ਪੰਜਾਬ ’ਚ ਧਰਮ ਪਰਿਵਰਤਨ ਨੂੰ ਪਵੇਗੀ ਠੱਲ : ਠੇਕੇਦਾਰ
ਧਰਮ ਪਰਿਵਰਤਨ ਨੂੰ ਪਵੇਗੀ ਠੱਲ,ਠੇਕੇਦਾਰ ਬਲਜਿੰਦਰ ਸਿੰਘ
Publish Date: Thu, 26 Mar 2026 07:39 PM (IST)
Updated Date: Thu, 26 Mar 2026 07:41 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਧਰਮ ਪਰਿਵਰਤਨ ਪੰਜਾਬ ਦੀ ਨਹੀਂ ਸਗੋਂ ਸਾਰੇ ਦੇਸ਼ ਅੰਦਰ ਇਕ ਵੱਡੀ ਸਮੱਸਿਆ ਬਣੀ ਹੋਈ ਹੈ, ਜਿਸ ’ਤੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਆਏ ਫੈਸਲੇ ਦਾ ਸਵਾਗਤ ਕਰਦਿਆਂ ••ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਬਲਜਿੰਦਰ ਸਿੰਘ ਠੇਕੇਦਾਰ ਨੇ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਆਏ ਤਾਜ਼ਾ ਫੈਸਲੇ ਨਾਲ ਧਰਮ ਪਰਿਵਰਤਨ ਕਰਨ ਵਾਲਿਆਂ ਨੂੰ ਠੱਲ ਪਵੇਗੀ। ਠੇਕੇਦਾਰ ਬਲਜਿੰਦਰ ਸਿੰਘ ਨੇ ਕਿਹਾ ਕਿ ਇਹ ਫੈਸਲਾ ਸਮਾਜ ਨੂੰ ਇਕ ਮਹੱਤਵਪੂਰਨ ਸੰਦੇਸ਼ ਦੇਣ ਵਾਲਾ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਇਸ ਫੈਸਲੇ ਅਨੁਸਾਰ ਜੇ ਕੋਈ ਵਿਅਕਤੀ ਧਰਮ ਪਰਿਵਰਤਨ ਕਰਦਾ ਹੈ ਤਾਂ ਉਸ ਦਾ ਐੱਸਸੀ/ਐੱਸਟੀ ਦਰਜਾ ਖਤਮ ਹੋ ਜਾਵੇਗਾ ਤੇ ਇਸ ਨਾਲ ਸਬੰਧਤ ਸਾਰੇ ਲਾਭ ਵੀ ਬੰਦ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਹੁਣ ਹਿੰਦੂ, ਸਿੱਖ ਤੇ ਬੋਧ ਧਰਮਾਂ ਵਿਚ ਹੀ ਇਹ ਦਰਜਾ ਲਾਗੂ ਰਹੇਗਾ, ਜਿਸ ਨਾਲ ਧਰਮ ਪਰਿਵਰਤਨ ਦੇ ਰੁਝਾਨ ਨੂੰ ਰੋਕਣ ਵਿਚ ਮਦਦ ਮਿਲੇਗੀ। ਬਲਜਿੰਦਰ ਸਿੰਘ ਨੇ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਦਾ ਇਹ ਫੈਸਲਾ ਬਹੁਤ ਹੀ ਸ਼ਲਾਘਾਯੋਗ ਹੈ ਤੇ ਇਸ ਨਾਲ ਸਮਾਜ ਵਿਚ ਸਹੀ ਦਿਸ਼ਾ ਵਿਚ ਬਦਲਾਅ ਆਵੇਗਾ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਗਲਤ ਤਰੀਕਿਆਂ ਨਾਲ ਹੋ ਰਹੇ ਧਰਮ ਪਰਿਵਰਤਨ ’ਤੇ ਵੀ ਰੋਕ ਲੱਗੇਗੀ ਤੇ ਸਮਾਜਿਕ ਸੰਤੁਲਨ ਬਣਿਆ ਰਹੇਗਾ। ਉਨ੍ਹਾਂ ਆਖਿਰ ਵਿਚ ਕਿਹਾ ਕਿ ਉਹ ਇਸ ਇਤਿਹਾਸਕ ਫੈਸਲੇ ਲਈ ਮਾਨਯੋਗ ਸੁਪਰੀਮ ਕੋਰਟ ਦਾ ਧੰਨਵਾਦ ਕਰਦੇ ਹਨ ਤੇ ਆਸ ਕਰਦੇ ਹਨ ਕਿ ਇਸ ਨਾਲ ਦੇਸ਼ ਵਿਚ ਕਾਨੂੰਨ ਦੀ ਪਾਲਣਾ ਹੋਰ ਮਜ਼ਬੂਤ ਹੋਵੇਗੀ।