ਪਾਉਂਦਿਆਂ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਨਾਲ ਜੋੜਿਆ। ਇਸ ਮੌਕੇ ਸਵੇਰ ਤੋਂ ਹੀ ਚਾਹ ਪਕੌੜਿਆਂ ਦਾ ਲੰਗਰ ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ।