95 ਸਾਲ ਪੁਰਾਣੀ ਰਾਮਲੀਲਾ ਲਈ ਸਟੇਜ ਦੀ ਮੁੜ ਉਸਾਰੀ ਸ਼ੁਰੂ ਕਪੂਰਥਲਾ ਦੀ 95 ਸਾਲ ਪੁਰਾਣੀ ਰਾਮਲੀਲਾ ਲਈ ਸ਼ਾਲੀਮਾਰ ਬਾਗ ਵਿਖੇ ਸਟੇਜ ਦੀ ਮੁੜ ਉਸਾਰੀ ਸ਼ੁਰੂ
Publish Date: Sat, 19 Sep 2026 07:11 PM (IST)
Updated Date: Sat, 19 Sep 2026 07:14 PM (IST)
ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਦੀ ਧਾਰਮਿਕ ਤੇ ਸੱਭਿਆਚਾਰਕ ਵਿਰਾਸਤ ਨਾਲ ਜੁੜੀ ਕਰੀਬ 95 ਸਾਲ ਪੁਰਾਣੀ ਭਗਵਾਨ ਸ਼੍ਰੀ ਰਾਮ ਜੀ ਦੀ ਰਾਮਲੀਲਾ ਲਈ ਸ਼ਾਲੀਮਾਰ ਬਾਗ ਵਿਖੇ ਸਟੇਜ ਦੀ ਮੁੜ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ। ਰਾਮ ਲੀਲਾ ਕਮੇਟੀ ਵੱਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਇਸ ਮੰਗ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਤੇ ਸ਼ਹਿਰ ਦੇ ਲੋਕਾਂ ਵੱਲੋਂ ਇਕਜੁੱਟਤਾ ਨਾਲ ਸਮਰਥਨ ਦਿੱਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਚੰਦੀ ਤੇ ਮੇਅਰ ਨਰਿੰਦਰ ਸਿੰਘ ਮੰਨਸੂ ਦੀ ਮਿਹਨਤ ਸਦਕਾ ਨਗਰ ਨਿਗਮ ਵੱਲੋਂ ਸਟੇਜ ਦੇ ਕੰਮ ਨੂੰ ਸੰਪੂਰਨ ਕਰਵਾਇਆ ਗਿਆ। ਇਸ ਉਪਰੰਤ ਰਾਮਲੀਲਾ ਕਮੇਟੀ ਵੱਲੋਂ ਸਟੇਜ ਦਾ ਉਦਘਾਟਨ ਕੀਤਾ ਗਿਆ। ਇਸ ਸਟੇਜ ਦੇ ਮੁੜ ਨਿਰਮਾਣ ਨਾਲ ਰਾਮਲੀਲਾ ਕਮੇਟੀ ਤੇ ਸ਼ਹਿਰ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਇਹ ਸਟੇਜ ਕਪੂਰਥਲਾ ਦੀਆਂ ਪੁਰਾਤਨ ਧਾਰਮਿਕ ਪਰੰਪਰਾਵਾਂ, ਸੱਭਿਆਚਾਰਕ ਵਿਰਾਸਤ ਤੇ ਆਪਸੀ ਭਾਈਚਾਰੇ ਦੀ ਇੱਕ ਮਹੱਤਵਪੂਰਨ ਨਿਸ਼ਾਨੀ ਹੈ। ਭਗਵਾਨ ਸ਼੍ਰੀ ਰਾਮ ਜੀ ਦੀ ਰਾਮਲੀਲਾ 10 ਅਕਤੂਬਰ 2026 ਤੋਂ ਸ਼ਾਲੀਮਾਰ ਬਾਗ ਵਿਖੇ ਸ਼ੁਰੂ ਹੋਵੇਗੀ। ਰਾਮਲੀਲਾ ਕਮੇਟੀ ਵੱਲੋਂ ਸ਼ਹਿਰ ਵਾਸੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਧਾਰਮਿਕ ਸਮਾਗਮਾਂ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ। ਇਸ ਮੌਕੇ ਰਾਮਲੀਲਾ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਨਗਰ ਨਿਗਮ, ਸਮੂਹ ਸਹਿਯੋਗੀਆਂ ਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੇ ਸਹਿਯੋਗ ਨਾਲ ਇਸ ਇਤਿਹਾਸਕ ਰਾਮਲੀਲਾ ਲਈ ਸਟੇਜ ਦੀ ਮੁੜ ਉਸਾਰੀ ਸੰਭਵ ਹੋਈ। ਇਸ ਮੌਕੇ ਆਪ ਆਗੂ ਕਰਨ ਮਹਾਜਨ, ਸਾਬਕਾ ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ, ਯੂਥ ਆਗੂ ਕਨਵ ਪਾਸੀ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ।