- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੰਟਰਲਾਕ ਟਾਈਲਾਂ ਦੀ ਬਰਾਮਦਗੀ ਨੇ ਸੁਲਤਾਨਪੁਰ ਲੋਧੀ ਦੀ ਸਿਆਸਤ ’ਚ ਮਚਾਈ ਹਲਚਲ, ਨਗਰ ਕੌਂਸਲ ਪ੍ਰਧਾਨ ਨੇ ਦਿੱਤਾ ਜਾਂਚ ਦਾ ਭਰੋਸਾ

ਆਪ' ਵੱਲੋਂ ਲਗਾਏ ਮਿਲੀਭੁਗਤ ਦੇ ਦੋਸ਼ ਨਕਾਰੇ, ਨਗਰ ਕੌਂਸਲ ਪ੍ਰਧਾਨ ਨੇ ਦਿੱਤਾ ਜਾਂਚ ਦਾ ਭਰੋਸਾ
ਈਓ ਨੂੰ ਲਿਖਤੀ ਪੱਤਰ ਸੌਂਪ ਕੇ ਜਾਂਚ ਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਸ਼ਹਿਰ ਦੀਆਂ ਸੜਕਾਂ ਤੋਂ ਉਖਾੜੀਆਂ ਗਈਆਂ ਸਰਕਾਰੀ ਇੰਟਰਲਾਕ ਟਾਈਲਾਂ ਦੀ ਗਾਜ਼ੀਪੁਰ ਰੋਡ ਤੋਂ ਬਰਾਮਦਗੀ ਦਾ ਮਾਮਲਾ ਹੁਣ ਸਿਆਸੀ ਵਿਵਾਦ ਦਾ ਰੂਪ ਧਾਰਨ ਕਰ ਗਿਆ ਹੈ। ਟਾਈਲਾਂ ਦੀ ਖੇਪ ਮਿਲਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੱਲੋਂ ਨਗਰ ਕੌਂਸਲ ਦੀ ਕਾਰਜਪ੍ਰਣਾਲੀ ’ਤੇ ਸਵਾਲ ਖੜ੍ਹੇ ਕਰਦਿਆਂ ਕਥਿਤ ਮਿਲੀਭੁਗਤ ਦੇ ਦੋਸ਼ ਲਗਾਏ ਗਏ ਸਨ। ਇਸ ਮਾਮਲੇ ਨੂੰ ਲੈ ਕੇ ਵਧ ਰਹੀ ਸਿਆਸੀ ਹਲਚਲ ਦਰਮਿਆਨ ਨਗਰ ਕੌਂਸਲ ਪ੍ਰਧਾਨ ਸੰਦੀਪ ਕੌਰ ਚੀਮਾ ਨੇ ਪ੍ਰੈੱਸ ਕਾਨਫਰੰਸ ਕਰਕੇ ਆਪਣਾ ਪੱਖ ਰੱਖਿਆ ਤੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ। ਪ੍ਰਧਾਨ ਸੰਦੀਪ ਕੌਰ ਚੀਮਾ ਨੇ 'ਆਪ' ਆਗੂਆਂ ਵੱਲੋਂ ਲਗਾਏ ਗਏ ਮਿਲੀਭੁਗਤ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਨਗਰ ਕੌਂਸਲ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਾਰਜਸਾਧਕ ਅਫ਼ਸਰ (ਈਓ) ਨੂੰ ਲਿਖਤੀ ਪੱਤਰ ਸੌਂਪਿਆ ਗਿਆ ਹੈ, ਜਿਸ ਰਾਹੀਂ ਪੂਰੇ ਮਾਮਲੇ ਦੀ ਜਾਂਚ ਕਰਵਾਉਣ ਤੇ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਜੇਕਰ ਕਿਸੇ ਵੀ ਅਧਿਕਾਰੀ ਜਾਂ ਵਿਅਕਤੀ ਦੀ ਗਲਤੀ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ ਤੇ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਮੋਗਲਾ, ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ, ਸਾਬਕਾ ਚੇਅਰਮੈਨ ਤੇਜਵੰਤ ਸਿੰਘ, ਕੌਂਸਲਰ ਪਵਨ ਕਨੌਜੀਆ, ਕੌਂਸਲਰ ਕਸ਼ਮੀਰ ਸਿੰਘ, ਸੰਦੀਪ ਕੁਮਾਰ ਸੋਨੂੰ ਪੰਡਿਤ, ਸਨਪ੍ਰੀਤ ਸਿੰਘ ਆਦਿ ਮੌਜੂਦ ਸਨ।
6 ਰੁਪਏ ਪ੍ਰਤੀ ਟਾਈਲ ਖਰੀਦਣ ਦੇ ਦਾਅਵੇ ਨੇ ਮਾਮਲੇ ਨੂੰ ਦਿੱਤਾ ਨਵਾਂ ਮੋੜ
ਇਸ ਪੂਰੇ ਵਿਵਾਦ ਵਿੱਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਬਰਾਮਦ ਹੋਈਆਂ ਇੰਟਰਲਾਕ ਟਾਈਲਾਂ ਖਰੀਦਣ ਵਾਲਾ ਵਿਅਕਤੀ ਵੀ ਮੀਡੀਆ ਸਾਹਮਣੇ ਆ ਗਿਆ। ਉਸ ਨੇ ਦਾਅਵਾ ਕੀਤਾ ਕਿ ਉਸ ਨੇ ਇਹ ਟਾਈਲਾਂ 6 ਰੁਪਏ ਪ੍ਰਤੀ ਪੀਸ ਦੇ ਹਿਸਾਬ ਨਾਲ ਖਰੀਦੀਆਂ ਹਨ। ਖਰੀਦਦਾਰ ਦੇ ਇਸ ਬਿਆਨ ਤੋਂ ਬਾਅਦ ਮਾਮਲਾ ਹੋਰ ਵੀ ਗੰਭੀਰ ਹੋ ਗਿਆ ਹੈ ਤੇ ਹੁਣ ਸਭ ਤੋਂ ਵੱਡਾ ਸਵਾਲ ਇਹ ਖੜ੍ਹਾ ਹੋ ਰਿਹਾ ਹੈ ਕਿ ਸ਼ਹਿਰ ਦੀਆਂ ਸੜਕਾਂ ਤੋਂ ਉਖਾੜੀਆਂ ਗਈਆਂ ਇਨ੍ਹਾਂ ਟਾਈਲਾਂ ਨੂੰ ਵੇਚਣ ਦਾ ਫ਼ੈਸਲਾ ਕਿਸ ਪੱਧਰ ’ਤੇ ਲਿਆ ਗਿਆ ਸੀ?
ਕੀ ਟਾਈਲਾਂ ਦੀ ਵਿਕਰੀ ਲਈ ਨਗਰ ਕੌਂਸਲ ਵੱਲੋਂ ਕੋਈ ਅਧਿਕਾਰਤ ਮਨਜ਼ੂਰੀ ਦਿੱਤੀ ਗਈ ਸੀ? ਕੀ ਇਸ ਸਬੰਧੀ ਸਰਕਾਰੀ ਨਿਯਮਾਂ ਤੇ ਨਿਰਧਾਰਤ ਪ੍ਰਕਿਰਿਆ ਦੀ ਪਾਲਣਾ ਕੀਤੀ ਗਈ ਸੀ? ਜੇਕਰ ਟਾਈਲਾਂ ਦੀ ਵਿਕਰੀ ਅਧਿਕਾਰਤ ਤੌਰ ’ਤੇ ਹੋਈ ਸੀ ਤਾਂ ਇਸ ਦਾ ਰਿਕਾਰਡ ਤੇ ਵਿਕਰੀ ਸਬੰਧੀ ਦਸਤਾਵੇਜ਼ ਕਿੱਥੇ ਹਨ? ਇਹ ਅਜਿਹੇ ਸਵਾਲ ਹਨ, ਜਿਨ੍ਹਾਂ ਦੇ ਜਵਾਬ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕਣਗੇ।